INDw vs AUSw 1st T20i : ਭਾਰਤ ਨੇ 9 ਵਿਕਟਾਂ ਨਾਲ ਜਿੱਤਿਆ ਮੁਕਾਬਲਾ, ਲੜੀ 'ਚ ਹਾਸਲ ਕੀਤੀ 1-0 ਦੀ ਬੜ੍ਹਤ

Saturday, Jan 06, 2024 - 03:48 AM (IST)

INDw vs AUSw 1st T20i : ਭਾਰਤ ਨੇ 9 ਵਿਕਟਾਂ ਨਾਲ ਜਿੱਤਿਆ ਮੁਕਾਬਲਾ, ਲੜੀ 'ਚ ਹਾਸਲ ਕੀਤੀ 1-0 ਦੀ ਬੜ੍ਹਤ

ਸਪੋਰਟਸ ਡੈਸਕ- ਭਾਰਤੀ ਮਹਿਲਾ ਟੀਮ ਨੇ ਟਿਟਾਸ ਸਾਧੂ (17 ਦੌੜਾਂ ’ਤੇ 4 ਵਿਕਟਾਂ) ਦੇ ਕਰੀਅਰ ਦੇ ਸਰਵਸ੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (54) ਤੇ ਸ਼ੈਫਾਲੀ ਵਰਮਾ (ਅਜੇਤੂ 64) ਵਿਚਾਲੇ ਪਹਿਲੀ ਵਿਕਟ ਲਈ 137 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਸ਼ੁੱਕਰਵਾਰ ਨੂੰ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ। 

ਟਿਟਾਸ ਸਾਧੂ ਦੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਆਸਟ੍ਰੇਲੀਆ ਨੂੰ 19.2 ਓਵਰਾਂ ਵਿਚ 141 ਦੌੜਾਂ ’ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਮੰਧਾਨਾ ਤੇ ਸ਼ੈਫਾਲੀ ਦੇ ਅਰਧ ਸੈਂਕੜਿਆਂ ਨਾਲ 17.4 ਓਵਰਾਂ ਵਿਚ 1 ਵਿਕਟ ’ਤੇ 145 ਦੌੜਾਂ ਬਣਾ ਕੇ 9 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਇਹ ਵਿਕਟਾਂ ਦੇ ਲਿਹਾਜ਼ ਨਾਲ ਭਾਰਤ ਦੀ ਆਸਟ੍ਰੇਲੀਆ ’ਤੇ ਸਭ ਤੋਂ ਵੱਡੀ ਜਿੱਤ ਹੈ।

ਇਹ ਵੀ ਪੜ੍ਹੋ- ਭਾਰਤੀ ਟੀਮ ਨੇ ਰਚਿਆ ਇਤਿਹਾਸ, ਟੈਸਟ ਕ੍ਰਿਕਟ 'ਚ ਇਹ ਸਭ ਤੋਂ ਵੱਡਾ ਰਿਕਾਰਡ ਕੀਤਾ ਆਪਣੇ ਨਾਂ

ਸ਼ੈਫਾਲੀ ਆਸਟਰੇਲੀਆ ਖ਼ਿਲਾਫ਼ ਪਿਛਲੇ ਦੋ ਵਨ ਡੇ ਵਿਚ ਨਹੀਂ ਖੇਡ ਸਕੀ ਸੀ। ਉਸ ਨੇ 44 ਗੇਂਦਾਂ ਵਿਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 64 ਦੌੜਾਂ ਬਣਾ ਕੇ ਟੀ-20 ਵਿਚ ਆਪਣਾ 5ਵਾਂ ਅਰਧ ਸੈਂਕੜਾ ਲਾਇਆ। ਮੰਧਾਨਾ ਵੀ ਸ਼ਾਨਦਾਰ ਲੈਅ ਵਿਚ ਦਿਸੀ। ਉਸ ਨੇ 52 ਗੇਂਦਾਂ ਦੀ ਪਾਰੀ ਵਿਚ 7 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਆਪਣਾ 27ਵਾਂ ਅਰਧ ਸੈਂਕੜਾ ਤੇ ਆਸਟ੍ਰੇਲੀਆ ਖ਼ਿਲਾਫ਼ 7ਵਾਂ ਅਰਧ ਸੈਂਕੜਾ ਬਣਾਇਆ। ਸ਼ੈਫਾਲੀ ਤੇ ਮੰਧਾਨਾ ਵਿਚਾਲੇ ਪਹਿਲੀ ਵਿਕਟ ਲਈ 137 ਦੌੜਾਂ ਦੀ ਸਾਂਝੇਦਾਰੀ ਭਾਰਤ ਦੀ ਦੂਜੀ ਸਰਵਸ੍ਰੇਸ਼ਠ ਸਲਾਮੀ ਸਾਂਝੇਦਾਰੀ ਹੈ। ਆਸਟ੍ਰੇਲੀਅਨ ਟੀਮ ਨੇ ਇਹ ਸਾਂਝੇਦਾਰੀ ਤਦ ਤੋੜੀ ਜਦੋਂ ਭਾਰਤੀ ਟੀਮ ਜਿੱਤ ਦੇ ਨੇੜੇ ਪਹੁੰਚ ਗਈ ਸੀ।

ਆਸਟ੍ਰੇਲੀਆ ਖ਼ਿਲਾਫ਼ ਸਾਧੂ ਦਾ ਇਹ ਪ੍ਰਦਰਸ਼ਨ ਕਿਸੇ ਵੀ ਭਾਰਤੀ ਗੇਂਦਬਾਜ਼ ਦਾ ਦੂਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਝੂਲਨ ਗੋਸਵਾਮੀ ਨੇ ਆਸਟ੍ਰੇਲੀਆ ਖ਼ਿਲਾਫ਼ 11 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਇਸ ਤੋਂ ਪਹਿਲਾਂ ਸਾਧੂ ਤੋਂ ਇਲਾਵਾ ਦੀਪਤੀ ਸ਼ਰਮਾ ਨੇ 24 ਦੌੜਾਂ ਦੇ ਕੇ 2 ਤੇ ਸ਼੍ਰੇਯੰਕਾ ਪਾਟਿਲ ਨੇ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਸਾਧੂ ਦੇ ਸ਼ੁਰੂਆਤੀ ਤਿੰਨ ਵਿਕਟਾਂ ਲੈਣ ਤੋਂ ਬਾਅਦ ਫੋਬੇ ਲਿਚਫੀਲਡ (49 ਦੌੜਾਂ) ਤੇ ਐਲਿਸਾ ਪੈਰੀ (37) ਨੇ 5ਵੀਂ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕਰ ਕੇ ਆਸਟ੍ਰੇਲੀਆ ਨੂੰ ਇਸ ਸਕੋਰ ਤਕ ਪੁਹੰਚਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News