INDvsAUS : ਭਾਰਤ ਨੇ ਆਸਟ੍ਰੇਲੀਆ ਅੱਗੇ ਜਿੱਤ ਲਈ ਰੱਖਿਆ 161 ਦੌੜਾਂ ਦਾ ਟੀਚਾ

Sunday, Dec 03, 2023 - 08:47 PM (IST)

ਸਪੋਰਟਸ ਡੈਸਕ- ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਲੜੀ ਦਾ 5ਵਾਂ ਤੇ ਆਖ਼ਰੀ ਮੈਚ ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਦੀਆਂ ਨਜ਼ਰਾਂ ਜਿੱਥੇ ਜਿੱਤ ਨਾਲ ਲੜੀ ਖ਼ਤਮ ਕਰਨ 'ਤੇ ਹੋਣਗੀਆਂ, ਉੱਥੇ ਹੀ ਭਾਰਤੀ ਟੀਮ ਆਸਟ੍ਰੇਲੀਆ ਖ਼ਿਲਾਫ਼ ਲੜੀ ਦੇ 4 ਮੈਚ ਜਿੱਤਣ ਦਾ ਰਿਕਾਰਡ ਬਣਾਉਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ।

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਲੜੀ ਦੇ ਪਿਛਲੇ ਮੈਚ 'ਚ ਵੀ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 174 ਦੌੜਾਂ ਬਣਾਈਆਂ ਸਨ ਤੇ ਅਕਸ਼ਰ ਪਟੇਲ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ 20 ਦੌੜਾਂ ਨਾਲ ਹਰਾਇਆ ਸੀ। ਭਾਰਤੀ ਓਪਨਰ ਰੁਤੂਰਾਜ ਗਾਇਕਵਾੜ ਅਤੇ ਯਸ਼ਸਵੀ ਜਾਇਸਵਾਲ ਭਾਰਤ ਲਈ ਜਿੱਤ ਦੀ ਨੀਂਹ ਰੱਖਣ ਕ੍ਰੀਜ਼ 'ਤੇ ਆਏ। ਜਾਇਸਵਾਲ ਕੁਝ ਵਧੀਆ ਸ਼ਾਟ ਖੇਡ ਕੇ 21 ਦੌੜਾਂ ਬਣਾ ਕੇ ਆਊਟ ਹੋ ਗਿਆ। ਗਾਇਕਵਾੜ ਵੀ ਜਲਦੀ ਹੀ 10 ਦੌੜਾਂ ਬਣਾ ਕੇ ਡਵਾਰਸ਼ੁਇਸ਼ ਦੀ ਗੇਂਦ 'ਤੇ ਆਊਟ ਹੋ ਗਿਆ। 

ਕਪਤਾਨ ਸੂਰਿਆਕੁਮਾਰ ਯਾਦਵ ਤੇ ਰਿੰਕੂ ਸਿੰਘ ਵੀ ਕੁਝ ਖ਼ਾਸ ਨਹੀਂ ਕਰ ਸਕੇ ਤੇ ਸਸਤੇ 'ਚ ਪੈਵੇਲੀਅਨ ਪਰਤ ਗਏ। ਜਿਤੇਸ਼ ਸ਼ਰਮਾ ਨੇ 24 ਅਤੇ ਅਕਸ਼ਰ ਪਟੇਲ ਨੇ 31 ਦੌੜਾਂ ਦੀਆਂ ਉਪਯੋਗੀ ਪਾਰੀਆਂ ਖੇਡੀਆਂ। ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਸ਼੍ਰੇਅਸ ਅਈਅਰ ਨੇ ਬਣਾਈਆਂ। ਅਈਅਰ ਨੇ 37 ਗੇਂਦਾਂ 'ਚ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਤੇ 53 ਦੌੜਾਂ ਬਣਾਈਆਂ। ਆਪਣੀ ਪਾਰੀ 'ਚ ਉਸ ਨੇ 5 ਚੌਕੇ ਤੇ 2 ਛੱਕੇ ਲਗਾਏ। ਇਨਾਂ ਉਪਯੋਗੀ ਪਾਰੀਆਂ ਦੀ ਬਦੌਲਤ ਭਾਰਤ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 161 ਦੌੜਾਂ ਦਾ ਟੀਚਾ ਦਿੱਤਾ। 


Harpreet SIngh

Content Editor

Related News