ਸੋਨਾ ਤੇ ਵਿਸ਼ਵ ਚੈਂਪੀਅਨਸ਼ਿਪ ਟਿਕਟ ਲਈ ਉਤਰਨਗੇ ਭਾਰਤੀ

07/06/2017 12:43:55 AM

ਭੁਵਨੇਸ਼ਵਰ— ਫਰਾਟਾ ਦੌੜਾਕ ਦੂਤੀ ਚੰਦ ਦੇ ਫਿਰ ਤੋਂ ਜੈਂਡਰ ਟੈਸਟ ਕਰਾਉਣ ਨੂੰ ਲੈ ਕੇ ਉੱਠੇ ਵਿਵਾਦ ਦੇ ਵਿਚਾਲੇ ਭਾਰਤੀ ਐਥਲੀਟ ਵੀਰਵਾਰ ਤੋਂ ਇੱਥੇ ਕਲਿੰਗਾ ਸਟੇਡੀਅਮ ਵਿਚ ਹੋਣ ਵਾਲੀ 22ਵੀਂ ਏਸ਼ੀਆਈ ਚੈਂਪੀਅਨਸ਼ਿਪ ਵਿਚ ਸੋਨ ਤਮਗ ਜਿੱਤਣ ਤੇ ਅਗਸਤ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਟਿਕਟ ਕਟਾਉਣ ਦੇ ਟੀਚੇ ਨਾਲ ਉਤਰਨਗੇ।
ਚੈਂਪੀਅਨਸ਼ਿਪ ਵਿਚ 45 ਦੇਸ਼ਾਂ ਦੇ ਲਗਭਗ 1000 ਐਥਲੀਟ ਹਿੱਸਾ ਲੈ ਰਹੇ ਹਨ। ਮੇਜ਼ਬਾਨ ਭਾਰਤ ਇਸ ਚੈਂਪੀਅਨਸ਼ਿਪ ਵਿਚ ਆਪਣਾ 95 ਮੈਂਬਰੀ ਦਲ ਉਤਾਰ ਰਿਹਾ ਹੈ, ਜਿਸ ਵਿਚ 48 ਪੁਰਸ਼ ਤੇ 47 ਮਹਿਲਾ ਐਥਲੀਟ ਸ਼ਾਮਲ ਹਨ। ਭਾਰਤ ਨੇ ਚੀਨ ਦੇ ਵੁਹਾਨ ਵਿਚ ਹੋਈ ਪਿਛਲੀ ਚੈਂਪੀਅਨਸ਼ਿਪ 'ਚ 13 ਤਮਗੇ ਜਿੱਤੇ ਸਨ ਤੇ ਤੀਜਾ ਸਥਾਨ ਹਾਸਲ ਕੀਤਾ ਸੀ ਪਰ ਹੁਣ ਆਪਣੀ ਮੇਜ਼ਬਾਨੀ ਵਿਚ ਤੀਜੀ ਵਾਰ ਹੋ ਰਹੀ ਇਸ ਚੈਂਪੀਅਨਸ਼ਿਪ ਵਿਚ ਵੁਹਾਨ ਦੇ ਮੁਕਾਬਲੇ ਜ਼ਿਆਦਾ ਤਮਗੇ ਜਿੱਤਣ ਦੀ ਉਮੀਦ ਹੈ।
ਏਸ਼ੀਆਈ ਚੈਂਪੀਅਨਸ਼ਿਪ ਦਾ ਆਯੋਜਨ ਭੁਵਨੇਸ਼ਵਰ ਦੇ ਕੌਮਾਂਤਰੀ ਸਹੂਲਤਾਂ ਨਾਲ ਲੈਸ ਕਲਿੰਗਾ ਸਟੇਡੀਅਮ ਵਿਚ ਹੋ ਰਿਹਾ ਹੈ, ਜਿਸ ਨੂੰ ਰਿਕਾਰਡ 90 ਦਿਨਾਂ ਵਿਚ ਤਿਆਰ ਕੀਤਾ ਗਿਆ ਹੈ। ਹਾਲਾਂਕਿ ਚੈਂਪੀਅਨਸ਼ਿਪ ਦੀ ਪੂਰਬਲੀ ਸ਼ਾਮ 'ਤੇ ਦੂਤੀ ਦੇ ਜੈਂਡਰ ਟੈਸਟ ਦਾ ਵਿਵਾਦ ਫਿਰ ਤੋਂ ਸਾਹਮਣੇ ਆ ਗਿਆ ਪਰ ਓਡੀਸ਼ਾ ਦੀ ਦੌੜਾਕ ਨੂੰ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਆਈ.) ਦੇ ਮੁਖੀ ਆਦਿਲ ਸੁਮਾਰਿਵਾਲਾ ਨੇ ਕਿਹਾ ਕਿ ਸਾਡੇ ਐਥਲੀਟਾਂ ਤੋਂ ਸਾਨੂੰ ਇਸ ਵਾਰ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ ਤੇ ਅਸੀਂ ਵੱਧ ਤੋਂ ਵੱਧ ਤਮਗਿਆਂ ਦੀ ਉਮੀਦ ਕਰ ਰਹੇ ਹਾਂ, ਜਿਹੜੀ ਚੀਨ ਦੇ ਵੁਹਾਨ ਵਿਚ ਹੋਈ ਚੈਂਪੀਅਨਸ਼ਿਪ ਵਿਚ ਜਿੱਤੇ ਸਨ। ਸਾਡੀ ਟੀਮ ਵਿਚ ਕੁਝ ਨਵੀਆਂ ਪ੍ਰਤਿਭਾਵਾਂ ਵੀ ਹਨ ਤੇ ਅਸੀਂ ਬਿਹਤਰ ਨਤੀਜੇ ਦੀ ਉਮੀਦ ਕਰ ਰਹੇ ਹਾਂ।
ਚੈਂਪੀਅਨਸ਼ਿਪ ਵਿਚ ਕੁਲ 42 ਪ੍ਰਤੀਯੋਗਿਤਾਵਾਂ ਹੋਣਗੀਆਂ, ਜਿਨ੍ਹਾਂ ਵਿਚ 20 ਵਿਸ਼ਵ ਚੈਂਪੀਅਨ, ਦੋ ਰੀਓ ਓਲੰਪਿਕ ਸੋਨ ਤਮਗਾ, ਛੇ ਚਾਂਦੀ ਤਮਗਾ ਜੇਤੂ ਤੇ ਦੋ ਕਾਂਸੀ ਤਮਗਾ ਜੇਤੂ ਵੀ ਉਤਰ ਰਹੇ ਹਨ। ਇਨ੍ਹਾਂ ਧਾਕੜ ਐਥਲੀਟਾਂ ਵਿਚਾਲੇ ਭਾਰਤ ਨੂੰ ਆਪਣੇ ਕੁਝ  ਸਟਾਰ ਐਥਲੀਟਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।
ਭਾਰਤ ਨੂੰ ਸਾਬਕਾ ਦੋ ਵਾਰ ਦੇ ਚੈਂਪੀਅਨ ਡਿਸਕਸ ਥ੍ਰੋਅਰ ਵਿਕਾਸ ਗੌੜਾ, ਜੈਵਲਿਨ ਥ੍ਰੋਅਰ ਐਥਲੀਟ ਜੂਨੀਅਰ ਵਿਸ਼ਵ ਚੈਂਪੀਅਨ ਨੀਰਜ ਚੋਪੜਾ, 100 ਮੀਟਰ ਦੀ ਦੌੜਾਕ ਦੂਤੀ ਚੰਦ, ਸ਼੍ਰਾਵਣੀ ਨੰਦਾ ਤੇ ਆਮਿਆ ਕੁਮਾਰ ਮਲਿਕ ਤੋਂ ਪੋਡੀਅਮ ਫਿਨਿਸ਼ ਦੀ ਉਮੀਦ ਹੈ। ਇਸਦੇ ਇਲਾਵਾ ਮਹਿਲਾ ਜੈਵਲਿਨ ਥ੍ਰੋਅਰ ਐਥਲੀਟ ਅਨੂ ਰਾਣੀ, ਲਾਂਗ ਜੰਪਰ ਅੰਕਿਤ ਸ਼ਰਮਾ, ਸਟੀਪਲਚੇਜ਼ ਦੌੜਾਕ ਸੁਧਾ ਸਿੰਘ ਤੇ 400 ਮੀਟਰ ਦੀ ਦੌੜਾਕ ਨਿਰਮਲਾ ਤੋਂ ਵੀ ਤਮਗਾ ਪ੍ਰਦਰਸ਼ਨ ਦੀ ਉਮੀਦ ਹੈ। ਚਾਰ ਗੁਣਾ 400 ਵਿਚ ਮਹਿਲਾ ਰਿਲੇਅ ਟੀਮ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।


Related News