ਭਾਰਤੀ ਮਹਿਲਾ ਕ੍ਰਿਕਟਰਾਂ ਨੇ ਬੰਗਲਾਦੇਸ਼ ਤੋਂ ਗੁਆਇਆ ਏਸ਼ੀਆ ਕੱਪ

Sunday, Jun 10, 2018 - 05:01 PM (IST)

ਭਾਰਤੀ ਮਹਿਲਾ ਕ੍ਰਿਕਟਰਾਂ ਨੇ ਬੰਗਲਾਦੇਸ਼ ਤੋਂ ਗੁਆਇਆ ਏਸ਼ੀਆ ਕੱਪ

ਕੁਆਲਾਲੰਪੁਰ— ਕਪਤਾਨ ਹਰਮਨਪ੍ਰੀਤ ਕੌਰ ਦਾ ਇਕਮਾਤਰ ਸੰਘਰਸ਼ ਮਹਿਲਾ ਏਸ਼ੀਆ ਕੱਪ ਟਵੰਟੀ-20 ਦੇ ਐਤਵਾਰ ਨੂੰ ਹੋਏ ਫਾਈਨਲ ਮੁਕਾਬਲੇ 'ਚ ਨਾਕਾਫੀ ਸਾਬਤ ਹੋਇਆ ਅਤੇ ਚੰਗੀ ਲੈਅ ਦੇ ਬਾਵਜੂਦ ਭਾਰਤੀ ਮਹਿਲਾ ਕ੍ਰਿਕਟ ਟੀਮ ਬੰਗਲਾਦੇਸ਼ ਦੇ ਹੱਥੋਂ ਤਿੰਨ ਵਿਕਟਾਂ ਦੀ ਹਾਰ ਦੇ ਨਾਲ ਖਿਤਾਬ ਗੁਆ ਬੈਠੀ। ਭਾਰਤੀ ਟੀਮ ਨੂੰ ਸ਼ੁਰੂਆਤ ਤੋਂ ਹੀ ਖਿਤਾਬ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਫਾਈਨਲ ਮੁਕਾਬਲੇ 'ਚ ਬੰਗਲਾਦੇਸ਼ੀ ਮਹਿਲਾ ਟੀਮ ਨੇ ਗੇਂਦ ਅਤੇ ਬੱਲੇ ਨਾਲ ਹਰਫਨਮੌਲਾ ਖੇਡ ਵਿਖਾਉਂਦੇ ਹੋਏ ਏਸ਼ੀਆ ਕੱਪ ਆਪਣੇ ਨਾਮ ਕਰ ਲਿਆ।

ਬੰਗਲਾਦੇਸ਼ ਦੀ ਕਪਤਾਨ ਸਲਮਾ ਖਾਤੂਨ ਨੇ ਟਾਸ ਜਿੱਤਣ ਦੇ ਬਾਅਦ ਭਾਰਤੀ ਮਹਿਲਾ ਕ੍ਰਿਕਟਰਾਂ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਜੋ ਖਰਾਬ ਪ੍ਰਦਰਸ਼ਨ ਦੇ ਕਾਰਨ ਨਿਰਧਾਰਤ ਓਵਰਾਂ 'ਚ 9 ਵਿਕਟਾਂ ਗੁਆ ਕੇ ਸਿਰਫ 112 ਦੌੜਾਂ ਹੀ ਬਣਾ ਸਕੀ। ਜ਼ਬਰਦਸਤ ਗੇਂਦਬਾਜ਼ੀ ਦੇ ਬਾਅਦ ਬੰਗਲਾਦੇਸ਼ੀ ਮਹਿਲਾਵਾਂ ਨੇ ਸੰਤੋਖਜਨਕ ਬੱਲੇਬਾਜ਼ੀ ਕੀਤੀ ਅਤੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 113 ਦੌੜਾਂ ਬਣਾ ਕੇ ਜਿੱਤ ਅਤੇ ਖਿਤਾਬ ਆਪਣੇ ਨਾਮ ਕਰ ਲਿਆ।

ਬੰਗਲਾਦੇਸ਼ ਲਈ ਨਿਗਾਰ ਸੁਲਤਾਨਾ ਨੇ 27 ਦੌੜਾਂ ਅਤੇ ਰੁਮਾਨਾ ਅਹਿਮਦ ਨੇ 23 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਕਪਤਾਨ ਹਰਮਨਪ੍ਰੀਤ ਨੇ ਖਰਾਬ ਸ਼ੁਰੂਆਤ ਦੇ ਬਾਅਦ ਮੱਧਕ੍ਰਮ 'ਚ ਇਕੱਲੇ ਦਮ 'ਤੇ ਸੰਘਰਸ਼ ਕੀਤਾ ਅਤੇ 42 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 56 ਦੌੜਾਂ ਦੀ ਇਕਮਾਤਰ ਸੰਤੋਖਜਨਕ ਪਾਰੀ ਖੇਡੀ। ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਾਦ ਹੈ ਕਿ ਟੀਮ ਦੀਆਂ ਸਿਰਫ ਚਾਰ ਖਿਡਾਰਨਾਂ ਹੀ ਦਹਾਈ ਦੇ ਅੰਕੜੇ ਨੂੰ ਛੂਹ ਸਕੀਆਂ।  


Related News