ਭਾਰਤੀ ਮਹਿਲਾ ਕ੍ਰਿਕਟਰ ਨਾਲ ਮੈਚ ਫਿਕਸਿੰਗ ਦੀ ਕੋਸ਼ਿਸ਼, ਦਰਜ ਹੋਈ FIR
Tuesday, Sep 17, 2019 - 09:59 AM (IST)

ਸਪੋਰਟਸ ਡੈਸਕ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਕ ਮੈਂਬਰ ਨਾਲ ਇਸ ਸਾਲ ਦੇ ਸ਼ੁਰੂ 'ਚ ਮੈਚ ਫਿਕਸ ਕਰਨ ਲਈ ਕਥਿਤ ਤੌਰ 'ਤੇ ਸੰਪਰਕ ਕੀਤਾ ਗਿਆ ਸੀ ਜਿਸ ਲਈ ਬੀ. ਸੀ. ਸੀ. ਆਈ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏ. ਸੀ. ਯੂ.) ਨੇ ਸੋਮਵਾਰ ਨੂੰ ਦੋ ਵਿਅਕਤੀਆਂ ਰਾਕੇਸ਼ ਬਾਫਨਾ ਅਤੇ ਜਤਿੰਦਰ ਕੋਠਾਰੀ ਖਿਲਾਫ ਬੈਂਗਲੁਰੂ ਪੁਲਸ ਦੇ ਕੋਲ ਐੱਫ.ਆਈ.ਆਰ. ਦਰਜ ਕੀਤੀ। ਭਾਰਤੀ ਸਜ਼ਾ ਜ਼ਾਬਤਾ (ਆਈ.ਪੀ.ਸੀ.) ਦੀ ਧਾਰਾ 420 ਸਮੇਤ ਚਾਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜੋ ਧੋਧਾਦੇਹੀ ਅਤੇ ਬੇਈਮਾਨੀ ਨਾਲ ਸੰਪਤੀ ਦੀ ਵੰਡ ਨੂੰ ਪ੍ਰੇਰਿਤ ਕਰਦਾ ਹੈ।
ਇਹ ਕਥਿਤ ਘਟਨਾ ਫਰਵਰੀ 'ਚ ਇੰਗਲੈਂਡ ਖਿਲਾਫ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਤੋਂ ਪਹਿਲਾਂ ਘਟੀ ਸੀ। ਇਸ ਖਿਡਾਰੀ ਨੇ ਬੋਰਡ ਏ.ਸੀ.ਯੂ. ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਸੀ। ਏ.ਸੀ.ਯੂ. ਪ੍ਰਮੁੱਖ ਅਜਿਤ ਸਿੰਘ ਸੇਖਾਵਤ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਸ਼ੇਖਾਵਤ ਨੇ ਕਿਹਾ, ''ਉਹ ਭਾਰਤੀ ਕ੍ਰਿਕਟਰ ਅਤੇ ਕੌਮਾਂਤਰੀ ਕ੍ਰਿਕਟਰ ਹਨ, ਇਸ ਲਈ ਆਈ. ਸੀ. ਸੀ. ਨੇ ਇਸ ਮਾਮਲੇ 'ਚ ਜਾਂਚ ਕੀਤੀ। ਆਈ. ਸੀ. ਸੀ. ਨੇ ਸੰਪਰਕ ਕਰਨ ਵਾਲੇ ਵਿਅਕਤੀ ਨੂੰ ਚਿਤਾਵਨੀ ਦਿੱਤੀ ਅਤੇ ਸਾਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਮੰਨਿਆ ਕਿ ਕ੍ਰਿਕਟਰ ਨੇ ਸੰਪਰਕ ਕਰਨ ਦੀ ਸੂਚਨਾ ਦੇ ਕੇ ਸਹੀ ਕੰਮ ਕੀਤਾ।