ਭਾਰਤੀ ਮਹਿਲਾ ਟੀਮ ਦੀ ਇੰਗਲੈਂਡ ਵਿਰੁੱਧ ਜੇਤੂ ਸ਼ੁਰੂਆਤ

Friday, Feb 22, 2019 - 08:40 PM (IST)

ਭਾਰਤੀ ਮਹਿਲਾ ਟੀਮ ਦੀ ਇੰਗਲੈਂਡ ਵਿਰੁੱਧ ਜੇਤੂ ਸ਼ੁਰੂਆਤ

ਮੁੰਬਈ— ਤਜਰਬੇਕਾਰ ਲੈਫਟ ਆਰਮ ਸਪਿਨਰ ਏਕਤਾ ਬਿਸ਼ਟ ਨੇ ਘਾਤਕ ਗੇਂਦਬਾਜ਼ੀ ਕਰਦਿਆਂ 25 ਦੌੜਾਂ 'ਤੇ 4 ਵਿਕਟਾਂ ਲੈ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਵਿਰੁੱਧ ਪਹਿਲੇ ਵਨ ਡੇ ਵਿਚ ਸ਼ੁੱਕਰਵਾਰ 66 ਦੌੜਾਂ ਨਾਲ ਨਾਟਕੀ ਤੇ ਜੇਤੂ ਸ਼ੁਰੂਆਤ ਦਿਵਾ ਦਿੱਤੀ। ਭਾਰਤ ਨੇ ਇਸ ਜਿੱਤ ਦੇ ਨਾਲ 3 ਮੈਚਾਂ ਦੀ ਇਸ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।
ਭਾਰਤ ਨੇ 49.4 ਓਵਰਾਂ ਵਿਚ 202 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਇਕ ਸਮੇਂ ਤਿੰਨ ਵਿਕਟਾਂ 'ਤੇ 111 ਦੌੜਾਂ ਬਣਾ ਕੇ ਕਾਫੀ ਸੁਖਦਾਇਕ ਸਥਿਤੀ ਵਿਚ ਸੀ ਪਰ ਬਿਸ਼ਟ ਦੀ ਘਾਤਕ ਗੇਂਦਬਾਜ਼ੀ ਕਾਰਨ ਉਸ ਦੀ ਪੂਰੀ ਟੀਮ 41 ਓਵਰਾਂ ਵਿਚ 136 ਦੌੜਾਂ 'ਤੇ ਹੀ ਢੇਰ ਹੋ ਗਈ। ਇੰਗਲੈਂਡ ਨੇ ਆਖਰੀ 7 ਵਿਕਟਾਂ 25 ਦੌੜਾਂ ਜੋੜ ਕੇ ਗੁਆ ਦਿੱਤੀਆਂ। ਇੰਗਲੈਂਡ ਵਲੋਂ ਨਤਾਲੀ ਸ਼ਿਵਰ ਨੇ 66 ਗੇਂਦਾਂ 'ਤੇ 44 ਦੌੜਾਂ ਤੇ ਕਪਤਾਨ ਹੀਥਰ ਨਾਈਟ ਨੇ 64 ਗੇਂਦਾਂ 'ਤੇ ਅਜੇਤੂ 39 ਦੌੜਾਂ ਬਣਾਈਆਂ। ਬਿਸ਼ਟ ਨੇ ਆਖਰੀ 6 ਬੱਲੇਬਾਜ਼ਾਂ ਵਿਚੋਂ 4 ਨੂੰ  ਪੈਵੇਲੀਅਨ ਭੇਜਿਆ। ਬਿਸ਼ਟ ਨੇ 8 ਓਵਰਾਂ ਵਿਚ 25 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ ਵਿਚੋਂ ਤਿੰਨ ਵਿਕਟਾਂ ਤਾਂ ਉਸ ਨੇ 41ਵੇਂ ਓਵਰ ਵਿਚ 5 ਗੇਂਦਾਂ ਦੇ ਫਰਕ ਵਿਚ ਹਾਸਲ ਕੀਤੀਆਂ। ਸ਼ਿਖਾ ਪਾਂਡੇ ਨੇ 21 ਦੌੜਾਂ 'ਤੇ 2 ਵਿਕਟਾਂ, ਦੀਪਤੀ ਸ਼ਰਮਾ ਨੇ 33 ਦੌੜਾਂ 'ਤੇ ਦੋ ਵਿਕਟਾਂ ਤੇ ਝੂਲਨ ਗੋਸਵਾਮੀ ਨੇ 19 ਦੌੜਾਂ 'ਤੇ ਇਕ ਵਿਕਟ ਲਈ। 
ਇਸ ਤੋਂ ਪਹਿਲਾਂ ਭਾਰਤ ਦੀ ਪਾਰੀ ਵਿਚ ਓਪਨਰ ਜੇਮਿਮਾ ਰੋਡ੍ਰਿਗਜ਼ ਨੇ 58 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 48 ਦੌੜਾਂ, ਕਪਤਾਨ ਮਿਤਾਲੀ ਰਾਜ ਨੇ 74 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 44 ਦੌੜਾਂ, ਵਿਕਟਕੀਪਰ ਤਾਨੀਆ ਭਾਟੀਆ ਨੇ 41 ਗੇਂਦਾਂ ਵਿਚ 25 ਦੌੜਾਂ ਤੇ ਝੂਲਨ ਗੋਸਵਾਮੀ ਨੇ 37 ਗੇਂਦਾਂ ਵਿਚ 30 ਦੌੜਾਂ ਬਣਾਈਆਂ। ਭਾਰਤ ਨੇ ਚੰਗੀ ਸ਼ੁਰੂਆਤ ਤੋਂ ਬਾਅਦ ਵਿਚਾਲੇ ਦੇ ਓਵਰਾਂ ਵਿਚ 4 ਵਿਕਟਾਂ ਸਿਰਫ 10 ਦੌੜਾਂ 'ਤੇ ਗੁਆ ਦਿੱਤੀਆਂ ਸਨ, ਜਿਸ ਨਾਲ ਟੀਮ ਦਾ ਸਕੋਰ ਇਕ ਸਮੇਂ 5 ਵਿਕਟਾਂ 'ਤੇ 95 ਦੌੜਾਂ ਹੋ ਗਿਆ ਸੀ।
ਪਰ ਬਾਅਦ ਵਿਚ ਤਜਰਬੇਕਾਰ ਖਿਡਾਰਨ ਮਿਤਾਲੀ ਤੇ ਤਾਨੀਆ ਭਾਟੀਆ ਨੇ ਪਾਰੀ  ਸੰਭਾਲਣ ਦੀ ਕੋਸ਼ਿਸ਼ ਕੀਤੇ ਛੇਵੀਂ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਨਿਭਾਈ। ਮਿਤਾਲੀ ਦੇ ਆਊਟ ਹੋਣ ਤੋਂ ਬਾਅਦ ਝੂਲਨ ਨੇ ਤੈਅ ਕੀਤਾ ਕਿ ਮੇਜ਼ਬਾਨ ਟੀਮ 200 ਦੌੜਾਂ ਦੇ ਪਾਰ ਪਹੁੰਚ ਜਾਵੇ। ਇੰਗਲੈਂਡ ਵਲੋਂ ਜਾਰਜੀਆ ਐਲਿਵਸ, ਨਤਾਲੀ ਸ਼ਿਵਰ ਤੇ ਸੋਫੀ ਐਕਲਸਟੋਨ ਨੇ 2-2 ਵਿਕਟਾਂ ਹਾਸਲ ਕੀਤੀਆਂ।


author

Gurdeep Singh

Content Editor

Related News