ਭਾਰਤੀ ਮਹਿਲਾ ਟੀਮ ਦਾ ਪੈਰਿਸ ਓਲੰਪਿਕ ’ਚ ਖੇਡਣ ਦਾ ਟੁੱਟਿਆ ਸੁਫ਼ਨਾ
Saturday, Jan 20, 2024 - 10:40 AM (IST)
ਰਾਂਚੀ– ਟੋਕੀਓ ਵਿਚ ਅਧੂਰਾ ਰਿਹਾ ਮਿਸ਼ਨ ਹੁਣ ਪੈਰਿਸ ਵਿਚ ਵੀ ਪੂਰਾ ਨਹੀਂ ਹੋ ਸਕੇਗਾ। ਭਾਰਤੀ ਮਹਿਲਾ ਹਾਕੀ ਟੀਮ ਇੱਥੇ ਐੱਫ. ਆਈ. ਐੱਚ. ਕੁਆਲੀਫਾਇਰ ਵਿਚ ਤੀਜੇ ਸਥਾਨ ਦੇ ਮੁਕਾਬਲੇ ਵਿਚ ਜਾਪਾਨ ਹੱਥੋਂ 0-1 ਨਾਲ ਹਾਰ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ। ਜਾਪਾਨ ਲਈ 6ਵੇਂ ਮਿੰਟ ਵਿਚ ਕਾਨਾ ਉਰਾਤਾ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ ਜਿਹੜਾ ਫੈਸਲਾਕੁੰਨ ਸਾਬਤ ਹੋਇਆ। ਇਸਦੇ ਨਾਲ ਹੀ ਟੋਕੀਓ ਓਲੰਪਿਕ 2020 ਵਿਚ ਚੌਥੇ ਸਥਾਨ ’ਤੇ ਰਹਿ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਜਿਹੜੀ ਉਮੀਦ ਦਿਖਾਈ ਸੀ, ਉਹ ਵੀ ਖਤਮ ਹੋ ਗਈਆਂ। ਅਮਰੀਕਾ ਤੇ ਜਰਮਨੀ ਫਾਈਨਲ ਵਿਚ ਪਹੁੰਚ ਕੇ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ ਤੇ ਤੀਜੀ ਟੀਮ ਦੇ ਰੂਪ ਵਿਚ ਜਾਪਾਨ ਨੇ ਪੈਰਿਸ ਦੀ ਟਿਕਟ ਕਟਾ ਲਈ।
ਇਹ ਵੀ ਪੜ੍ਹੋ- ਪ੍ਰਗਿਆਨੰਦਾ ਨੇ ਵਿਸ਼ਵ ਚੈਂ ਹੈਪੀਅਨ ਲੀਰੇਨ ਨੂੰ ਹਰਾਇਆ, ਆਨੰਦ ਨੂੰ ਪਿੱਛੇ ਛੱਡਿਆ, ਬਣਿਆ ਨੰਬਰ ਇਕ ਭਾਰਤੀ
ਜਾਪਾਨ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾ ਕੇ ਭਾਰਤੀ ਡਿਫੈਂਸ ’ਤੇ ਦਬਾਅ ਬਣਾ ਦਿੱਤਾ। ਇਸੇ ਕ੍ਰਮ ਵਿਚ ਉਸ ਨੂੰ ਦੂਜੇ ਹੀ ਮਿੰਟ ਵਿਚ ਗੋਲ ਕਰਨ ਦਾ ਪਹਿਲਾ ਮੌਕਾ ਮਿਲਿਆ ਪਰ ਭਾਰਤੀ ਕਪਤਾਨ ਸਵਿਤਾ ਪੂਨੀਆ ਨੇ ਮੁਸਤੈਦੀ ਨਾਲ ਗੇਂਦ ਨੂੰ ਦੂਰ ਕਰ ਦਿੱਤਾ। ਭਾਰਤੀ ਖਿਡਾਰਨਾਂ ਨੇ ਸਰਕਲ ਦੇ ਅੰਦਰ ਹੱਲੇ ਬੋਲੇ ਪਰ ਜਾਪਾਨੀ ਗੋਲ ਦੇ ਆਸਪਾਸ ਨਹੀਂ ਪਹੁੰਚ ਸਕੇ। ਜਾਪਾਨ ਨੂੰ ਫਿਰ ਇਕ ਪੈਨਲਟੀ ਕਾਰਨਰ ਮਿਲਿਆ ਪਰ ਭਾਰਤੀ ਡਿਫੈਂਡਰਾਂ ਨੇ ਗੋਲ ਨਹੀਂ ਹੋਣ ਦਿੱਤਾ। ਦੋ ਮਿੰਟ ਬਾਅਦ ਭਾਰਤ ਨੇ ਇਕ ਹੋਰ ਪੈਨਲਟੀ ਕਾਰਨਰ ਗੁਆਇਆ, ਜਿਸ ’ਤੇ ਉਰਾਤਾ ਨੇ ਸਵਿਤਾ ਦੇ ਪੈਰਾਂ ਵਿਚਾਲਿਓਂ ਗੇਂਦ ਕੱਢ ਕੇ ਗੋਲ ਕਰ ਦਿੱਤਾ। ਜਾਪਾਨੀ ਖਿਡਾਰਨਾਂ ਨੇ ਭਾਰਤੀ ਡਿਫੈਂਸ ਨੂੰ ਲਗਾਤਾਰ ਦਬਾਅ ਵਿਚ ਰੱਖਿਆ।
ਭਾਰਤ ਕੋਲ 12ਵੇਂ ਮਿੰਟ ਵਿਚ ਗੋਲ ਕਰਨ ਦਾ ਸੁਨਹਿਰੀ ਮੌਕਾ ਸੀ ਜਦੋਂ ਮੋਨਿਕਾ ਨੇ ਖੱਬੇ ਪਾਸਿਓਂ ਫਲੈਂਕ ਨਾਲ ਸ਼ਾਨਦਾਰ ਕ੍ਰਾਸ ਦਿੱਤਾ ਪਰ ਲਾਲਰੇਮਸਿਆਮੀ ਦੀ ਸ਼ਾਟ ਬਾਰ ਦੇ ਉਪਰੋਂ ਨਿਕਲ ਗਈ। ਭਾਰਤ ਨੇ ਦੋਵੇਂ ਫਲੈਂਕ ਦਾ ਇਸਤੇਮਾਲ ਨਹੀਂ ਕੀਤਾ ਤੇ ਜ਼ਿਆਦਾਤਰ ਹੱਲੇ ਸੱਜੇ ਫਲੈਂਕ ਨਾਲ ਕੀਤੇ ਗਏ।
ਜਾਪਾਨੀ ਖਿਡਾਰਨਾਂ ਨੇ ਇਸ ਸੰਭਾਵਿਤ ਰਣਨੀਤੀ ਦਾ ਪੂਰਾ ਫਾਇਦਾ ਚੁੱਕਿਆ। ਦੂਜੇ ਕੁਆਰਟਰ ਵਿਚ ਵੀ ਜਾਪਾਨੀ ਖਿਡਾਰਨਾਂ ਨੇ ਦਬਾਅ ਬਰਕਰਾਰ ਰੱਖਿਆ ਤੇ ਸ਼ੁਰੂ ਵਿਚ ਹੀ ਪੈਨਲਟੀ ਕਾਰਨਰ ਬਣਾਇਆ। ਭਾਰਤੀਆਂ ਨੂੰ ਦੂਜੇ ਕੁਆਰਟਰ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ। ਪਹਿਲਾਂ ਲਾਲਰੇਮਸਿਆਮੀ ਨੇ ਮੌਕਾ ਬਣਾਇਆ ਪਰ ਦੀਪਿਕਾ ਦੀ ਸ਼ਾਟ ਨੂੰ ਜਾਪਾਨੀ ਗੋਲਕੀਪਰ ਈਏਕਾ ਨਕਾਮੂਰਾ ਨੇ ਬਚਾ ਲਿਆ। ਇਸਦੇ ਕੁਝ ਸੈਕੰਡ ਬਾਅਦ ਭਾਰਤ ਨੂੰ ਮਿਲਿਆ ਦੂਜਾ ਪੈਨਲਟੀ ਕਾਰਨਰ ਵੀ ਅਸਫਲ ਰਿਹਾ ਜਦੋਂ ਦੀਪਿਕਾ ਗੋਲ ਨਹੀਂ ਕਰ ਸਕੀ। ਭਾਰਤੀਆਂ ਨੇ ਛੋਟੇ ਪਾਸ ਦੇਣ ਦੀ ਬਜਾਏ ਲੰਬੀ ਦੂਰੀ ਤੋਂ ਸ਼ਾਟਾਂ ਲਾ ਕੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਕਾਮਯਾਬ ਨਹੀਂ ਹੋਈ। ਅਜਿਹਾ ਲੱਗ ਰਿਹਾ ਸੀ ਕਿ ਖਿਡਾਰਨਾਂ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਸੀ।
ਇਹ ਵੀ ਪੜ੍ਹੋ- ਡੀਪਫੇਕ ਵੀਡੀਓ ਦਾ ਸ਼ਿਕਾਰ ਹੋਏ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਮੁੰਬਈ ਪੁਲਸ ਨੇ FIR ਕੀਤੀ ਦਰਜ
ਤੀਜੇ ਕੁਆਰਟਰ ਦੇ 6ਵੇਂ ਮਿੰਟ ਵਿਚ ਭਾਰਤ ਨੂੰ ਫਿਰ ਪੈਨਲਟੀ ਕਾਰਨਰ ਮਿਲਿਆ ਤੇ ਦੀਪਿਕਾ ਫਿਰ ਅਸਫਲ ਰਹੀ। ਜਾਪਾਨ ਨੂੰ ਵੀ ਪੈਨਲਟੀ ਕਾਰਨਰ ਮਿਲਿਆ ਪਰ ਗੋਲ ਨਹੀਂ ਹੋ ਸਕਿਆ। ਭਾਰਤ ਨੂੰ 43ਵੇਂ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਤਬਦੀਲੀ ਭਾਰਤ ਦੀ ਪ੍ਰੇਸ਼ਾਨੀ ਬਣੀ ਰਹੀ। ਖੇਡ ਦੇ ਆਖਰੀ 11 ਮਿੰਟਾਂ ਵਿਚ ਭਾਰਤ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਦੀਪਿਕਾ ਤੇ ਓਦਿਤਾ ਦਾ ਖਰਾਬ ਰਿਕਾਰਡ ਕਾਇਮ ਰਿਹਾ। ਆਖਰੀ ਸੀਟੀ ਵੱਜਣ ਤੋਂ ਡੇਢ ਮਿੰਟ ਪਹਿਲਾਂ ਸਲੀਮਾ ਟੇਟੇ ਕੋਲ ਬਰਾਬਰੀ ਦਾ ਗੋਲ ਕਰਨ ਦਾ ਮੌਕਾ ਸੀ ਜਦੋਂ ਸਾਹਮਣੇ ਸਿਰਫ ਗੋਲਕੀਪਰ ਹੀ ਸੀ ਪਰ ਉਸਦੀ ਸ਼ਾਟ ਬਾਹਰ ਨਿਕਲ ਗਈ।
ਭਾਰਤੀ ਟੀਮ ’ਚ ਦਿਸੀ ਤਜਰਬੇ ਦੀ ਕਮੀ, ਵਿਦੇਸ਼ੀ ਕੋਚ ਦੀ ਲੋੜ ਨਹੀਂ ਸੀ : ਧਨਰਾਜ ਪਿੱਲੇ
4 ਵਾਰ ਦੇ ਓਲੰਪੀਅਨ ਤੇ ਮਹਾਨ ਫਾਰਵਰਡ ਧਨਰਾਜ ਪਿੱਲੇ ਨੇ ਕਿਹਾ ਕਿ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਖੁੰਝੀ ਭਾਰਤੀ ਮਹਿਲਾ ਹਾਕੀ ਟੀਮ ਵਿਚ ਤਜਰਬੇ ਦੀ ਕਮੀ ਨਜ਼ਰ ਆਈ ਤੇ ਉਸ ਨੂੰ ਨਹੀਂ ਲੱਗਦਾ ਕਿ ਟੀਮ ਨੂੰ ਵਿਦੇਸ਼ੀ ਕੋਚ ਦੀ ਲੋੜ ਹੈ।
ਪਿੱਲੇ ਨੇ ਕਿਹਾ, ‘‘ਪਿਛਲੇ ਇਕ-ਡੇਢ ਸਾਲ ਵਿਚ ਮਹਿਲਾ ਹਾਕੀ ਕੋਚ ਨੂੰ ਪੂਰੀ ਆਜ਼ਾਦੀ ਦਿੱਤੀ ਗਈ ਪਰ 3-4 ਤਜਰਬੇਕਾਰ ਖਿਡਾਰਨਾਂ ਟੀਮ ’ਚ ਵਾਪਸੀ ਲਈ ਤਰਸਦੀਆਂ ਰਹੀਆਂ, ਜਿਨ੍ਹਾਂ ਨੂੰ ਸੀਨੀਅਰ ਕਹਿ ਕੇ ਟੀਮ ਵਿਚੋਂ ਕੱਢ ਦਿੱਤਾ।’’
ਉਸ ਨੇ ਟੋਕੀਓ ਓਲੰਪਿਕ ਵਿਚ ਟੀਮ ਦੀ ਕਪਤਾਨ ਰਹੀ ਰਾਣੀ ਰਾਮਪਾਲ ਦਾ ਨਾਂ ਲਏ ਬਿਨਾਂ ਕਿਹਾ,‘‘ਇਨ੍ਹਾਂ ਲੜਕੀਆਂ ਨੇ ਘਰੇਲੂ ਹਾਕੀ ਤੇ ਰਾਸ਼ਟਰੀ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ। ਸੀਨੀਅਰ ਖਿਡਾਰਨਾਂ ਨੂੰ ਟੀਮ ਵਿਚ ਰੱਖ ਕੇ ਕਿਵੇਂ ਚੰਗਾ ਪ੍ਰਦਰਸ਼ਨ ਕਰਵਾਉਣਾ ਹੈ, ਇਹ ਕੋਚ ਦੇ ਹੱਥ ਵਿਚ ਹੁੰਦਾ ਹੈ। ਉਨ੍ਹਾਂ ਨੂੰ ਮੌਕਾ ਦਿੱਤੇ ਬਿਨਾਂ ਬਾਹਰ ਕਰਨਾ ਸਹੀ ਨਹੀਂ ਸੀ। ਇਸਦਾ ਤੀਜਾ ਸਾਹਮਣੇ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।