‘ਡੱਬਾ ਟ੍ਰੇਡਿੰਗ’ਦੇ ਵੱਡੇ ਕਾਰੋਬਾਰ ਦੇ ਮਾਮਲੇ ''ਚ ਅਹਿਮ ਖ਼ੁਲਾਸਾ, ਅਜਿਹੀ ਐਪ ਜ਼ਰੀਏ ਹੁੰਦਾ ਸੀ ਕਰੋੜਾਂ ਦਾ ਨਿਵੇਸ਼

Wednesday, Nov 20, 2024 - 03:15 PM (IST)

ਜਲੰਧਰ (ਵਿਸ਼ੇਸ਼)–ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਿਰਦੇਸ਼ਾਂ ’ਤੇ ਸੀ. ਆਈ. ਏ. ਦੀ ਟੀਮ ਨੇ ਪਿਛਲੇ ਦਿਨੀਂ ਜਲੰਧਰ ਵਿਚ ‘ਡੱਬਾ ਟ੍ਰੇਡਿੰਗ’ ਦਾ ਵੱਡਾ ਕਾਰੋਬਾਰ ਫੜਿਆ ਸੀ, ਜਿਸ ਨੂੰ ਲੈ ਕੇ ਹੁਣ ਇਸ ਮਾਮਲੇ ਵਿਚ ਸ਼ਾਮਲ ਲੋਕ ਖ਼ੁਦ ਨੂੰ ਬਚਾਉਣ ਵਿਚ ਜੁਟ ਗਏ ਹਨ। ਪੁਲਸ ਨੇ ਅਜੇ ਤਕ ਇਸ ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ ਸਰਗਣੇ ਜਤੀਸ਼ ਅਰੋੜਾ ਉਰਫ਼ ਗੋਰੀ ਦੇ ਨਾਲ-ਨਾਲ 4 ਸਟਾਫ਼ ਕਰਮਚਾਰੀ ਸ਼ਾਮਲ ਹਨ। ਸੀ. ਆਈ. ਏ. ਦੀ ਟੀਮ ਵੱਲੋਂ ਕੀਤੀ ਗਈ ਸ਼ੁਰੂਆਤੀ ਪੁੱਛਗਿੱਛ ਵਿਚ 2 ਲੋਕਾਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਮੰਗਲ ਅਤੇ ਰਾਜੂ ਸ਼ਾਮਲ ਹਨ। ਪੁਲਸ ਨੇ ਇਨ੍ਹਾਂ ਦੋਵਾਂ ਨੂੰ ਤਲਬ ਕੀਤਾ ਹੈ ਪਰ ਅਜੇ ਦੋਵਾਂ ਵਿਚੋਂ ਕੋਈ ਵੀ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਇਆ ਹੈ।

ਪਤਾ ਲੱਗਾ ਹੈ ਕਿ ਇਸ ਧੰਦੇ ਨੂੰ ਚਲਾਉਣ ਲਈ ਗੋਰੀ ਵੱਲੋਂ ਬਕਾਇਦਾ ਇਕ ਐਪ ਬਣਾਈ ਗਈ ਸੀ, ਜਿਸ ਜ਼ਰੀਏ ਲੋਕਾਂ ਨੂੰ ਇਸ ਧੰਦੇ ਨਾਲ ਜੋੜਿਆ ਜਾ ਰਿਹਾ ਸੀ। ਜਾਣਕਾਰਾਂ ਅਨੁਸਾਰ ਇਹ ਐਪ ਕਾਫ਼ੀ ਹੱਦ ਤਕ ਮਹਾਦੇਵ ਐਪ ਨਾਲ ਮਿਲਦੀ-ਜੁਲਦੀ ਸੀ। ਮਹਾਦੇਵ ਐਪ ਉਹੀ ਐਪ ਹੈ, ਜਿਸ ਵਿਚ ਲੱਗਭਗ 15 ਹਜ਼ਾਰ ਕਰੋੜ ਰੁਪਏ ਸ਼ਾਮਲ ਹੋਣ ਦੀ ਚਰਚਾ ਹੈ ਅਤੇ ਸੀ. ਬੀ. ਆਈ. ਉਸ ਦੀ ਜਾਂਚ ਕਰ ਰਹੀ ਹੈ। ਗੋਰੀ ਵੱਲੋਂ ਤਿਆਰ ਕਰਵਾਈ ਗਈ ਇਸ ਐਪ ਵਿਚ ਉਹ ਲੋਕ ਸ਼ਾਮਲ ਕੀਤੇ ਜਾਂਦੇ ਸਨ, ਜਿਹੜੇ ਡੱਬਾ ਟ੍ਰੇਡਿੰਗ ਵਿਚ ਇੱਛੁਕ ਹੁੰਦੇ ਸਨ। ਇਸ ਗੈਰ-ਕਾਨੂੰਨੀ ਅਤੇ ਪਾਬੰਦੀਸ਼ੁਦਾ ਟ੍ਰੇਡਿੰਗ ਵਿਚ ਨਿਵੇਸ਼ ਕਰਨ ਅਤੇ ਕਰਵਾਉਣ ਵਾਲਿਆਂ ਦੋਵਾਂ ਦਾ ਹੀ ਫਾਇਦਾ ਸੀ। ਨਿਵੇਸ਼ ਕਰਨ ਵਾਲਿਆਂ ਦੀ 2 ਨੰਬਰ ਦੀ ਕਮਾਈ ਇਸ ਟ੍ਰੇਡਿੰਗ ਐਪ ਜ਼ਰੀਏ ਨਿਵੇਸ਼ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ, ਜਿਮ ਦੇ ਬਾਹਰ ਚੱਲੀ ਗੋਲ਼ੀ, ਬਣਿਆ ਦਹਿਸ਼ਤ ਦਾ ਮਾਹੌਲ

ਜਾਣਕਾਰੀ ਮਿਲੀ ਹੈ ਕਿ ਸ਼ਹਿਰ ਦੇ ਕਈ ਸੁਨਿਆਰੇ (ਜਿਊਲਰ) ਅਤੇ ਕੁਝ ਵੱਡੇ ਕਾਰੋਬਾਰੀ ਗੋਰੀ ਦੇ ਖ਼ਾਸ ਗਾਹਕ ਸਨ, ਜਿਹੜੇ ਸੋਨਾ-ਚਾਂਦੀ ਵਿਚ ਨਿਵੇਸ਼ ਕਰਦੇ ਸਨ। ਜਾਣਕਾਰਾਂ ਦਾ ਕਹਿਣਾ ਹੈ ਕਿ ਗੋਰੀ ਕੋਲ 50 ਦੇ ਲਗਭਗ ਅਜਿਹੇ ਗਾਹਕ ਸਨ, ਜਿਹੜੇ ਕਾਫੀ ਵੱਡੀ ਰਾਸ਼ੀ ਨਿਵੇਸ਼ ਕਰਦੇ ਸਨ। ਇਹ ਰਾਸ਼ੀ ਕਿਥੋਂ ਆ ਰਹੀ ਸੀ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੋਰੀ ਦੇ ਇਸ ਕਾਲੇ ਧੰਦੇ ਨਾਲ ਹਵਾਲਾ ਦਾ ਕਾਰੋਬਾਰ ਵੀ ਜੁੜਿਆ ਹੋਇਆ ਸੀ। ਕਾਫੀ ਰਾਸ਼ੀ ਹਵਾਲਾ ਜ਼ਰੀਏ ਪਹੁੰਚਾਈ ਜਾਂਦੀ ਸੀ।

ਸੂਤਰਾਂ ਅਨੁਸਾਰ ਗੋਰੀ ਕੋਲ ਜਿਹੜੇ ਗਾਹਕ ਆਉਂਦੇ ਸਨ, ਉਨ੍ਹਾਂ ਵਿਚੋਂ ਇਕ ਮੰਗਲ ਨਾਂ ਦਾ ਸ਼ਖਸ ਮੁੱਖ ਭੂਮਿਕਾ ਨਿਭਾਉਂਦਾ ਸੀ, ਜਦੋਂ ਕਿ ਇਕ ਛੋਟੇ ਕੱਦ ਦਾ ਆੜ੍ਹਤੀ ਜਿਹੜਾ ਅਜੇ ਤਕ ਪੁਲਸ ਦੀ ਪਹੁੰਚ ਤੋਂ ਦੂਰ ਹੈ, ਗਾਹਕਾਂ ਨੂੰ ਲੈ ਕੇ ਆਉਂਦਾ ਸੀ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਇਸ ਛੋਟੇ ਆੜ੍ਹਤੀ ਨੇ ਆਪਣੇ ਕਈ ਸਾਥੀਆਂ ਦੀ ਵੱਡੀ ਰਕਮ ਨਿਵੇਸ਼ ਕਰਵਾਈ ਹੋਈ ਸੀ ਅਤੇ ਸਮੇਂ-ਸਮੇਂ ’ਤੇ ਇਸ ਰਕਮ ਨਾਲ ਸੋਨੇ ਅਤੇ ਚਾਂਦੀ ਵਿਚ ਟ੍ਰੇਡਿੰਗ ਕੀਤੀ ਜਾਂਦੀ ਸੀ। ਮੁਨਾਫੇ ਵਿਚੋਂ ਕੁਝ ਹਿੱਸਾ ਗੋਰੀ ਨੂੰ ਮਿਲਦਾ ਸੀ, ਜਦਕਿ ਬਾਕੀ ਗਾਹਕ ਦਾ ਹੁੰਦਾ ਸੀ।

ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਖ਼ੁਸ਼ਖ਼ਬਰੀ, ਦਿੱਤੀ ਗਈ ਵੱਡੀ ਰਾਹਤ

ਗਾਹਕਾਂ ਦਾ ਫਾਇਦਾ ਤੇ ਨੁਕਸਾਨ ਵੀ ਪਰ ਗੋਰੀ ਦਾ ਸਿਰਫ਼ ਫਾਇਦਾ
ਜਾਣਕਾਰੀ ਅਨੁਸਾਰ ‘ਡੱਬਾ ਟ੍ਰੇਡਿੰਗ’ ਵਿਚ ਗੋਰੀ ਵੱਲੋਂ ਆਪਣੇ ਗਾਹਕਾਂ ਨੂੰ ਸੋਨੇ, ਚਾਂਦੀ ਅਤੇ ਹੋਰ ਸਟਾਕਸ ਵਿਚ ਨਿਵੇਸ਼ ਲਈ ਦਾਅ ਲਾਉਣ ਦਾ ਮੌਕਾ ਦਿੱਤਾ ਜਾਂਦਾ ਸੀ। ਗਾਹਕਾਂ ਦੇ ਅਨੁਮਾਨ ਅਨੁਸਾਰ ਜੇਕਰ ਦਾਅ ਸਹੀ ਚੱਲ ਜਾਵੇ ਤਾਂ ਗਾਹਕ ਦਾ ਮੁਨਾਫਾ ਹੁੰਦਾ ਸੀ ਅਤੇ ਜੇਕਰ ਦਾਅ ਗਲਤ ਚਲਾ ਜਾਵੇ ਤਾਂ ਗਾਹਕ ਨੂੰ ਨੁਕਸਾਨ ਉਠਾਉਣਾ ਪੈਂਦਾ ਸੀ। ਖ਼ਾਸ ਗੱਲ ਇਹ ਹੈ ਕਿ ਗਾਹਕ ਦਾ ਨੁਕਸਾਨ ਹੋਵੇ ਜਾਂ ਫਾਇਦਾ, ਗੋਰੀ ਨੂੰ ਸਿਰਫ਼ ਫਾਇਦਾ ਹੀ ਫਾਇਦਾ ਹੁੰਦਾ ਸੀ।

ਇਹ ਵੀ ਪੜ੍ਹੋ-300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ

25 ਕਰੋੜ ਰੁਪਏ ਤਕ ਦਾ ਜੁਰਮਾਨਾ ਜਾਂ ਸਜ਼ਾ ਦੀ ਹੈ ਵਿਵਸਥਾ
ਸਟਾਕ ਐਕਸਚੇਂਜ ਅਤੇ ਸੇਬੀ ਵੱਲੋਂ ਲਗਾਤਾਰ ਸ਼ੇਅਰਾਂ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਹ ਉਚਿਤ ਪਲੇਟਫਾਰਮ ਦੇ ਅੰਦਰ ਹੀ ਟ੍ਰੇਡਿੰਗ ਕਰਨ। ਵੈਸੇ ਇਸ ਮਾਮਲੇ ਵਿਚ ਡੱਬਾ ਟ੍ਰੇਡਿੰਗ ਵਰਗੇ ਕੰਮ ਨੂੰ ਸਕਿਓਰਿਟੀਜ਼ ਕਾਂਟਰੈਕਟ ਰੈਗੂਲੇਸ਼ਨ ਐਕਟ 1956 ਤਹਿਤ ਗੈਰ-ਕਾਨੂੰਨੀ ਮੰਨਿਆ ਗਿਆ ਹੈ। ਇਸ ਜੁਰਮ ਤਹਿਤ ਦੋਸ਼ੀ ਪਾਏ ਜਾਣ ’ਤੇ ਵਿਅਕਤੀ ਨੂੰ 10 ਸਾਲ ਤਕ ਸਜ਼ਾ ਅਤੇ 25 ਕਰੋੜ ਰੁਪਏ ਤਕ ਜੁਰਮਾਨਾ ਹੋ ਸਕਦਾ ਹੈ। ਜੋ ਡੱਬਾ ਟ੍ਰੇਡਿੰਗ ਗੋਰੀ ਕਰਵਾ ਰਿਹਾ ਸੀ, ਉਸ ਵਿਚ ਕੋਈ ਡੀਮੈਟ ਅਕਾਊਂਟ ਨਹੀਂ ਖੋਲ੍ਹਿਆ ਜਾਂਦਾ। ਸਾਰੀ ਟ੍ਰਾਂਜੈਕਸ਼ਨ ਇਕ ਵਹੀਖਾਤੇ ਵਿਚ ਨੋਟ ਕੀਤੀ ਜਾਂਦੀ ਹੈ ਅਤੇ ਪੂਰਾ ਹਿਸਾਬ-ਕਿਤਾਬ ਆਪਸੀ ਅੰਡਰਸਟੈਂਡਿੰਗ ਦੇ ਨਾਲ ਹੀ ਹੁੰਦਾ ਹੈ। ਇਸ ਪੂਰੇ ਮੁਨਾਫ਼ੇ ਵਿਚ ਸਰਕਾਰ ਦੇ ਹੱਥ ਕੁਝ ਨਹੀਂ ਲੱਗਦਾ।
 

ਇਹ ਵੀ ਪੜ੍ਹੋ-UP 'ਚ ਮੁੰਡਿਆਂ ਨੇ ਕੁੱਟ-ਕੁੱਟ ਮਾਰ ਦਿੱਤੇ ਜਲੰਧਰ ਦੇ ਦੋ ਨੌਜਵਾਨ, ਜੰਗ ਦਾ ਮੈਦਾਨ ਬਣਿਆ ਵਿਆਹ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


shivani attri

Content Editor

Related News