ਭਾਰਤੀ ਅੰਡਰ-18 ਪੁਰਸ਼ ਟੀਮ ਸੈਮੀਫਾਈਨਲ 'ਚ

Wednesday, Oct 17, 2018 - 02:01 PM (IST)

ਭਾਰਤੀ ਅੰਡਰ-18 ਪੁਰਸ਼ ਟੀਮ ਸੈਮੀਫਾਈਨਲ 'ਚ

ਬਿਊਨਸ ਆਇਰਸ— ਭਾਰਤੀ ਅੰਡਰ-18 ਪੁਰਸ਼ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਸ਼ੁੱਕਰਵਾਰ ਪੋਲੈਂਡ ਨੂੰ 4-2 ਨਾਲ ਹਰਾ ਕੇ ਯੂਥ ਓਲੰਪਿਕ ਖੇਡਾਂ ਦੀ ਫਾਈਵ ਏ ਸਾਈਡ ਹਾਕੀ ਪ੍ਰਤੀਯੋਗਿਤਾ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। 
ਮਹਿਲਾ ਟੀਮ ਨੇ ਆਪਣੇ ਪੰਜਵੇਂ ਤੇ ਆਖਰੀ ਪੂਲ-ਏ ਮੈਚ ਵਿਚ ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਪੁਰਸ਼ ਟੀਮ ਦੀ ਪੋਲੈਂਡ 'ਤੇ ਜਿੱਤ ਵਿਚ ਸ਼ਿਵਮ ਆਨੰਦ (ਪਹਿਲੇ ਤੇ 8ਵੇਂ ਮਿੰਟ) ਨੇ ਦੋ ਗੋਲ ਕੀਤੇ ਤੇ ਮਨਿੰਦਰ ਸਿੰਘ (ਤੀਜੇ) ਅਤੇ ਸੰਜੇ (17ਵੇਂ) ਨੇ ਇਕ-ਇਕ ਗੋਲ ਕੀਤਾ। ਭਾਰਤ ਦਾ ਸੈਮੀਫਾਈਨਲ ਵਿਚ ਅਰਜਨਟੀਨਾ ਤੇ ਬੰਗਲਾਦੇਸ਼ ਵਿਚਾਲੇ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ। 
ਪੁਰਸ਼ ਟੀਮ ਨੇ ਇਸ ਤੋਂ ਪਹਿਲਾਂ ਆਪਣੇ ਆਖਰੀ ਪੂਲ-ਬੀ ਮੈਚ ਵਿਚ ਕੈਨੇਡਾ ਨੂੰ 5-2 ਨਾਲ ਹਰਾਇਆ ਸੀ। ਪੁਰਸ਼ ਟੀਮ ਦੀ ਜਿੱਤ ਵਿਚ ਸੰਜੇ ਨੇ ਚੌਥੇ ਤੇ 17ਵੇਂ, ਸ਼ਿਵਮ ਆਨੰਦ ਨੇ 7ਵੇਂ, ਸੁਦੀਪ ਚਿਰਮਾਕੋ ਨੇ 10ਵੇਂ ਤੇ ਰਾਹੁਲ ਕੁਮਾਰ ਰਾਜਭਰ ਨੇ 17ਵੇਂ ਮਿੰਟ 'ਚ ਗੋਲ ਕੀਤੇ। ਕੈਨੇਡਾ ਵਲੋਂ ਰੋਵਨ ਚਾਈਲਡਸ ਨੇ 15ਵੇਂ ਤੇ 16ਵੇਂ ਮਿੰਟ 'ਚ ਗੋਲ ਕੀਤੇ। ਭਾਰਤੀ ਟੀਮ 12 ਅੰਕਾਂ ਨਾਲ ਪੂਲ-ਬੀ 'ਚ ਆਸਟਰੇਲੀਆ ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। 
ਜੂਨੀਅਰ ਮਹਿਲਾ ਹਾਕੀ ਟੀਮ ਇਸ ਤਰ੍ਹਾਂ ਹਾਕੀ 5 ਏ ਸਾਈਡ ਪ੍ਰਤੀਯੋਗਿਤਾ ਵਿਚ ਆਪਣੇ ਪੂਲ-ਏ ਵਿਚ 12 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ, ਜਦਕਿ ਅਰਜਨਟੀਨਾ ਚੋਟੀ 'ਤੇ ਰਿਹਾ। ਭਾਰਤੀ ਟੀਮ ਲਈ ਮੁਤਾਜ ਖਾਨ ਨੇ ਦੂਜੇ ਤੇ 17ਵੇਂ ਮਿੰਟ, ਰੀਤ ਨੇ 10ਵੇਂ, ਲਾਲਰੇਮਸਿਆਮੀ ਨੇ 12ਵੇਂ ਤੇ ਇਸ਼ਕਾ ਚੌਧਰੀ ਨੇ 13ਵੇਂ ਮਿੰਟ 'ਚ ਗੋਲ ਕੀਤੇ।


Related News