ਭਾਰਤੀ ਅੰਡਰ-19 ਟੀਮ ਨੇ ਜਿੱਤ ਨਾਲ ਕੀਤੀ ਆਸਟ੍ਰੇਲੀਆ ਦੌਰੇ ਦੀ ਸਮਾਪਤੀ

Wednesday, Oct 08, 2025 - 11:03 PM (IST)

ਭਾਰਤੀ ਅੰਡਰ-19 ਟੀਮ ਨੇ ਜਿੱਤ ਨਾਲ ਕੀਤੀ ਆਸਟ੍ਰੇਲੀਆ ਦੌਰੇ ਦੀ ਸਮਾਪਤੀ

ਮੈਕੇ (ਭਾਸ਼ਾ)- ਭਾਰਤ ਦੀ ਅੰਡਰ-19 ਟੀਮ ਨੇ ਬੁੱਧਵਾਰ ਨੂੰ ਦੂਜੇ ਅਤੇ ਆਖਰੀ ਯੂਥ ਟੈਸਟ ’ਚ ਆਸਟ੍ਰੇਲੀਆ ਦੀ ਅੰਡਰ-19 ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ। ਭਾਰਤੀ ਟੀਮ ਨੇ ਆਪਣੇ ਕੱਲ ਦੇ ਸਕੋਰ 7 ਵਿਕਟ ’ਤੇ 114 ਦੌੜਾਂ ਤੋਂ ਅੱਗੇ ਖੇਡਦਿਆਂ ਕੁੱਲ 171 ਦੌੜਾਂ ਬਣਾਈਆਂ ਅਤੇ ਪਹਿਲੀ ਪਾਰੀ ’ਚ 36 ਦੌੜਾਂ ਦੀ ਲੀਡ ਹਾਸਲ ਕੀਤੀ। ਮੇਜ਼ਬਾਨ ਟੀਮ ਆਪਣੀ ਦੂਜੀ ਪਾਰੀ ’ਚ ਸਿਰਫ 119 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੂੰ 81 ਦੌੜਾਂ ਦਾ ਟੀਚਾ ਮਿਲਿਆ।

ਭਾਰਤ ਵੱਲੋਂ ਖੇਡਦਿਆਂ ਆਯੂਸ਼ ਮਹਾਤਰੇ ਅਤੇ ਵੈਭਵ ਸੂਰਿਆਵੰਸ਼ੀ ਜਲਦੀ ਆਊਟ ਹੋ ਗਏ ਪਰ ਭਾਰਤ ਨੇ ਇਹ ਟੀਚਾ ਸਿਰਫ 12.2 ਓਵਰ ’ਚ ਹਾਸਲ ਕਰ ਲਿਆ। ਔਖੀ ਪਿਚ ’ਤੇ ਜ਼ਿਆਦਾ ਹਮਲਾਵਰ ਹੋਣ ਦਾ ਨੁਕਸਾਨ ਸੂਰਿਆਵੰਸ਼ੀ ਅਤੇ ਮਹਾਤਰੇ ਨੂੰ ਝੱਲਣਾ ਪਿਆ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੀ। ਤੇਜ਼ ਗੇਂਦਬਾਜ਼ ਹਨੀਲ ਪਟੇਲ ਨੇ ਸਾਇਮਨ ਬਜ਼ ਅਤੇ ਜੇਡ ਹੋਲਿਕ ਨੂੰ ਲਗਾਤਾਰ ਗੇਂਦਾਂ ’ਤੇ ਆਉੂਟ ਕੀਤਾ। ਮੇਜ਼ਬਾਨ ਟੀਮ ਦਾ ਸਕੋਰ ਸਿਰਫ 2 ਓਵਰਾਂ ’ਤੇ 2 ਵਿਕਟਾਂ ਸੀ ਅਤੇ ਸਕੋਰ ਬੋਰਡ ’ਤੇ ਇਕ ਵੀ ਦੌੜ ਨਹੀਂ ਸੀ। ਇਸ ਤੋਂ ਬਾਅਦ ਟੀਮ ਦਬਾਅ ਤੋਂ ਬਾਹਰ ਨਹੀਂ ਆ ਸਕੀ। ਭਾਰਤ ਨੇ ਪਹਿਲਾ ਟੈਸਟ ਅਤੇ 3 ਵਨਡੇ ਵੀ ਜਿੱਤੇ ਸਨ।


author

Hardeep Kumar

Content Editor

Related News