ਚਾਈਨਾ ਓਪਨ: ਨਿਕੋਲਾ ਬਾਰਤੁੰਕੋਵਾ ਨੇ ਆਰਿਅਨਾ ਸਬਾਲੇਂਕਾ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ
Sunday, Oct 04, 2026 - 04:14 PM (IST)
ਬੀਜਿੰਗ : ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਖੇਡੇ ਜਾ ਰਹੇ ਚਾਈਨਾ ਓਪਨ ਡਬਲਿਊ.ਟੀ.ਏ.-1000 ਟੂਰਨਾਮੈਂਟ ਦੇ ਤੀਜੇ ਦੌਰ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ, ਜਿੱਥੇ ਚੈੱਕ ਗਣਰਾਜ ਦੀ ਨਿਕੋਲਾ ਬਾਰਤੁੰਕੋਵਾ ਨੇ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਅਤੇ ਚਾਰ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਆਰਿਆਨਾ ਸਬਾਲੇਂਕਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਵਿਸ਼ਵ ਰੈਂਕਿੰਗ ਵਿੱਚ 34ਵੇਂ ਸਥਾਨ 'ਤੇ ਕਾਬਜ਼ ਬਾਰਤੁੰਕੋਵਾ ਨੇ ਲਗਭਗ ਡੇਢ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ ਸਬਾਲੇਂਕਾ ਨੂੰ 6-4, 6-3 ਨਾਲ ਮਾਤ ਦਿੱਤੀ।
ਇਸ ਹਾਰ ਦੇ ਨਾਲ ਹੀ ਟੂਰਨਾਮੈਂਟ ਦੇ ਪਹਿਲੇ ਹੀ ਹਫ਼ਤੇ ਵਿੱਚ ਚੋਟੀ ਦੀਆਂ ਦੋਵੇਂ ਵਰੀਅਤ ਪ੍ਰਾਪਤ ਖਿਡਾਰਨਾਂ ਦਾ ਸਫ਼ਰ ਖ਼ਤਮ ਹੋ ਗਿਆ ਹੈ। ਹਾਲ ਹੀ ਵਿੱਚ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣੀ ਐਲੀਨਾ ਰਿਬਾਕੀਨਾ ਸ਼ਨੀਵਾਰ ਨੂੰ ਹੀ ਚਾਈਨਾ ਓਪਨ ਤੋਂ ਬਾਹਰ ਹੋ ਗਈ ਸੀ। ਹੁਣ ਸਬਾਲੇਂਕਾ ਦੇ ਬਾਹਰ ਹੋਣ ਨਾਲ ਬੀਜਿੰਗ ਵਿੱਚ ਚੱਲ ਰਹੇ ਇਸ ਟੂਰਨਾਮੈਂਟ ਵਿੱਚੋਂ ਦੋਵੇਂ ਸਿਖਰਲੀ ਰੈਂਕਿੰਗ ਵਾਲੀਆਂ ਖਿਡਾਰਨਾਂ ਸ਼ੁਰੂਆਤ ਵਿੱਚ ਹੀ ਬਾਹਰ ਹੋ ਗਈਆਂ ਹਨ।
