ਕਬੱਡੀ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਚੋਣ ਟ੍ਰਾਇਲ ਸੰਪੰਨ

Tuesday, Nov 19, 2019 - 02:48 AM (IST)

ਕਬੱਡੀ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਚੋਣ ਟ੍ਰਾਇਲ ਸੰਪੰਨ

ਜਲੰਧਰ (ਸਪੋਰਟਸ ਡੈਸਕ)— ਆਗਾਮੀ 1 ਤੋਂ 10 ਦਸੰਬਰ ਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਵਿਸ਼ਵ ਕੱਪ ਲਈ ਭਾਰਤੀ ਕਬੱਡੀ ਟੀਮ ਦੇ ਟ੍ਰਾਇਲ ਜਲੰਧਰ ਵਿਚ ਕਰਵਾਏ ਗਏ। ਕਬੱਡੀ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਭਾਰਤ, ਪਾਕਿਸਤਾਨ, ਇੰਗਲੈਂਡ, ਅਮਰੀਕਾ, ਕੈਨੇਡਾ, ਸ਼੍ਰੀਲੰਕਾ, ਨਿਊਜ਼ੀਲੈਂਡ ਤੇ ਆਸਟਰੇਲੀਆ ਹੈ।
ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਸੈਂਹਬੀ ਨੇ ਦੱਸਿਆ ਕਿ ਜਲੰਧਰ ਵਿਚ ਆਯੋਜਿਤ ਇਨ੍ਹਾਂ ਟ੍ਰਾਇਲਾਂ ਵਿਚ 100 ਤੋਂ ਵੱਧ ਕਬੱਡੀ ਖਿਡਾਰੀਆਂ ਨੇ ਦਮਖਮ ਦਿਖਾਇਆ ਹੈ। ਇਸ ਟੂਰਨਾਮੈਂਟ ਦਾ ਉਦਘਾਟਨੀ ਮੈਚ 1 ਦਸੰਬਰ ਨੂੰ ਸ੍ਰੀ ਸੁਲਤਾਨਪੁਰ ਲੋਧੀ, ਜ਼ਿਲਾ ਕਪੂਰਥਲਾ ਵਿਚ ਖੇਡਿਆ ਜਾਵੇਗਾ। 3 ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ, 4 ਦਸੰਬਰ ਨੂੰ ਸ੍ਰੀ ਗੁਰੂ ਹਰਿ ਸਹਾਏ ਸਟੇਡੀਅਮ ਫਿਰੋਜ਼ਪੁਰ, 5 ਦਸੰਬਰ ਨੂੰ ਸਪੋਰਟਸ ਸਟੇਡੀਅਮ ਬਠਿੰਡਾ ਅਤੇ 6 ਦਸੰਬਰ ਨੂੰ ਪੋਲੋ ਗਰਾਊਂਡ ਪਟਿਆਲਾ ਵਿਚ ਲੀਗ ਮੈਚ ਖੇਡੇ ਜਾਣਗੇ।
ਸੈਮੀਫਾਈਨਲ ਮੈਚ 8 ਦਸੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਫਾਈਨਲ 10 ਦਸੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ, ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਵਿਚ ਕਰਵਾਇਆ ਜਾਵੇਗਾ।
ਉਥੇ ਹੀ ਟ੍ਰਾਇਲਾਂ ਸਬੰਧੀ ਗਠਿਤ ਕਮੇਟੀ ਵਿਚ ਤਜਿੰਦਰ ਸਿੰਘ ਖਹਿਰਾ, ਜਲੌਰ ਸਿੰਘ ਜਨਰਲ ਸਕੱਤਰ, ਕਰਤਾਰ ਸਿੰਘ ਸੈਂਹਬੀ, ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ, ਹਰਦੀਪ ਸਿੰਘ  ਅਰਜੁਨ ਐਵਾਰਡੀ, ਜੋਗਿੰਦਰ ਸਿੰਘ ਸਟੇਟ ਐਵਾਰਡੀ, ਗੁਰਪ੍ਰੀਤ ਸਿੰਘ ਜ਼ਿਲਾ ਖੇਡ ਅਧਿਕਾਰੀ ਜਲੰਧਰ, ਹਰਪ੍ਰੀਤ ਸਿੰਘ ਬਾਬਾ, ਅਮਨਪ੍ਰੀਤ ਸਿੰਘ ਮੱਲੀ, ਗੁਰਪ੍ਰੀਤ ਸਿੰਘ ਕਬੱਡੀ ਕੋਚ ਪਟਿਆਲਾ, ਅਮਰਜੀਤ ਸਿੰਘ ਕਬੱਡੀ ਕੋਚ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ। ਇਸ ਕਮੇਟੀ ਦਾ ਗਠਨ ਖੇਡ ਵਿਭਾਗ ਪੰਜਾਬ ਵਲੋਂ ਕੀਤਾ ਗਿਆ ਹੈ।


author

Gurdeep Singh

Content Editor

Related News