ਨਿਊਜ਼ੀਲੈਂਡ ਵਿਰੁੱਧ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ

02/04/2020 10:17:40 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਮੰਗਲਵਾਰ ਨੂੰ ਨਿਊਜ਼ੀਲੈਂਡ ਵਿਰੁੱਧ 2 ਟੈਸਟ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ 'ਚ ਰੋਹਿਤ ਸ਼ਰਮਾ ਦੀ ਥਾਂ ਮਯੰਕ ਅਗਰਵਾਲ ਨੂੰ ਮੌਕਾ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਬੀਤੇ ਐਤਵਾਰ ਨੂੰ ਅੰਤਮ ਟੀ20 ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਉਹ 3 ਮੈਚਾਂ ਦੀ ਇੱਕ ਰੋਜ਼ਾ ਲੜੀ 'ਚੋਂ ਵੀ ਬਾਹਰ ਹੋ ਗਏ ਹਨ। ਟੀਮ 'ਚ ਲੰਮੇ ਸਮੇਂ ਬਾਅਦ ਪ੍ਰਿਥਵੀ ਸ਼ਾਅ ਦੀ ਵਾਪਸੀ ਹੋਈ ਹੈ, ਜਦਕਿ ਇਸ਼ਾਂਤ ਸ਼ਰਮਾ ਨੂੰ ਫਿਟਨੈਸ ਟੈਸਟ ਪਾਸ ਕਰ ਲੈਣ ਦੀ ਸ਼ਰਤ 'ਤੇ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਦੋਵਾਂ ਟੀਮਾਂ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ 21 ਫਰਵਰੀ ਤੋਂ ਖੇਡੀ ਜਾਣੀ ਹੈ। ਪਹਿਲਾ ਮੈਚ ਵੈਲਿੰਗਟਨ 'ਚ 21 ਤੋਂ 25 ਫਰਵਰੀ ਤੱਕ ਖੇਡਿਆ ਜਾਵੇਗਾ। ਜਦਕਿ ਦੂਜਾ ਮੈਚ ਕ੍ਰਾਈਸਟਚਰਚ 'ਚ 29 ਫਰਵਰੀ ਤੋਂ 4 ਮਾਰਚ ਤੱਕ ਖੇਡਿਆ ਜਾਵੇਗਾ।

ਟੈਸਟ ਟੀਮ ਦੀ ਕਪਤਾਨੀ ਵਿਰਾਟ ਕੋਹਲੀ ਨੂੰ ਦਿੱਤੀ ਗਈ ਹੈ। ਅਜਿੰਕਿਆ ਰਹਾਣੇ ਟੀਮ ਦੇ ਉਪ ਕਪਤਾਨ ਹੋਣਗੇ। ਕੇ.ਐਲ. ਰਾਹੁਲ ਨੂੰ ਟੈਸਟ ਸੀਰੀਜ਼ 'ਚ ਆਰਾਮ ਦਿੱਤਾ ਗਿਆ ਹੈ। ਟੀ20 ਲੜੀ 'ਚ ਸ਼ਾਮਿਲ ਕੀਤੇ ਗਏ ਨਵਦੀਪ ਸੈਣੀ ਨੂੰ ਵੀ ਟੈਸਟ ਟੀਮ 'ਚ ਥਾਂ ਦਿੱਤੀ ਗਈ ਹੈ। ਪ੍ਰਿਥਵੀ ਸ਼ਾਅ ਨੇ ਡੋਪਿੰਗ ਕਾਰਨ 8 ਮਹੀਨਿਆਂ ਦੀ ਲੱਗੀ ਪਾਬੰਦੀ ਤੋਂ ਬਾਅਦ ਘਰੇਲੂ ਕ੍ਰਿਕਟ 'ਚ ਵਾਪਸੀ ਕੀਤੀ ਹੈ। ਸ਼ਾਅ ਨੇ ਪਾਬੰਦੀ ਤੋਂ ਬਾਅਦ ਆਪਣੇ ਪਹਿਲੇ ਮੈਚ 'ਚ ਸਈਦ ਮੁਸ਼ਤਾਕ ਅਲੀ ਟਰਾਫੀ 'ਚ ਅਸਾਮ ਵਿਰੁੱਧ 39 ਗੇਂਦਾਂ 'ਚ 63 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਉਸ ਨੇ ਇਸ ਟੂਰਨਾਮੈਂਟ 'ਚ ਦੋ ਹੋਰ ਅਰਧ ਸੈਂਕੜੇ ਲਗਾਏ। ਟੈਸਟ ਲੜੀ ਲਈ ਰੋਹਿਤ ਸ਼ਰਮਾ ਅਤੇ ਕੇ.ਐਲ. ਰਾਹੁਲ ਦੀ ਗੈਰ-ਮੌਜੂਦਗੀ 'ਚ ਭਾਰਤ ਕੋਲ ਮਯੰਕ ਅਗਰਵਾਲ, ਸ਼ੁਭਮਨ ਗਿੱਲ ਅਤੇ ਪ੍ਰਿਥਵੀ ਸ਼ਾਅ ਦੇ ਰੂਪ 'ਚ ਤਿੰਨ ਸਲਾਮੀ ਬੱਲੇਬਾਜ਼ ਮੌਜੂਦ ਹੋਣਗੇ। ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਭਾਰਤੀ ਟੀਮ :
ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ (ਉਪ ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾਅ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਹਨੂਮਾ ਵਿਹਾਰੀ, ਰਿਧੀਮਾਨ ਸਾਹਾ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਆਰ.ਕੇ. ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਨਵਦੀਪ ਸੈਣੀ, ਇਸ਼ਾਂਤ ਸ਼ਰਮਾ।

 


Tarsem Singh

Content Editor

Related News