ਵਰਲਡ ਕਰਾਸ ਕੰਟਰੀ ਚੈਂਪੀਅਨਸ਼ਿਪ: ਭਾਰਤੀ ਦੌੜਾਕ ਗੁਲਵੀਰ ਸਿੰਘ 40ਵੇਂ ਸਥਾਨ ''ਤੇ ਰਹੇ
Sunday, Jan 11, 2026 - 06:26 PM (IST)
ਟਲਹਾਸੀ (ਅਮਰੀਕਾ) : ਅਮਰੀਕਾ ਦੇ ਫਲੋਰੀਡਾ ਸੂਬੇ ਦੇ ਸ਼ਹਿਰ ਟਲਹਾਸੀ ਵਿੱਚ ਹੋਈ ਵਰਲਡ ਕਰਾਸ ਕੰਟਰੀ ਚੈਂਪੀਅਨਸ਼ਿਪ 2026 ਵਿੱਚ ਭਾਰਤ ਦੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਸੀਨੀਅਰ ਪੁਰਸ਼ਾਂ ਦੀ ਦੌੜ ਵਿੱਚ 40ਵਾਂ ਸਥਾਨ ਹਾਸਲ ਕੀਤਾ ਹੈ। ਸ਼ਨੀਵਾਰ ਨੂੰ ਹੋਏ ਇਸ ਮੁਕਾਬਲੇ ਵਿੱਚ ਗੁਲਵੀਰ ਨੇ 30:39 ਸੈਕੰਡ ਦਾ ਸਮਾਂ ਕੱਢਿਆ, ਜੋ ਉਨ੍ਹਾਂ ਦੇ ਕਰੀਅਰ ਦਾ ਇਸ ਰੇਸ ਵਿੱਚ ਦੂਜਾ ਸਭ ਤੋਂ ਵਧੀਆ ਸਮਾਂ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਸਾਲ ਪਹਿਲਾਂ ਬੈਲਗ੍ਰੇਡ ਵਿੱਚ ਹੋਈ ਚੈਂਪੀਅਨਸ਼ਿਪ ਦੌਰਾਨ 30:07 ਦਾ ਸਮਾਂ ਕੱਢਿਆ ਸੀ। ਉਨ੍ਹਾਂ ਦੇ ਸਾਥੀ ਭਾਰਤੀ ਐਥਲੀਟ ਸਾਵਣ ਬਰਵਾਲ 31:37 ਦੇ ਸਮੇਂ ਨਾਲ 60ਵੇਂ ਸਥਾਨ 'ਤੇ ਰਹੇ।
ਜੈਕਬ ਕਿਪਲਿਮੋ ਦਾ ਵਿਸ਼ਵ ਰਿਕਾਰਡ ਪ੍ਰਦਰਸ਼ਨ
ਟੋਕੀਓ 2020 ਓਲੰਪਿਕ ਦੇ ਕਾਂਸੀ ਦਾ ਤਮਗਾ ਜੇਤੂ ਯੂਗਾਂਡਾ ਦੇ ਜੈਕਬ ਕਿਪਲਿਮੋ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ ਲਗਾਤਾਰ ਤੀਜੀ ਵਾਰ ਵਰਲਡ ਕਰਾਸ ਕੰਟਰੀ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ 28:18 ਸੈਕੰਡ ਵਿੱਚ ਦੌੜ ਪੂਰੀ ਕੀਤੀ। ਇਥੋਪੀਆ ਦੇ ਬੇਰੀਹੂ ਅਰੇਗਾਵੀ ਲਗਾਤਾਰ ਤੀਜੀ ਵਾਰ ਕਿਪਲਿਮੋ ਤੋਂ ਪਿੱਛੇ ਰਹਿ ਕੇ ਦੂਜੇ ਸਥਾਨ 'ਤੇ ਰਹੇ, ਜਦਕਿ ਕੀਨੀਆ ਦੇ ਡੈਨੀਅਲ ਏਬੇਨਿਓ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੌੜ ਵਿੱਚ ਕੁੱਲ 123 ਐਥਲੀਟਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 114 ਫਿਨਿਸ਼ ਲਾਈਨ ਪਾਰ ਕਰਨ ਵਿੱਚ ਸਫਲ ਰਹੇ।
ਮਿਸ਼ਰਿਤ ਰਿਲੇਅ ਵਿੱਚ ਭਾਰਤ ਦੀ ਪਹਿਲੀ ਸ਼ਮੂਲੀਅਤ ਇਸ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਟੀਮ ਨੇ ਮਿਸ਼ਰਿਤ (Mixed) ਰਿਲੇਅ ਸਪਰਧਾ ਵਿੱਚ ਹਿੱਸਾ ਲਿਆ। ਅਜੈ ਕੁਮਾਰ ਸਰੋਜ, ਪੂਜਾ, ਯੂਨੁਸ ਸ਼ਾਹ ਅਤੇ ਅੰਕਿਤਾ ਦੀ ਭਾਰਤੀ ਟੀਮ ਨੇ 24:13 ਦਾ ਸਮਾਂ ਕੱਢ ਕੇ 12ਵਾਂ ਸਥਾਨ ਪ੍ਰਾਪਤ ਕੀਤਾ। ਇਸ ਵਰਗ ਵਿੱਚ ਆਸਟ੍ਰੇਲੀਆ ਨੇ ਸੋਨ ਤਮਗਾ (22:23), ਫਰਾਂਸ ਨੇ ਚਾਂਦੀ ਅਤੇ ਇਥੋਪੀਆ ਨੇ ਕਾਂਸੀ ਦਾ ਤਮਗਾ ਜਿੱਤਿਆ। ਹਾਲਾਂਕਿ ਇਹ ਚੈਂਪੀਅਨਸ਼ਿਪ ਦਾ 46ਵਾਂ ਸੰਸਕਰਣ ਸੀ, ਪਰ ਮਿਸ਼ਰਿਤ ਰਿਲੇਅ ਨੂੰ 2017 ਵਿੱਚ ਹੀ ਇਸ ਦਾ ਹਿੱਸਾ ਬਣਾਇਆ ਗਿਆ ਸੀ।
