ਸ਼ਤਰੰਜ ਓਲੰਪਿਆਡ ਵਿਚ ਭਾਰਤੀ ਪੁਰਸ਼ ਟੀਮ ਦਾ ਸਾਹਮਣਾ ਰੂਸ ਨਾਲ

9/29/2018 6:33:19 PM

ਬਾਤੂਮੀ : ਭਾਰਤੀ ਪੁਰਸ਼ ਟੀਮ 43ਵੇਂ ਸ਼ਤਰੰਜ ਓਲੰਪਿਆਡ ਦੇ 6ਵੇਂ ਦੌਰ ਵਿਚ ਦੂਜਾ ਦਰਜਾ ਪ੍ਰਾਪਤ ਰੂਸ ਨਾਲ ਭਿੜੇਗੀ ਤਾਂ ਉਸ ਦੇ ਲਈ ਇਹ ਚੁਣੌਤੀ ਕਾਫੀ ਮੁਸ਼ਕਲ ਹੋਵੇਗੀ। ਭਾਰਤ ਦੀ ਝੋਲੀ ਵਿਚ 8 ਅੰਕ ਹਨ ਅਤੇ ਸਾਬਕਾ ਚੈਂਪੀਅਨ, ਚੋਟੀ ਦਰਜਾ ਪ੍ਰਾਪਤ ਅਮਰੀਕਾ ਤੋਂ ਮਿਲੀ ਹਾਰ ਤੋਂ ਇਲਾਵਾ ਉਸ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਵਿਸ਼ਵਨਾਥਨ ਆਨੰਦ ਦੀ ਅਗਵਾਈ ਵਿਚ ਭਾਰਤ ਨੇ ਪਿਛਲੇ ਮੈਚ ਵਿਚ ਪਰਾਗਵੇ ਨੂੰ 3.5- 0.5 ਨਾਲ ਹਰਾਇਆ। ਭਾਰਤ ਨੇ ਅਜੇ ਤੱਕ 20 ਮੈਚਾਂ ਵਿਚੋਂ 12 ਮੈਚ ਜਿੱਤੇ, 1 ਹਾਰਿਆ ਅਤੇ 7 ਡਰਾਅ ਖੇਡੇ। ਅਜਰਬੇਜਾਨ, ਪੋਲੈਂਡ, ਯੁਕ੍ਰੇਨ ਅਤੇ ਚੈੱਕ ਗਣਰਾਜ ਵਿਚਾਲੇ ਚੋਟੀ ਸਥਾਨ ਲਈ ਮੁਕਾਬਲਾ ਹੈ। ਅਮਰੀਕਾ, ਇਜ਼ਰਾਈਲ ਅਤੇ ਜਰਮਨੀ ਦੇ 3-3 ਅੰਕ ਹਨ ਜਦਕਿ ਭਾਰਤ ਸੰਯੁਕਤ 8ਵੇਂ ਸਥਾਨ 'ਤੇ ਹੈ। ਭਾਰਤੀ ਟੀਮ ਬੀ ਅਧਿਬਾਨ ਦੀ ਜਗ੍ਹਾ ਕ੍ਰਿਸ਼ਨ ਸ਼ਸ਼ੀਕਰਨ ਨੂੰ ਉਤਾਰ ਸਕਦੀ ਹੈ ਜਦਕਿ ਆਨੰਦ ਪੀ ਹਰਿਕ੍ਰਿਸ਼ਨ ਅਤੇ ਵਿਦਿਤ ਗੁਜਰਾਤੀ ਚੋਟੀ 3 ਬੋਰਡ 'ਤੇ ਖੇਡਣਗੇ। ਮਹਿਲਾ ਵਰਗ ਵਿਚ ਭਾਰਤੀ ਟੀਮ 9 ਅੰਕ ਲੈ ਕੇ ਸੰਯੁਕਤ ਦੂਜੇ ਸਥਾਨ 'ਤੇ ਹੈ। ਅਮਰੀਕਾ ਚੋਟੀ 'ਤੇ ਹੈ ਅਤੇ ਅਗਲੇ ਦੌਰ ਵਿਚ ਦੋਵਾਂ ਟੀਮਾਂ ਦਾ ਸਾਹਮਣਾ ਹੋਣਾ ਹੈ।