ਭਾਰਤੀ ਪੁਰਸ਼ ਹਾਕੀ ਟੀਮ ਦਾ ਸਾਹਮਣਾ ਮਲੇਸ਼ੀਆ ਤੇ ਮਹਿਲਾ ਟੀਮ ਦਾ ਜਾਪਾਨ ਨਾਲ

Friday, Aug 16, 2019 - 09:22 PM (IST)

ਭਾਰਤੀ ਪੁਰਸ਼ ਹਾਕੀ ਟੀਮ ਦਾ ਸਾਹਮਣਾ ਮਲੇਸ਼ੀਆ ਤੇ ਮਹਿਲਾ ਟੀਮ ਦਾ ਜਾਪਾਨ ਨਾਲ

ਟੋਕੀਓ- ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਟੈਸਟ ਪ੍ਰਤੀਯੋਗਿਤਾ ਵਿਚ ਸ਼ਨੀਵਾਰ ਨੂੰ ਮਲੇਸ਼ੀਆ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ, ਜਦਕਿ ਮਹਿਲਾ ਟੀਮ ਮੇਜ਼ਬਾਨ ਜਾਪਾਨ ਨਾਲ ਭਿੜੇਗੀ। ਭਾਰਤ ਦੀਆਂ ਦੋਵਾਂ ਟੀਮਾਂ ਨੇ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਜਿੱਤ ਕੇ ਇਸ ਸਾਲ ਤੋਂ ਬਾਅਦ ਹੋਣ ਵਾਲੇ ਐੱਫ. ਆਈ. ਐੱਚ. ਓਲੰਪਿਕ ਕੁਆਲੀਫਾਇਰਸ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਵਿਸ਼ਵ ਵਿਚ ਪੰਜਵੇਂ ਨੰਬਰ 'ਤੇ ਕਾਬਜ਼  ਭਾਰਤ ਵਿਸ਼ਵ ਵਿਚ 12ਵੇਂ ਨੰਬਰ ਦੀ ਮਲੇਸ਼ੀਆ ਵੁੱਰਧ ਜਿੱਤ ਦੀ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗੀ।
ਭਾਰਤ ਕਪਤਾਨ ਮਨਪ੍ਰੀਤ ਸਿੰਘ ਤੇ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਵਰਗੇ ਤਜਰਬੇਕਾਰ ਖਿਡਾਰੀਆਂ ਨੂੰ ਆਰਾਮ ਦੇ ਕੇ ਨੌਜਵਾਨ ਖਿਡਾਰੀਆਂ ਨੂੰ ਅਜ਼ਮਾ ਰਿਹਾ ਹੈ। ਮਨਪ੍ਰੀਤ ਦੀ ਗੈਰ-ਹਾਜ਼ਰੀ ਵਿਚ ਡ੍ਰੈਗ ਫਿਲਕਰ ਹਰਮਨਪ੍ਰੀਤ ਸਿੰਘ ਟੀਮ ਦੀ ਅਗਵਾਈ ਕਰੇਗਾ, ਜਦਕਿ ਮਨਦੀਪ ਸਿੰਘ ਉਸਦੇ ਨਾਲ ਉਪ ਕਪਤਾਨ ਹੋਵੇਗਾ। ਮਲੇਸ਼ੀਆ ਨੇ ਮਹਾਦੀਪੀ ਪ੍ਰਤੀਯੋਗਿਤਾਵਾਂ ਵਿਚ ਸਮੇਂ-ਸਮੇਂ 'ਤੇ ਭਾਰਤ ਵਰਗੀਆਂ ਟੀਮਾਂ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਪਿਛਲੇ ਦਸ ਸਾਲਾਂ ਵਿਚ ਹਾਲਾਂਕਿ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਜਿਹੜੇ ਦਸ ਮੁਕਾਬਲੇ ਖੇਡੇ ਗਏ ਹਨ, ਉਨ੍ਹਾਂ ਵਿਚੋਂ 6 ਭਾਰਤ ਨੇ ਤੇ 3 ਮਲੇਸ਼ੀਆ ਨੇ ਜਿੱਤੇ ਹਨ।
ਮਲੇਸ਼ੀਆ ਤੋਂ ਬਾਅਦ ਭਾਰਤੀ ਪੁਰਸ਼ ਟੀਮ ਐਤਵਾਰ ਨੂੰ ਵਿਸ਼ਵ ਵਿਚ ਨੰਬਰ 8 ਨਿਊਜ਼ੀਲੈਂਡ ਤੇ ਰਾਊਂਡ ਰੌਬਿਨ ਦੇ ਆਖਰੀ ਮੈਚ ਵਿਚ ਵਿਸ਼ਵ ਦੇ 16ਵੇਂ ਨੰਬਰ ਦੇ ਜਾਪਾਨ ਨਾਲ ਭਿੜੇਗੀ। ਭਾਰਤੀ ਮਹਿਲਾ ਟੀਮ ਇਸ ਸਾਲ ਹਿਰੋਸ਼ੀਮਾ ਵਿਚ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਵਿਚ ਜਾਪਾਨ 'ਤੇ 3-1 ਨਾਲ ਮਿਲੀ ਜਿੱਤ ਤੋਂ ਪ੍ਰੇਰਣਾ ਲੈ ਕੇ ਮੈਦਾਨ 'ਤੇ ਉਤਰੇਗੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ 10 ਮੁਕਾਬਲਿਆਂ ਵਿਚ ਜਾਪਾਨ ਨੇ 4, ਜਦਕਿ ਭਾਰਤ ਨੇ 3 ਜਿੱਤੇ ਹਨ ਤੇ ਬਾਕੀ ਤਿੰਨ ਮੈਚ ਡਰਾਅ ਰਹੇ ਹਨ।


author

Gurdeep Singh

Content Editor

Related News