ਭਾਰਤੀ ਜੂਨੀਅਰ ਟੀਮ ਨੇ ਬ੍ਰਿਟੇਨ ਨਾਲ ਖੇਡਿਆ ਡਰਾਅ

10/18/2019 10:51:31 PM

ਜੋਹੋਰ ਬਾਹਰੂ- ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਤੇ ਬ੍ਰਿਟੇਨ ਨੇ ਸ਼ੁੱਕਰਵਾਰ ਨੂੰ ਇੱਥੇ 9ਵੇਂ ਸੁਲਤਾਨ ਜੋਹੋਰ ਕੱਪ ਦੇ ਆਖਰੀ ਰਾਊਂਡ ਰੌਬਿਨ ਮੈਚ ਵਿਚ 3-3 ਨਾਲ ਡਰਾਅ ਖੇਡਿਆ। ਪਹਿਲੇ ਕੁਆਰਟਰ ਵਿਚ ਭਾਰਤ ਨੇ ਕਬਜ਼ਾ ਬਣਾਈ ਰੱਖਿਆ ਤੇ ਜ਼ਿਆਦਾਤਰ ਹਮਲਿਆਂ ਵਿਚ ਅੱਗੇ ਰਿਹਾ ਪਰ ਬ੍ਰਿਟੇਨ ਦੀ ਡਿਫੈਂਸ ਵਿਚ ਸੰਨ੍ਹ ਨਹੀਂ ਲਾ ਸਕਿਆ। ਦੂਜੇ ਕੁਆਰਟਰ ਵਿਚ ਵੀ ਭਾਰਤ ਨੇ ਕੋਸ਼ਿਸ਼ ਜਾਰੀ ਰੱਖੀ, ਜਿਸ ਵਿਚ ਗੁਰਸਾਹਿਬਜੀਤ ਸਿੰਘ ਦੀ ਸ਼ਾਟ ਅਸਫਲ ਰਹੀ। ਬ੍ਰਿਟੇਨ ਨੂੰ 27ਵੇਂ ਮਿੰਟ ਵਿਚ ਪੈਨਲਟੀ ਕਾਰਨਰ ਰਾਹੀਂ ਪਹਿਲਾ ਮੌਕਾ ਮਿਲਿਆ ਤੇ ਇਯੋਨ ਵਾਲ ਦੀ ਡ੍ਰੈਗਫਿਲਕ ਨਾਲ ਟੀਮ ਨੇ ਪਹਿਲਾ ਗੋਲ ਕਰ ਦਿੱਤਾ।
ਬ੍ਰਿਟੇਨ ਨੇ ਫਿਰ 23ਵੇਂ ਮਿੰਟ ਵਿਚ ਐਂਡ੍ਰਿਊ ਮੈਕਕੋਨੇਲ ਦੇ ਗੋਲ ਨਾਲ ਬੜ੍ਹਤ ਦੁੱਗਣੀ ਕਰ ਦਿੱਤੀ ਤੇ ਬ੍ਰੇਕ ਤਕ ਸਕੋਰ 2-0 ਰਿਹਾ। ਸ਼ਿਲਾਨੰਦ ਲਕੜਾ ਨੇ ਇਸ ਫਰਕ ਨੂੰ ਘੱਟ ਕੀਤਾ ਤੇ ਫਿਰ ਮਨਦੀਪ ਮੋਰ ਨੇ 51ਵੇਂ ਮਿੰਟ ਵਿਚ ਸਕੋਰ 2-2 ਨਾਲ ਬਰਾਬਰ ਕੀਤਾ। ਬ੍ਰਿਟੇਨ ਨੂੰ ਪਤਾ ਸੀ ਕਿ ਉਸ ਨੂੰ ਫਾਈਨਲ ਲਈ ਕੁਆਲੀਫਾਈ ਕਰਨ ਲਈ ਸਿਰਫ ਡਰਾਅ ਦੀ ਲੋੜ ਹੈ। ਸਰਕਲ ਦੇ ਨੇੜੇ ਦਿਲਪ੍ਰੀਤ ਨੂੰ ਸੁੱਟੇ ਜਾਣ ਤੋਂ ਬਾਅਦ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ, ਜਿਸ 'ਤੇ ਸ਼ਾਰਦਾਨੰਦ ਤਿਵਾੜੀ ਨੇ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ। ਹਾਲਾਂਕਿ ਮੈਥਿਊ ਰੇਨਸ਼ਾ ਨੇ 59ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨਾਲ ਸਕੋਰ 3-3 ਨਾਲ ਬਰਾਬਰ ਕਰਕੇ ਤੈਅ ਕੀਤਾ ਕਿ ਦੋਵੇਂ ਟੀਮਾਂ ਸ਼ਨੀਵਾਰ ਨੂੰ ਇਕ-ਦੂਜੇ ਨਾਲ ਫਾਈਨਲ ਖੇਡਣਗੀਆਂ।


Gurdeep Singh

Content Editor

Related News