ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 3-1 ਨਾਲ ਹਰਾਇਆ

Monday, Jun 23, 2025 - 01:05 PM (IST)

ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 3-1 ਨਾਲ ਹਰਾਇਆ

ਬਰਲਿਨ– ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆ ਨੂੰ ਕਰਾਰੀ ਹਾਰ ਦਿੱਤੀ। ਅੱਜ ਇੱਥੇ ਬਲਾਓ ਵੀਸ ਸਟੇਡੀਅਮ ਵਿਚ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿਚ ਆਪਣੇ ਦੂਜੇ ਮੈਚ ਵਿਚ ਭਾਰਤੀ ਟੀਮ ਨੇ ਆਸਟ੍ਰੇਲੀਆ ’ਤੇ 3-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।

ਭਾਰਤੀ ਟੀਮ ਵੱਲੋਂ ਸ਼ਾਰਦਾਨੰਦ ਤਿਵਾੜੀ (15ਵੇਂ ਮਿੰਟ), ਸੌਰਭ ਆਨੰਦ ਕੁਸ਼ਵਾਹਾ (36ਵੇਂ) ਤੇ ਆਮਿਰ ਅਲੀ (43ਵੇਂ) ਨੇ ਗੋਲ ਕੀਤੇ ਜਦਕਿ ਆਸਟ੍ਰੇਲੀਆ ਲਈ ਇਕਲੌਤਾ ਗੋਲ ਓਲੀਵਰ ਵਿਲ ਨੇ 55ਵੇਂ ਮਿੰਟ ਵਿਚ ਕੀਤਾ।

ਭਾਰਤ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਤੇ 15ਵੇਂ ਮਿੰਟ ਵਿਚ ਸ਼ਾਰਦਾਨੰਦ ਤਿਵਾੜੀ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਆਪਣੀ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਭਾਰਤੀ ਟੀਮ ਨੇ ਤੀਜੇ ਕੁਆਰਟਰ ਵਿਚ ਲਗਾਤਾਰ ਦੋ ਗੋਲ ਕਰ ਕੇ ਆਪਣੀ ਲੈਅ ਨੂੰ ਬਰਕਰਾਰ ਰੱਖਿਆ। ਭਾਰਤ ਲਈ 36ਵੇਂ ਮਿੰਟ ਵਿਚ ਸੌਰਭ ਆਨੰਦ ਕੁਸ਼ਵਾਹਾ ਨੇ ਆਸਟ੍ਰੇਲੀਆਈ ਗੋਲਕੀਪਰ ਨੂੰ ਝਕਾਨੀ ਦਿੰਦੇ ਹੋਏ ਮਹੱਤਵਪੂਰਨ ਮੈਦਾਨੀ ਗੋਲ ਕਰ ਕੇ ਆਪਣੀ ਬੜ੍ਹਤ ਨੂੰ ਹੋਰ ਮਜ਼ਬੂਤ ਕੀਤਾ। ਇਸ ਦੇ ਕੁਝ ਹੀ ਦੇਰ ਬਾਅਦ 43ਵੇਂ ਮਿੰਟ ਵਿਚ ਆਮਿਰ ਅਲੀ ਨੇ ਜੇਤੂ ਟੀਮ ਲਈ ਇਕ ਹੋਰ ਮੈਦਾਨੀ ਗੋਲ ਕਰ ਕੇ ਭਾਰਤ ਨੂੰ ਜਿੱਤ ਦੇ ਹੋਰ ਨੇੜੇ ਪਹੁੰਚਾ ਦਿੱਤਾ।

ਮੈਚ ਦੇ ਆਖਰੀ ਕੁਆਰਟਰ ਵਿਚ ਆਸਟ੍ਰੇਲੀਆ ਨੇ ਵੀ ਪੰਜ ਮਿੰਟ ਬਾਕੀ ਰਹਿੰਦਿਆਂ ਓਲੀਵਰ ਵਿਲ ਦੇ ਫੀਲਡ ਗੋਲ ਦੀ ਬਦੌਲਤ ਗੋਲ ਕਰਨ ਵਿਚ ਸਫਲਤਾ ਹਾਸਲ ਕੀਤੀ। ਭਾਰਤੀ ਟੀਮ ਦਾ ਅਗਲਾ ਮੈਚ 24 ਜੂਨ ਨੂੰ ਇਸੇ ਸਟੇਡੀਅਮ ਵਿਚ ਸਪੇਨ ਨਾਲ ਹੋਵੇਗਾ।


author

Tarsem Singh

Content Editor

Related News