FIH ਸਾਲਾਨਾ ਪੁਰਸਕਾਰਾਂ ’ਚ ਭਾਰਤੀਆਂ ਦਾ ਦਬਦਬਾ, 6 ਹਾਕੀ ਖਿਡਾਰੀਆਂ ਸਮੇਤ 8 ਜਣਿਆਂ ਨੂੰ ਸਰਵੋਤਮ ਐਵਾਰਡ

Wednesday, Oct 06, 2021 - 03:16 PM (IST)

ਲੁਸਾਨੇ (ਭਾਸ਼ਾ) : ਭਾਰਤ ਨੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਦੇ ਸਾਲਾਨਾ ਪੁਰਸਕਾਰਾਂ ਵਿਚ ਬੁੱਧਵਾਰ ਨੂੰ ਆਪਣਾ ਦਬਦਬਾ ਬਣਾਇਆ ਅਤੇ 6 ਖਿਡਾਰੀਆਂ ਅਤੇ ਪੁਰਸ਼ ਅਤੇ ਮਹਿਲਾ ਟੀਮਾਂ ਦੇ ਮੁੱਖ ਕੋਚਾਂ ਨੇ ਵੱਖ-ਵੱਖ ਵਰਗਾਂ ਵਿਚ ਚੋਟੀ ਦੇ ਪੁਰਸਕਾਰ ਹਾਸਲ ਕੀਤੇ। ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤੀ ਪੁਰਸ਼ ਹਾਕੀ ਟੀਮ ਦੇ ਇਤਿਹਾਸਕ ਕਾਂਸੀ ਤਮਗੇ ਅਤੇ ਮਹਿਲਾ ਟੀਮ ਦੇ ਬੇਜੋੜ ਪ੍ਰਦਰਸ਼ਨ ਕਾਰਨ ਐਫ.ਆਈ.ਐਚ. ਹਾਕੀ ਸਟਾਰਸ ਪੁਰਸਕਾਰ 2020-21 ਵਿਚ ਭਾਰਤੀ ਖਿਡਾਰੀਆਂ ਅਤੇ ਕੋਚਾਂ ਦਾ ਦਬਦਬਾ ਰਿਹਾ।

ਗੁਰਜੀਤ ਕੌਰ (ਮਹਿਲਾ) ਅਤੇ ਹਰਮਨਪ੍ਰੀਤ ਸਿੰਘ (ਪੁਰਸ਼) ਨੇ ਆਪਣੇ ਵਰਗਾਂ ਵਿਚ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ (ਪਲੇਅਰ ਆਫ ਦਿ ਯੀਅਰ) ਪੁਰਸਕਾਰ ਹਾਸਲ ਕੀਤਾ। ਸਵਿਤਾ ਪੂਨੀਆ (ਮਹਿਲਾ) ਅਤੇ ਪੀ.ਆਰ. ਸ਼੍ਰੀਜੇਸ਼ (ਪੁਰਸ਼) ਨੂੰ ਆਪੋ-ਆਪਣੇ ਵਰਗਾਂ ਵਿਚ (ਗੋਲਕੀਪਰ ਆਫ ਦਿ ਯੀਅਰ) ਪੁਰਸਕਾਰ ਮਿਲਿਆ। ਸ਼ਰਮਿਲਾ ਦੇਵੀ (ਮਹਿਲਾ) ਅਤੇ ਵਿਵੇਕ ਪ੍ਰਸਾਦ (ਪੁਰਸ਼) ਨੂੰ (ਐੱਫ.ਆਈ.ਐੱਚ. ਰਾਈਜ਼ਿੰਗ ਸਟਾਰ ਆਫ ਦਿ ਯੀਅਰ) ਪੁਰਸਰਕਾਰ ਮਿਲਿਆ। ਇਸ ਤੋਂ ਇਲਾਵਾ ਭਾਰਤ ਦੀ ਮਹਿਲਾ ਟੀਮ ਦੇ ਕੋਚ ਸੋਰਡ ਮਾਰਿਨ ਅਤੇ ਪੁਰਸ਼ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੂੰ (ਕੋਚ ਆਫ ਦਿ ਯੀਅਰ) ਪੁਰਸਕਾਰ ਮਿਲਿਆ। ਰੀਡ ਅਜੇ ਵੀ ਟੀਮ ਨਾਲ ਬਣੇ ਹੋਏ ਹਨ, ਜਦੋਂ ਮਾਰਿਨ ਦਾ ਕਾਰਜਕਾਲ ਟੋਕੀਓ ਖੇਡਾਂ ਦੇ ਨਾਲ ਹੀ ਸਮਾਪਤ ਹੋ ਗਿਆ ਸੀ।

ਰਾਸ਼ਟਰੀ ਐਸੋਸੀਏਸ਼ਨਾਂ ਦੀਆਂ ਵੋਟਾਂ ਨੂੰ ਕੁੱਲ ਨਤੀਜਿਆਂ ਦਾ 50 ਫ਼ੀਸਦੀ ਮੰਨਿਆ ਗਿਆ। ਰਾਸ਼ਟਰੀ ਐਸੋਸੀਏਸ਼ਨਾਂ ਦੀ ਨੁਮਾਇੰਦਗੀ ਉਨ੍ਹਾਂ ਦੇ ਸਬੰਧਤ ਰਾਸ਼ਟਰੀ ਕਪਤਾਨਾਂ ਅਤੇ ਕੋਚ ਨੇ ਕੀਤੀ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਅਤੇ ਖਿਡਾਰੀਆਂ (25 ਫ਼ੀਸਦੀ) ਅਤੇ ਮੀਡੀਆ (25 ਫ਼ੀਸਦੀ) ਦੀਆਂ ਵੋਟਾਂ ਦੇ ਆਧਾਰ ’ਤੇ ਆਖ਼ਰੀ ਫ਼ੈਸਲਾ ਕੀਤਾ ਗਿਆ। ਐਫ.ਆਈ.ਐਚ. ਦੇ ਬਿਆਨ ਵਿਚ ਦੱਸਿਆ ਗਿਆ ਹੈ ਕਿ ਕੁੱਲ 79 ਰਾਸ਼ਟਰੀ ਐਸੋਸੀਏਸ਼ਨਾਂ ਨੇ ਵੋਟਿੰਗ ਵਿਚ ਹਿੱਸਾ ਲਿਆ। ਇਨ੍ਹਾਂ ਵਿਚ ਅਫ਼ਰੀਕਾ ਦੇ 25 ਮੈਂਬਰਾਂ ਵਿਚੋਂ 11, ਏਸ਼ੀਆ ਦੇ 33 ਵਿਚੋਂ 29, ਯੂਰਪ ਦੇ 42 ਵਿਚੋਂ 19, ਓਸੇਨੀਆ ਦੇ 8 ਵਿਚੋਂ 3 ਅਤੇ ਪੈਨ ਅਮਰੀਕਾ ਦੇ 30 ਵਿਚੋਂ 17 ਮੈਂਬਰ ਸ਼ਾਮਲ ਹਨ। ਇਸ ਵਿਚ ਕਿਹਾ ਗਿਆ ਹੈ, ‘ਰਿਕਾਰਡ 300,000 ਪ੍ਰਸ਼ੰਸਕਾਂ ਨੇ ਵੋਟਿੰਗ ਕੀਤੀ। ਐਫ.ਆਈ.ਐਚ. ਹਾਕੀ ਸਟਾਰਸ ਪੁਰਸਕਾਰਾਂ ਵਿਚ ਪ੍ਰਸ਼ੰਸਕਾਂ ਦੀ ਹਿੱਸੇਦਾਰੀ ਬੇਜੋੜ ਰਹੀ।’


cherry

Content Editor

Related News