ਕਿਤਾਬਾਂ, ਅੰਗਰੇਜ਼ੀ ਕਲਾਸਾਂ ਅਤੇ ਫਿਲਮਾਂ ਨਾਲ ਸਮਾਂ ਬਿਤਾ ਰਹੇ ਨੇ ਭਾਰਤੀ ਹਾਕੀ ਖਿਡਾਰੀ

03/25/2020 2:35:00 AM

ਨਵੀਂ ਦਿੱਲੀ- ਬੈਂਗਲੁਰੂ ਦੇ ਸਾਈ ਸੈਂਟਰ ਵਿਚ ਓਲੰਪਿਕ ਦੀਆਂ ਤਿਆਰੀਆਂ ਵਿਚ ਰੁੱਝੇ ਭਾਰਤੀ ਹਾਕੀ ਖਿਡਾਰੀ ਕੋਵਿਡ-19 ਮਹਾਮਾਰੀ ਕਾਰਣ ਕੰਪਲੈਕਸ 'ਚੋਂ ਬਾਹਰ ਨਹੀਂ ਜਾ ਸਕਦੇ। ਲਿਹਾਜ਼ਾ ਅਭਿਆਸ ਦੌਰਾਨ ਇਸ ਸਮੇਂ ਦਾ ਸਹੀ ਇਸਤੇਮਾਲ ਕਰਨ ਲਈ ਉਹ ਅੰਗਰੇਜ਼ੀ ਸੁਧਾਰਨ, ਕਿਤਾਬਾਂ ਪੜ੍ਹਨ ਤੇ ਆਪਣੀਆਂ ਮਨਪਸੰਦ ਬਾਲੀਵੁੱਡ ਫਿਲਮਾਂ ਦੇਖਣ ਵਿਚ ਬਿਤਾ ਰਹੇ ਹਨ।   ਭਾਰਤ ਦੀਆਂ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਆਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਅਭਿਆਸ ਕਰ ਰਹੀਆਂ ਹਨ। ਪਹਿਲਾਂ ਇਨ੍ਹਾਂ ਖਿਡਾਰੀਆਂ ਨੂੰ ਬ੍ਰੇਕ ਮਿਲਣੀ ਸੀ ਪਰ ਫਿਰ ਬੈਂਗਲੁਰੂ ਸਥਿਤ ਸਾਈ ਸੈਂਟਰ ਹੀ ਰਹਿਣ ਨੂੰ ਕਿਹਾ ਗਿਆ। ਖਿਡਾਰੀ ਕੰਪਲੈਕਸ 'ਚੋਂ ਬਾਹਰ ਨਹੀਂ ਜਾ ਸਕਦੇ ਤੇ ਨਾ ਹੀ ਕੋਈ ਗੈਰ-ਅਧਿਕਾਰਤ ਵਿਅਕਤੀ ਕੰਪਲੈਕਸ ਦੇ ਅੰਦਰ ਆ ਸਕਦਾ ਹੈ। ਅਜਿਹੀ ਹਾਲਤ 'ਚ ਸਖਤ ਅਭਿਆਸ ਵਿਚਾਲੇ ਮਨੋਰੰਜਨ ਦੇ ਸਾਰਿਆਂ ਦੇ ਆਪਣੇ-ਆਪਣੇ ਤਰੀਕੇ ਹਨ। ਪੁਰਸ਼ ਟੀਮ ਦਾ ਸੀਨੀਅਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਕਿਤਾਬਾਂ ਪੜ੍ਹ ਕੇ ਸਮਾਂ ਬਿਤਾ ਰਿਹਾ ਹੈ।
ਉਸ ਨੇ ਕਿਹਾ, ''ਵੈਸੇ ਤਾਂ ਸਾਡੇ ਅਭਿਆਸ ਦਾ ਰੁਟੀਨ ਕਾਫੀ ਰੁਝੇਵਿਆਂ ਭਰਿਆ ਹੈ ਪਰ ਐਤਵਾਰ ਤੇ ਬੁੱਧਵਾਰ ਦੀ ਸ਼ਾਮ ਨੂੰ ਜ਼ਰੂਰੀ ਛੁੱਟੀ ਰਹਿੰਦੀ ਹੈ। ਅਜਿਹੀ ਹਾਲਤ ਵਿਚ ਅਸੀਂ ਫਿੱਟਨੈੱਸ ਤੇ ਰਿਕਵਰੀ 'ਤੇ ਵੱਧ ਤੋਂ ਵੱਧ ਧਿਆਨ ਦਿੰਦੇ ਹਾਂ। ਮੈਂ 'ਦਿ ਵਿੰਚ ਕੋਡ', 'ਹੇਲਰ ਦੀ ਆਤਮਕਥਾ' ਪੜ੍ਹ ਲਈ ਹੈ ਅਤੇ ਕੁਝ ਚੰਗੀਆਂ ਕਿਤਾਬਾਂ ਹੋਰ ਪੜ੍ਹਨਾ ਚਾਹੁੰਦਾ ਹਾਂ। ਕੇਰਲ ਦੇ ਰਹਿਣ ਵਾਲੇ ਸ਼੍ਰੀਜੇਸ਼ ਨੇ ਕਿਹਾ ਕਿ ਅਜਿਹੇ ਮਾਹੌਲ ਵਿਚ ਖਿਡਾਰੀਆਂ ਨੂੰ ਘਰ ਦੀ ਚਿੰਤਾ ਹੋਣੀ ਲਾਜ਼ਮੀ ਹੈ। ਲਿਹਾਜ਼ਾ ਘਰਾਂ 'ਚ ਵੀਡੀਓ ਕਾਲ ਦੀ ਗਿਣਤੀ ਵੀ ਵਧ ਗਈ ਹੈ। ਉਸ ਨੇ ਕਿਹਾ, ''ਮੇਰੇ ਪਿਤਾ ਜੀ 60 ਤੋਂ ਵੱਧ ਉਮਰ ਦੇ ਹਨ ਤੇ ਬੱਚੇ 7 ਸਾਲ ਤੋਂ ਛੋਟੇ ਹਨ। ਮੈਂ ਉਨ੍ਹਾਂ ਨੂੰ ਘਰ ਤੋਂ ਬਿਲਕੁਲ ਬਾਹਰ ਨਹੀਂ ਨਿਕਲਣ ਦੀ ਹਦਾਇਤ ਦਿੱਤੀ।'' ਉਥੇ ਹੀ ਜਲੰਧਰ ਦੇ ਰਹਿਣ ਵਾਲੇ ਭਾਰਤ ਦੇ ਸਟਾਰ ਫਾਰਵਰਡ ਮਨਦੀਪ ਸਿੰਘ ਨੇ ਕਿਹਾ ਕਿ ਸਾਰੇ ਖਿਡਾਰੀ ਆਪਣੀ ਅੰਗਰੇਜ਼ੀ ਸੁਧਾਰਨ 'ਤੇ ਜ਼ੋਰ ਦੇ ਰਹੇ ਹਨ, ਜਿਸ ਦੇ ਲਈ ਹੋਮਵਰਕ ਵੀ ਮਿਲਦਾ ਹੈ।
ਉਸ ਨੇ ਕਿਹਾ, ''ਕ੍ਰਿਸ ਸੀਰੀਅਲੋ (ਭਾਰਤੀ ਟੀਮ ਦੇ ਮਾਹਿਰ ਕੋਚ) ਦੀ ਪਤਨੀ ਹਫਤੇ ਵਿਚ ਇਕ ਵਾਰ ਖਿਡਾਰੀਆਂ ਦੀ ਅੰਗਰੇਜ਼ੀ ਦੀ ਕਲਾਸ ਲੈਂਦੀ ਹੈ। ਅਸੀਂ ਕਿਤਾਬਾਂ ਪੜ੍ਹ ਕੇ ਅਸਾਈਨਮੈਂਟ ਕਰਦੇ ਰਹਿੰਦੇ ਹਾਂ ਤੇ ਇਸ ਵਿਚ ਮਜ਼ਾ ਆ ਰਿਹਾ ਹੈ। ਮੈਂ ਓਲੰਪਿਕ 'ਤੇ ਆਧਾਰਿਤ ਕਿਤਾਬ ਪੜ੍ਹ ਰਿਹਾ ਹਾਂ।'' ਭਾਰਤੀ ਮਹਿਲਾ ਟੀਮ ਦੀ ਤਜਰਬੇਕਾਰ ਗੋਲਕੀਪਰ ਸਵਿਤਾ ਦੀ ਮਾਂ ਉਸ ਨੂੰ ਹਰਿਆਣਾ ਦੇ ਸਿਰਸਾ ਤੋਂ ਵੀਡੀਓ ਕਾਲ 'ਤੇ ਰੋਜ਼ ਕੋਰੋਨਾ ਤੋਂ ਬਚਣ ਲਈ ਘਰੇਲੂ ਨੁਸਖੇ ਦਿੰਦੀ ਹੈ। ਸਵਿਤਾ ਦਾ ਕਹਿਣਾ ਹੈ ਕਿ ਸਾਈ ਸੈਂਟਰ ਦੇ ਸੁਰੱਖਿਅਤ ਮਾਹੌਲ ਵਿਚ ਹੋਣ ਤੋਂ ਘਰਵਾਲੇ ਵੀ ਚਿੰਤਾ ਨਹੀਂ ਕਰਦੇ। ਉਸ ਨੇ ਕਿਹਾ, ''ਅਸੀਂ ਅਭਿਆਸ ਦੇ ਨਾਲ ਟੀਮ ਬਾਂਡਿੰਗ 'ਤੇ ਕੰਮ ਕਰ ਰਹੇ ਹਾਂ।  ਇਸ ਤੋਂ ਇਲਾਵਾ ਤੈਰਾਕੀ ਕਰਦੇ ਹਾਂ। ਮਨੋਰੰਜਕ ਖੇਡਾਂ ਦੀ ਜ਼ਿੰਮੇਵਾਰੀ ਵੀ ਕੁਝ ਖਿਡਾਰੀਆਂ ਨੂੰ ਦਿੱਤੀ ਗਈ ਹੈ, ਜਿਹੜੇ ਕੁਝ ਨਾ ਕੁਝ ਨਵੀਆਂ ਖੇਡਾਂ ਖਿਡਾਉਂਦੇ ਹਨ।'' ਟੀਮ ਦੀ ਨੌਜਵਾਨ ਖਿਡਾਰਨ ਨਵਨੀਤ ਕੌਰ ਨੇ ਦੱਸਿਆ ਕਿ ਖਿਡਾਰੀ ਵੀ ਸਫਾਈ ਤੇ ਦੂਰੀ ਬਣਾਈ ਰੱਖਣ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਉਸ ਨੇ ਕਿਹਾ, ''ਇਥੇ ਹਰ ਜਗ੍ਹਾ ਹੈਂਡਵਾਸ਼ ਤੇ ਸੈਨੇਟਾਈਜ਼ਰ ਰੱਖੇ ਹੋਏ ਹਨ। ਅਸੀਂ ਜਿਮ ਵੀ ਸੈਨੇਟਾਈਜ਼ ਹੋਣ ਤੋਂ ਬਾਅਦ ਇਸਤੇਮਾਲ ਕਰਦੇ ਹਾਂ। ਇਸ ਤੋਂ ਇਲਾਵਾ ਦੂਰੀ ਵੀ ਬਣਾ ਕੇ ਰੱਖ ਰਹੇ ਹਾਂ।''
ਨਵਨੀਤ ਨੇ ਦੱਸਿਆ ਕਿ ਖਾਲੀ ਸਮੇਂ ਵਿਚ ਖਿਡਾਰੀਆਂ ਨੇ ਮੀਟਿੰਗ ਰੂਮ 'ਚ ਕਈ ਮਨਪਸੰਦ ਫਿਲਮਾਂ ਦੇਖ ਲਈਆਂ। ਉਸ ਨੇ ਕਿਹਾ, ''ਆਮ ਤੌਰ 'ਤੇ ਅਸੀਂ ਬਾਹਰ ਸ਼ਾਪਿੰਗ ਜਾਂ ਮੂਵੀ ਲਈ ਹੀ ਜਾਂਦੇ ਸੀ। ਅਸੀਂ ਪਿਛਲੇ ਹਫਤੇ ਮਿਲੇ ਸਮੇਂ ਵਿਚ ਕਈ ਫਿਲਮਾਂ ਦੇਖੀਆਂ, ਜਿਨ੍ਹਾਂ ਵਿਚ 'ਪਾਨੀਪਤ', 'ਪਿਆਰ ਕਾ ਪੰਚਨਾਮਾ', 'ਵਾਰ' ਆਦਿ ਸ਼ਾਮਲ ਸਨ।''


Gurdeep Singh

Content Editor

Related News