ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ
Monday, Sep 02, 2019 - 06:46 PM (IST)

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੇ ਗਿ੍ਰਫਤਾਰੀ ਦਾ ਵਾਰੰਟ ਜਾਰੀ ਹੋਇਆ ਹੈ। ਕੋਰਟ ਨੇ ਮੁਹੰਮਦ ਸ਼ਮੀ ਨੂੰ ਸਰੰਡਰ ਕਰਨ ਲਈ 15 ਦਿਨਾ ਦਾ ਸਮਾਂ ਦਿੱਤਾ ਹੈ। ਦਰਅਸਲ, ਮੁਹੰਮਦ ਸ਼ਮੀ ’ਤੇ ਉਸਦੀ ਪਤਨੀ ਹਸੀਨ ਜਹਾਂ ਨੇ ਸਾਲ 2018 ਵਿਚ ਮਾਰਕੁੱਟ, ਦਹੇਜ ਲਈ ਤੰਗ ਕਰਨ, ਘਰੇਲੂ ਹਿੰਸਾ ਅਤੇ ਹੱਤਿਆ ਦੀ ਕੋਸ਼ਿਸ਼ ਦੇ ਗੰਭੀਰ ਦੋਸ਼ ਲਗਾਏ ਸਨ। ਦੱਸ ਦਈਏ ਕਿ ਸ਼ਮੀ ਇਸ ਸਮੇਂ ਭਾਰਤੀ ਟੀਮ ਨਾਲ ਵੈਸਟਇੰਡੀਜ਼ ਦੌਰੇ ’ਤੇ ਹਨ।
ਸ਼ਮੀ ਦਾ ਤਲਾਕ ਦਾ ਕੇਸ ਕੋਲਕਾਤਾ ਕੋਰਟ ਵਿਚ ਚਲ ਰਿਹਾ ਹੈ। ਕੋਰਟ ਨੇ ਸ਼ਮੀ ਨੂੰ 15 ਦਿਨ ਦੇ ਅੰਦਰ ਸਰੰਡਰ ਕਰਨ ਲਈ ਕਿਹਾ ਹੈ। ਕੋਲਕਾਤਾ ਹਾਈ ਕੋਰਟ ਨੇ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਜੇਕਰ ਸ਼ਮੀ 15 ਦਿਨ ਦੇ ਅੰਦਰ ਕੋਰਟ ਵਿਚ ਹਾਜ਼ਰ ਨਹੀਂ ਹੁੰਦਾ ਹੈ ਤਾਂ ਉਸ ਨੂੰ ਗਿ੍ਰਫਤਾਰ ਕਰ ਲਿਆ ਜਾਵੇ। ਪਿਛਲੇ ਸਾਲ ਕੋਲਕਾਤਾ ਪੁਲਿਸ ਨੇ ਹਸੀਨ ਜਹਾਂ ਦੀ ਸ਼ਿਕਾਇਤ ਤੋਂ ਬਾਅਦ ਸ਼ਮੀ ’ਤੇ ਆਈ. ਪੀ. ਸੀ. ਦੀਆਂ 7 ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਹਸੀਨ ਦੇ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਉਸ ਦਾ ਸਾਲਾਨਾ ਕਰਾਰ ਰੱਦ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਬੋਰਡ ਨੇ ਉਸ ਨੂੰ ਕਲੀਨ ਚਿੱਟ ਦਿੰਦਿਆਂ ਬੀ-ਗ੍ਰੇਡ ਵਿਚ ਰੱਖਿਆ ਹੈ। ਇਸ ਤੋਂ ਬਾਅਦ ਸ਼ਮੀ ਨੇ ਆਈ. ਪੀ. ਐੱਲ. ਵਿਚ ਵੀ ਧਮਾਲ ਮਚਾਇਆ ਅਤੇ ਫਿਰ ਆਈ. ਸੀ. ਸੀ. ਵਰਲਡ ਕੱਪ ਵਿਚ ਹੈਟਿ੍ਰਕ ਲੈ ਕੇ ਪੂਰੀ ਦੁਨੀਆ ਵਿਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਦਾ ਲੋਹਾ ਮਨਵਾਇਆ।