ਸੰਨਿਆਸ ਦੇ ਫੈਸਲੇ ਲਈ ਜੂਝਦੇ ਰਹੇ ਨੇ ਭਾਰਤੀ ਕ੍ਰਿਕਟਰ

09/24/2019 12:33:44 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਵਿਚ ਸੰਨਿਆਸ ਕਿਸੇ ਪਹੇਲੀ ਦੀ ਤਰ੍ਹਾਂ ਹੈ, ਜਿਥੇ ਕੁਝ ਖਿਡਾਰੀਆਂ ਨੇ ਸਹੀ ਸਮੇਂ ਇਹ ਫੈਸਲਾ ਕੀਤਾ, ਜਦਕਿ ਕੁਝ ਇਸ ਬਾਰੇ ਫੈਸਲਾ ਲੈਣ ਲਈ ਜੂਝਦੇ ਦਿਸੇ। ਮਹਿੰਦਰ ਸਿੰਘ ਧੋਨੀ ਦੇ ਭਵਿੱਖ 'ਤੇ ਜਾਰੀ ਸ਼ਸ਼ੋਪੰਜ ਨੇ ਇਕ ਵਾਰ ਫਿਰ ਇਸ ਬਹਿਸ ਨੂੰ ਛੇੜ ਦਿੱਤਾ ਹੈ ਕਿ ਭਾਰਤੀ ਕ੍ਰਿਕਟ ਦੇ ਸਭ ਤੋਂ ਵੱਡੇ ਸਿਤਾਰਿਆਂ ਵਿਚੋਂ ਇਕ ਕਦੋਂ ਖੇਡ ਨੂੰ ਅਲਵਿਦਾ ਕਹੇਗਾ। ਝਾਰਖੰਡ ਦਾ 38 ਸਾਲਾ ਧੋਨੀ ਪਿਛਲੇ ਦੋ ਮਹੀਨਿਆਂ ਤੋਂ ਟੀਮ ਨਾਲ ਨਹੀਂ ਹੈ ਤੇ ਨਵੰਬਰ ਤੋਂ ਪਹਿਲਾਂ ਉਸ ਦੇ ਟੀਮ ਨਾਲ ਜੁੜਨ 'ਤੇ ਵੀ ਸ਼ਸ਼ੋਪੰਜ ਦੀ ਸਥਿਤੀ ਬਰਕਰਾਰ ਹੈ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਨੂੰ ਲੈ ਕੇ ਅਜੇ ਤਕ ਧੋਨੀ ਵਲੋਂ ਕੁਝ ਨਹੀਂ ਕਿਹਾ ਗਿਆ ਹੈ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ, ''ਇਸ ਗੱਲ ਦੀ ਸੰਭਾਵਨਾ ਬੇਹੱਦ ਘੱਟ ਹੈ ਕਿ ਧੋਨੀ ਬੰਗਲਾਦੇਸ਼ ਦੌਰੇ ਲਈ ਉਪਲੱਬਧ ਹੋਵੇਗਾ। ਬੀ. ਸੀ. ਸੀ. ਆਈ. ਵਿਚ ਅਸੀਂ ਸੀਨੀਅਰ ਤੇ ਏ-ਟੀਮ ਦੇ ਕ੍ਰਿਕਟਰਾਂ ਲਈ 45 ਦਿਨ ਪਹਿਲਾਂ ਮੈਚਾਂ (ਕੌਮਾਂਤਰੀ ਤੇ ਘਰੇਲੂ) ਦੀ ਤਿਆਰੀ ਕਰ ਲੈਂਦੇ ਹਾਂ, ਜਿਸ ਵਿਚ ਟ੍ਰੇਨਿੰਗ, ਡੋਪਿੰਗ ਰੋਕੂ ਪ੍ਰੋਗਰਾਮ ਨਾਲ ਜੁੜੀਆਂ ਚੀਜ਼ਾਂ ਸ਼ਾਮਲ ਹਨ।''
ਇਹ ਪਤਾ ਲੱਗਾ ਹੈ ਕਿ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਵਿਜੇ ਹਜ਼ਾਰੇ ਰਾਸ਼ਟਰੀ ਵਨ ਡੇ ਚੈਂਪੀਅਨਸ਼ਿਪ ਵਿਚ ਧੋਨੀ ਝਾਰਖੰਡ ਲਈ ਨਹੀਂ ਖੇਡੇਗਾ।  ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਹਿੰਦਰ ਸਿੰਘ ਧੋਨੀ ਨੇ ਲੰਬੇ ਸਮੇਂ ਤਕ ਭਾਰਤੀ ਕ੍ਰਿਕਟ ਦੀ ਸੇਵਾ ਕੀਤੀ ਹੈ ਪਰ ਪਰਦੇ 'ਤੇ ਧੋਨੀ ਦਾ ਕਿਰਦਾਰ ਨਿਭਾਉਣ ਵਾਲੇ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਇਕ ਗੱਲਬਾਤ ਵਿਚ ਕਿਹਾ, ''ਅਸੀਂ ਸਾਰੇ ਸੇਵਕ ਹਾਂ ਤੇ ਰਾਸ਼ਟਰ ਦੀ ਸੇਵਾ ਕਰ ਰਹੇ ਹਾਂ।''ਧੋਨੀ ਨੂੰ ਸ਼ਾਇਦ ਇਸ ਦਾ ਮਤਲਬ ਸਮਝਣਾ ਪਵੇਗਾ।

PunjabKesari
ਬਿਹਤਰੀਨ ਤਰੀਕੇ ਨਾਲ ਲਿਆ ਸੀ ਗਾਵਸਕਰ ਨੇ ਸੰਨਿਆਸ ਦਾ ਫੈਸਲਾ
ਧਾਕੜ ਸੁਨੀਲ ਗਾਵਸਕਰ ਨੇ ਹਾਲ ਹੀ ਵਿਚ ਇਕ ਟੈਲੀਵਿਜ਼ਨ ਪ੍ਰੋਗਰਾਮ ਵਿਚ ਕਿਹਾ ਸੀ, ''ਮੈਨੂੰ ਲੱਗਦਾ ਹੈ ਕਿ ਉਹ ਖੁਦ ਹੀ ਇਹ ਫੈਸਲਾ ਕਰ ਲਵੇਗਾ। ਸਾਨੂੰ ਮਹਿੰਦਰ ਸਿੰਘ ਧੋਨੀ ਤੋਂ ਅੱਗੇ ਬਾਰੇ ਸੋਚਣਾ ਚਾਹੀਦਾ ਹੈ। ਘੱਟ ਤੋਂ ਘੱਟ ਉਹ ਮੇਰੀ ਟੀਮ ਦਾ ਹਿੱਸਾ ਨਹੀਂ ਹੋਵੇਗਾ।''
ਗਾਵਸਕਰ ਨੂੰ ਇਕ ਕ੍ਰਿਕਟਰ ਦੇ ਤੌਰ 'ਤੇ ਸਿੱਧੇ ਸਪੱਸ਼ਟ ਤੌਰ 'ਤੇ ਬੋਲਣ ਲਈ ਜਾਣਿਆ ਜਾਂਦਾ ਹੈ। ਗੱਲ ਜਦੋਂ ਸੰਨਿਆਸ ਦੀ ਆਉਂਦੀ ਹੈ ਤਾਂ ਗਾਵਸਕਰ ਨੇ ਇਹ ਫੈਸਲਾ ਬਿਹਤਰੀਨ ਤਰੀਕੇ ਨਾਲ ਕੀਤਾ। ਗਾਵਸਕਰ ਨੇ ਚਿੰਨਾਸਵਾਮੀ ਸਟੇਡੀਅਮ ਦੀ ਟਰਨ ਲੈਂਦੀ ਪਿੱਚ 'ਤੇ ਆਪਣੇ ਆਖਰੀ ਟੈਸਟ ਵਿਚ ਪਾਕਿਸਤਾਨ ਵਿਰੁੱਧ 96 ਦੌੜਾਂ ਬਣਾਈਆਂ ਸਨ।  ਗਾਵਸਕਰ 1987 ਵਿਚ 34 ਸਾਲ ਦਾ ਸੀ ਪਰ ਆਪਣੀ ਸ਼ਾਨਦਾਰ ਤਕਨੀਕ ਦੇ ਦਮ 'ਤੇ 1989 ਦੇ ਪਾਕਿਸਤਾਨ ਦੌਰੇ ਤਕ ਖੇਡ ਸਕਦਾ ਸੀ। ਉਹ ਇਸ ਖੇਡ ਨੂੰ ਅਲਵਿਦਾ ਕਹਿਣ ਦੀ ਕਲਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਚੰਗੇ ਪ੍ਰਦਰਸ਼ਨ ਤੋਂ ਬਾਅਦ ਵੀ ਉਹ ਇਸ ਖੇਡ ਦਾ ਮਜ਼ਾ ਨਹੀਂ ਲੈ ਪਾ ਰਿਹਾ ਹੈ।  ਸਵ. ਵਿਜੇ ਮਰਚੈਂਟ ਨੇ ਇਕ ਵਾਰ ਕਿਹਾ ਸੀ ਕਿ ਖਿਡਾਰੀ ਨੂੰ ਸੰਨਿਆਸ ਦੇ ਫੈਸਲੇ ਬਾਰੇ  ਚੌਕਸ ਰਹਿਣਾ ਚਾਹੀਦਾ ਹੈ। ਉਸ ਨੂੰ ਉਸ ਸਮੇਂ 'ਤੇ ਸੰਨਿਆਸ ਲੈਣਾ ਚਾਹੀਦਾ ਹੈ, ਜਦੋਂ ਲੋਕ ਪੁੱਛਣ 'ਹੁਣ ਹੀ ਕਿਉਂ' ਨਾ ਕਿ ਉਦੋਂ, ਜਦੋਂ ਲੋਕ ਇਹ ਪੁੱਛਣ ਲੱਗਣ ਕਿ 'ਕਦੋਂ'।
ਕ੍ਰਿਕਟ ਨੂੰ ਅਲਵਿਦਾ ਕਹਿਣ ਦੀ ਤਿਆਰੀ ਕਰ ਰਹੇ ਇਕ ਖਿਡਾਰੀ ਨੇ ਕਿਹਾ, ''ਤੁਸੀਂ 10 ਸਾਲ ਦੀ ਉਮਰ ਵਿਚ ਖੇਡਣਾ ਸ਼ੁਰੂ ਕਰਦੇ ਹੋ, 20 ਸਾਲ ਦੀ ਉਮਰ ਵਿਚ ਡੈਬਿਊ ਕਰਦੇ ਹੋ ਤੇ 35 ਸਾਲ ਦੀ ਉਮਰ ਤਕ ਖੇਡਦੇ ਹੋ। ਤੁਸੀਂ ਪੈਸਾ ਕਮਾਉਂਦੇ ਹੋ, ਤੁਹਾਡੀ ਆਰਥਿਕ ਸਥਿਤੀ ਚੰਗੀ ਹੁੰਦੀ ਹੈ ਤੇ ਅਚਾਨਕ ਤੁਹਾਨੂੰ ਅਜਿਹਾ ਫੈਸਲਾ ਕਰਨਾ ਪੈਂਦਾ ਹੈ, ਜਿਸ ਨਾਲ ਆਰਥਿਕ ਸਥਿਤੀ ਪ੍ਰਭਾਵਿਤ ਹੁੰਦੀ ਹੈ।''

PunjabKesari
ਕਪਿਲ ਦੇਵ ਨੇ ਕੀਤੀ ਸੀ ਲੰਬੇ ਸਮੇਂ ਤਕ ਕਰੀਅਰ ਨੂੰ ਖਿੱਚਣ ਦੀ ਕੋਸ਼ਿਸ਼
ਹਰ ਮਹਾਨ ਕ੍ਰਿਕਟਰ ਹਾਲਾਂਕਿ ਗਾਵਸਕਰ ਦੀ ਤਰ੍ਹਾਂ ਇਸ ਕਲਾ ਵਿਚ ਮਾਹਿਰ ਨਹੀਂ ਰਿਹਾ। ਭਾਰਤ ਦੇ ਮਹਾਨ ਕ੍ਰਿਕਟਰਾਂ ਵਿਚ ਸ਼ਾਮਲ ਕਪਿਲ ਦੇਵ 'ਤੇ 1991 ਵਿਚ ਆਸਟੇਰਲੀਆਈ ਦੌਰੇ 'ਤੇ ਉਮਰ ਦਾ ਅਸਰ ਸਾਫ ਦਿਸ ਰਿਹਾ ਸੀ। ਕਪਿਲ ਵਿਸ਼ਵ ਰਿਕਾਰਡ ਦੇ ਨੇੜੇ ਸੀ ਪਰ ਉਸ ਦੀ ਗਤੀ ਵਿਚ ਕਮੀ ਆ ਗਈ ਸੀ ਤੇ ਉਹ ਲੈਅ ਵਿਚ ਨਹੀਂ ਸੀ। ਤੱਤਕਾਲੀ ਕਪਤਾਨ ਅਜ਼ਹਰੂਦੀਨ ਉਸ ਤੋਂ ਕੁਝ ਓਵਰ ਕਰਾਉਣ ਤੋਂ ਬਾਅਦ ਸਪਿਨਰਾਂ ਨੂੰ ਗੇਂਦ ਦੇ ਦਿੰਦਾ ਸੀ।  ਉਸ ਸਮੇਂ ਭਾਰਤੀ ਕ੍ਰਿਕਟ ਵਿਚ ਸਭ ਤੋਂ ਤੇਜ਼ ਗਤੀ ਨਾਲ ਗੇਂਦਬਾਜ਼ੀ ਕਰਨ ਵਾਲਿਆਂ ਵਿਚੋਂ ਇਕ ਜਵਾਗਲ ਸ਼੍ਰੀਨਾਥ ਨੂੰ ਕਪਿਲ ਦੇ ਟੀਮ ਵਿਚ ਹੋਣ ਕਾਰਨ ਤਿੰਨ ਸਾਲ ਤਕ ਰਾਸ਼ਟਰੀ ਟੀਮ ਵਿਚ ਮੌਕਾ ਨਹੀਂ ਮਿਲਿਆ ਸੀ। ਗਾਵਸਕਰ ਨੇ ਇਹ ਫੈਸਲਾ ਸ਼ਾਨਦਾਰ ਤਰੀਕੇ ਨਾਲ ਕੀਤਾ, ਜਦਕਿ ਕਪਿਲ ਦੇਵ ਨੇ ਲੰਬੇ ਸਮੇਂ ਤਕ ਕਰੀਅਰ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ।
2008 ਵਿਚ ਸਾਬਕਾ ਕਪਤਾਨ ਸੌਰਭ ਗਾਂਗੁਲੀ  ਨੇ ਆਸਟਰੇਲੀਆ ਦੌਰੇ ਤੋਂ ਪਹਿਲਾਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਚੋਣਕਾਰ ਉਸ ਨੂੰ ਇਕ ਵਾਰ ਫਿਰ ਟੀਮ ਵਿਚੋਂ ਬਾਹਰ ਕਰਨ। ਹਾਲਾਂਕਿ  ਉਸਦੇ ਲਈ ਟੈਸਟ ਕ੍ਰਿਕਟ ਵਿਚ ਆਖਰੀ ਦੇ ਦੋ ਸਾਲ ਸ਼ਾਨਦਾਰ ਰਹੇ।
2011 ਵਿਚ ਟੈਸਟ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦ੍ਰਾਵਿੜ ਨੇ ਵਨ ਡੇ ਟੀਮ ਵਿਚ ਜਗ੍ਹਾ ਬਣਾ ਲਈ। ਦ੍ਰਾਵਿੜ ਨੇ ਹਾਲਾਂਕਿ ਐਲਾਨ ਕਰ ਦਿੱਤਾ ਸੀ ਕਿ ਇਹ ਉਸ ਦੀ ਆਖਰੀ ਵਨ ਡੇ ਲੜੀ ਹੋਵੇਗੀ। ਇਸ ਤੋਂ ਛੇ ਮਹੀਨੇ ਬਾਅਦ ਆਸਟਰੇਲੀਆ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਸ ਨੇ ਟੈਸਟ ਕ੍ਰਿਕਟ ਨੂੰ ਵੀ ਅਲਵਿਦਾ ਕਹਿ ਦਿੱਤਾ ਸੀ।

PunjabKesari
ਸਚਿਨ ਲਈ ਮਾਮਲਾ ਬਿਲਕੁਲ ਵੱਖਰਾ ਸੀ
ਸਚਿਨ ਤੇਂਦੁਲਕਰ ਲਈ ਹਾਲਾਂਕਿ ਮਾਮਲਾ ਬਿਲਕੁਲ ਵੱਖਰਾ ਸੀ। ਉਹ ਸੈਂਕੜੇ ਨਹੀਂ ਬਣਾ ਪਾ ਰਿਹਾ ਸੀ ਪਰ ਬੱਲੇ ਨਾਲ ਠੀਕ-ਠਾਕ ਯੋਗਦਾਨ ਦੇ ਰਿਹਾ ਸੀ। ਵਰਿੰਦਰ ਸਹਿਵਾਗ ਤੇ ਗੌਤਮ ਗੰਭੀਰ ਵੀ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਰਹੇ, ਜਿਨ੍ਹਾਂ ਨੂੰ ਇਹ ਸਮਝਣ ਵਿਚ ਥੋੜ੍ਹਾ ਸਮਾਂ ਲੱਗਾ ਕਿ ਭਾਰਤੀ ਟੀਮ ਵਿਚ ਉਨ੍ਹਾਂ ਦਾ ਸਮਾਂ ਖਤਮ ਹੋ ਗਿਆ ਹੈ।


Gurdeep Singh

Content Editor

Related News