IND vs AUS : ਭਾਰਤੀ ਕ੍ਰਿਕਟਰ ਕਾਲੇ ਬੈਂਡ ਬੰਨ੍ਹ ਕੇ ਖੇਡਣ ਉਤਰੇ, ਜਾਣੋ ਕਾਰਨ
Sunday, Jan 19, 2020 - 03:10 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਜਾ ਰਹੇ ਤੀਜੇ ਅਤੇ ਫੈਸਲਾਕੁੰਨ ਵਨ-ਡੇ ਮੈਚ 'ਚ ਬਾਂਹ 'ਤੇ ਕਾਲੇ ਬੈਂਡ ਬੰਨ੍ਹ ਕੇ ਖੇਡਣ ਉਤਰੀ ਹੈ। ਭਾਰਤੀ ਖਿਡਾਰੀਆਂ ਨੇ ਇਹ ਕਾਲੇ ਬੈਂਡ ਬਾਪੂ ਨਾਡਕਰਣੀ ਦੇ ਨਾਂ ਨਾਲ ਮਸ਼ਹੂਰ ਕ੍ਰਿਕਟਰ ਰਮੇਸ਼ਚੰਦਰ ਗੰਗਾਰਾਮ ਦੇ ਸਨਮਾਨ 'ਚ ਪਹਿਨੇ ਹਨ। ਇੰਗਲੈਂਡ ਖਿਲਾਫ ਇਕ ਟੈਸਟ ਮੈਚ 'ਚ ਲਗਾਤਾਰ 21 ਓਵਰ ਮੇਡਨ ਕਰਾਉਣ ਦਾ ਰਿਕਾਰਡ ਬਣਾਉਣ ਵਾਲੇ ਸਾਬਕਾ ਭਾਰਤੀ ਆਲਰਾਊਂਡਰ ਬਾਪੂ ਨਾਡਕਰਣੀ ਦਾ ਸ਼ੁੱਕਰਵਾਰ (17 ਜਨਵਰੀ) ਨੂੰ ਦਿਹਾਂਤ ਹੋ ਗਿਆ ਸੀ। ਉਹ 86 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਅਤੇ ਦੋ ਧੀਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ, ''ਟੀਮ ਇੰਡੀਆ ਅੱਜ ਦੇ ਮੈਚ 'ਚ ਕਾਲੇ ਬੈਂਡ ਪਹਿਨ ਕੇ ਖੇਡੇਗੀ। ਇਹ ਕਾਲੇ ਬੈਂਡ ਬਾਪੂ ਨਾਡਕਰਣੀ ਦੇ ਸਨਮਾਨ 'ਚ ਖਿਡਾਰੀ ਪਹਿਨਣਗੇ।
ਨਾਡਕਰਣੀ ਖੱਬੇ ਹੱਥ ਦੇ ਬੱਲੇਬਾਜ਼ ਅਤੇ ਸੱਜੇ ਹੱਥ ਦੇ ਸਪਿਨਰ ਸਨ। ਉਨ੍ਹਾਂ ਨੇ ਭਾਰਤ ਲਈ 41 ਟੈਸਟ ਮੈਚਾਂ 'ਚ 1414 ਦੌੜਾਂ ਬਣਾਈਆਂ ਅਤੇ 88 ਵਿਕਟਾਂ ਲਈਆਂ। ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 43 ਦੌੜਾ ਦੇ ਕੇ 6 ਵਿਕਟਾਂ ਰਿਹਾ ਹੈ। ਉਹ ਮੁੰਬਈ ਦੇ ਚੋਟੀ ਦੇ ਕ੍ਰਿਕਟਰਾਂ 'ਚ ਸ਼ੁਮਾਰ ਵੀ ਰਹੇ ਸਨ। ਉਨ੍ਹਾਂ ਨੇ 191 ਪਹਿਲੇ ਦਰਜੇ ਦੇ ਮੈਚ ਖੇਡੇ ਜਿਸ 'ਚ 500 ਵਿਕਟ ਲਏ ਅਤੇ 8880 ਦੌੜਾਂ ਬਣਾਈਆਂ। ਨਾਸਿਕ 'ਚ ਜੰਮੇ ਨਾਡਕਰਣੀ ਨੇ ਨਿਊਜ਼ੀਲੈਂਡ ਦੇ ਖਿਲਾਫ ਦਿੱਲੀ 'ਚ 1955 'ਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ ਅਤੇ ਉਨ੍ਹਾਂ ਨੇ ਆਪਣਾ ਆਖਰੀ ਟੈਸਟ ਮੈਚ ਵੀ ਇਸੇ ਮੁਕਾਬਲੇਬਾਜ਼ ਖਿਲਾਫ 1968 'ਚ ਐੱਮ. ਏ. ਕੇ. ਪਟੌਦੀ ਦੀ ਅਗਵਾਈ 'ਚ ਆਕਲੈਂਡ 'ਚ ਖੇਡਿਆ ਸੀ।