ਥਾਈਲੈਂਡ ਨੂੰ ਹਰਾ ਕੇ ਭਾਰਤੀ ਬੈਡਮਿੰਟਨ ਪੁਰਸ਼ ਟੀਮ ਨੇ ਸੈਮੀਫਾਈਨਲ ''ਚ ਬਣਾਈ ਜਗ੍ਹਾ

02/15/2020 12:57:20 PM

ਸਪੋਰਟਸ ਡੈਸਕ— ਭਾਰਤੀ ਪੁਰਸ਼ ਟੀਮ ਨੇ ਸ਼ੁੱਕਰਵਾਰ ਨੂੰ ਬੈਡਮਿੰਟਨ ਏਸ਼ੀਆਈ ਟੀਮ ਚੈਂਪੀਅਨਸ਼ਿਪ 'ਚ ਥਾਈਲੈਂਡ ਨੂੰ 3-2 ਨਾਲ ਮਾਤ ਦਿੰਦੇ ਹੋਏ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਇਹ ਜਿੱਤ ਸ਼ੁਰੂਆਤ ਦੋ ਮੁਕਾਬਲੇ ਗੁਆਉਣ ਤੋਂ ਬਾਅਦ ਹਾਸਲ ਕੀਤੀ। ਵਰਲਡ ਚੈਂਪੀਅਨਸ਼ਿਪ 'ਚ ਕਾਂਸੀ ਤਮਗੇ ਜਿੱਤਣ ਵਾਲੇ ਸਾਈ ਪ੍ਰਣੀਤ ਅਤੇ ਸਾਬਕਾ ਵਰਲਡ ਨੰਬਰ-1 ਕਿਦਾਂਬੀ ਸ਼੍ਰੀਕਾਂਤ ਦੋਵਾਂ ਆਪਣੇ ਸਿੰਗਲ ਵਰਗ ਦੇ ਮੁਕਾਬਲੇ ਹਾਰ ਗਏ ਸਨ ਪਰ ਇਸ ਤੋਂ ਬਾਅਦ ਭਾਰਤ ਨੇ ਲਗਾਤਾਰ ਤਿੰਨ ਮੈਚ ਜਿੱਤਦੇ ਹੋਏ ਆਖਰੀ-4 'ਚ ਪ੍ਰਵੇਸ਼ ਕੀਤਾ।

ਪ੍ਰਣੀਤ ਨੂੰ ਵਰਲਡ ਨੰਬਰ-12 ਕਾਂਟਾਫੋਨ ਵਾਂਗਚਾਰੋਏਨ ਨੇ 21-14,14-21, 21-12 ਨਾਲ ਹਰਾਇਆ। ਉਥੇ ਹੀ ਸ਼੍ਰੀਕਾਂਤ ਨੂੰ 35ਵੀਂ ਰੈਂਕ ਕੁਨਲਾਵੁਤ ਵਿਦਿਤਸਾਰਨ ਨੇ 22-20, 21-14 ਨਾਲ ਹਰਾਇਆ। ਇਸ ਤੋਂ ਬਾਅਦ ਡਬਲਜ਼ ਵਰਗ ਦੇ ਮੁਕਾਬਲੇ 'ਚ ਐੱਮ. ਆਰ. ਅਰਜੁਨ ਅਤੇ ਧਰੂਵ ਕਪਿਲਾ ਨੇ ਕਿੱਟਿਨੂਪੋਂਗ ਕੇਡ੍ਰੇਨ ਅਤੇ ਤਾਨੂਪਾਤ ਵਿਰੀਯਾਂਗਕੁਰਾ ਦੀ ਜੋੜੀ ਨੂੰ 21-18, 22-20 ਨਾਲ ਹਾਰ ਦਿੱਤੀ। 18 ਸਾਲ ਦੇ ਲਕਸ਼ੈ ਸੇਨ ਨੇ ਫਿਰ ਸਿੰਗਲ ਵਰਗ 'ਚ ਸੁਪਨਿਊ ਅਵਿਹਿੰਗਸਾਨੋਨ ਨੂੰ 21-19, 21-18 ਨਾਲ ਹਰਾ ਸਕੋਰ ਬਰਾਬਰ ਕਰ ਦਿੱਤਾ।PunjabKesari
ਇਸ ਤੋਂ ਬਾਅਦ ਸ਼੍ਰੀਕਾਂਤ ਅਤੇ ਚਿਰਾਗ ਸ਼ੇੱਟੀ ਨੇ ਡਬਲਜ਼ ਵਰਗ ਦੇ ਆਖਰੀ ਮੈਚ 'ਚ ਮਾਨੀਪੋਂਗ ਜੋਂਗਿਟ ਅਤੇ ਨਿਪਿਟਫੋਨ ਫੂਆਂਗਫੂਆਪੇਟ ਦੀ ਜੋੜੀ ਨੂੰ 21-15, 16-21, 21-15 ਨਾਲ ਹਰਾ ਭਾਰਤ ਨੂੰ ਜਿੱਤ ਦਿਵਾਈ। ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਸ਼ਨੀਵਾਰ ਨੂੰ ਮੌਜੂਦਾ ਜੇਤੂ ਇੰਡੋਨੇਸ਼ੀਆ ਨਾਲ ਹੋਵੇਗਾ। ਇੰਡੋਨੇਸ਼ੀਆ ਨੇ ਦਿਨ ਦੇ ਪਹਿਲੇ ਪਹਿਰ 'ਚ ਮੇਜ਼ਬਾਨ ਫਿਲੀਪੀਂਸ ਨੂੰ 3-0 ਨਾਲ ਹਰਾਇਆ।


Related News