ਪਾਕਿਸਤਾਨ ਨੂੰ ਹਰਾ ਕੇ ਭਾਰਤ ਨੇ ਦੋਸਤਾਨਾ ਬਲਾਈਂਡ ਕ੍ਰਿਕਟ ਸੀਰੀਜ਼ ਜਿੱਤੀ

Monday, Feb 26, 2024 - 03:10 PM (IST)

ਦੁਬਈ, (ਵਾਰਤਾ)– ਕਪਤਾਨ ਸੁਨੀਲ ਰਮੇਸ਼ (64) ਤੇ ਅਜੇ ਕੁਮਾਰ ਰੈੱਡੀ (66) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਦੀ ਪੁਰਸ਼ ਬਲਾਈਂਡ ਕ੍ਰਿਕਟ ਟੀਮ ਨੇ ਤੀਜੇ ਟੀ-20 ਵਿਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਦੋਸਤਾਨਾ ਕ੍ਰਿਕਟ ਲੜੀ 2-1 ਨਾਲ ਜਿੱਤ ਲਈ। ਦੁਬਈ ਦੀ ਆਈ. ਸੀ. ਸੀ. ਕ੍ਰਿਕਟ ਅਕੈਡਮੀ ਗਰਾਊਂਡ ਵਿਚ ਪਾਕਿਸਤਾਨ ਨੇ ਪਹਿਲਾ ਮੈਚ ਜਿੱਤਿਆ ਸੀ ਪਰ ਭਾਰਤ ਸ਼ੁੱਕਰਵਾਰ ਨੂੰ ਦੂਜਾ ਟੀ-20 ਜਿੱਤ ਕੇ ਸੀਰੀਜ਼ ਵਿਚ ਵਾਪਸ ਆ ਗਿਆ ਸੀ।  ਟੀ. ਦੁਰਗਾ ਰਾਓ ਨੇ 3 ਵਿਕਟਾਂ ਲਈਆਂ। ਅਜੇ ਕੁਮਾਰ ਰੈੱਡੀ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਭਾਰਤ ਨੇ 8 ਗੇਂਦਾਂ ਬਾਕੀ ਰਹਿੰਦਿਆਂ ਟੀਚੇ ਨੂੰ ਹਾਸਲ ਕਰ ਲਿਆ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਨੂੰ ਸ਼ੁਰੂਆਤੀ ਝਟਕਾ ਲੱਗਾ ਜਦੋਂ ਕਪਤਾਨ ਬਦਰ ਮੁਨੀਰ ਪਹਿਲੇ ਹੀ ਓਵਰ ਵਿਚ ਆਊਟ ਹੋ ਗਿਆ। ਬਾਅਦ ਦੀਆਂ ਦੋ ਸਾਂਝੇਦਾਰੀਆਂ ਨੇ ਪਾਕਿਸਤਾਨ ਦੀਆਂ ਉਮੀਦਾਂ ਨੂੰ ਦੁਬਾਰਾ ਵਾਪਸੀ ਕਰਵਾਈ ਤੇ 12ਵੇਂ ਓਵਰ ਵਿਚ ਟੀਮ 3 ਵਿਕਟਾਂ ’ਤੇ 124 ਦੌੜਾਂ ’ਤੇ ਪਹੁੰਚ ਗਈ। ਪਾਕਿਸਤਾਨ ਨੇ ਤੇਜ਼ ਗਤੀ ਨਾਲ ਦੌੜਾਂ ਬਣਾਉਣਾ ਜਾਰੀ ਰੱਖਿਆ ਤੇ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ’ਤੇ 193 ਦੌੜਾਂ ਬਣਾਈਆਂ। ਪਾਕਿਸਤਾਨ ਲਈ ਮੁਹੰਮਦ ਸਲਮਾਨ ਨੇ 39 ਗੇਂਦਾਂ ਵਿਚ 74 ਦੌੜਾਂ ਬਣਾਈਆਂ।

ਫੈਸਲਾਕੁੰਨ ਮੈਚ ਵਿਚ 194 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੁਨੀਲ ਤੇ ਡੀ. ਵੈਂਕਟੇਸ਼ ਰਾਓ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਵੈਂਕਟੇਸ਼ 24 ਗੇਂਦਾਂ ਵਿਚ 33 ਦੌੜਾਂ ਬਣਾ ਕੇ 8ਵੇਂ ਓਵਰ ਵਿਚ ਆਊਟ ਹੋ ਗਿਆ ਪਰ ਸੁਨੀਲ ਤੇ ਅਜੇ ਨੇ ਭਾਰਤ ਦੀ ਜਿੱਤ ਲਈ ਮਜ਼ਬੂਤ ਪਲੇਟਫਾਰਮ ਤਿਆਰ ਕੀਤਾ, ਜਿਸ ਦੀ ਬਦੌਲਤ 18.4 ਓਵਰਾਂ ਵਿਚ 2 ਵਿਕਟਾਂ ’ਤੇ 196 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਤੈਅ ਹੋ ਗਈ।


Tarsem Singh

Content Editor

Related News