ਝੂਲਨ ਦਾ ਆਖ਼ਰੀ ਵਨ-ਡੇ, ਦੀਪਤੀ ਦੀਆਂ 68 ਦੌੜਾਂ, ਭਾਰਤ ਨੇ ਇੰਗਲੈਂਡ ਨੂੰ ਦਿੱਤਾ 170 ਦੌੜਾਂ ਦਾ ਟੀਚਾ

09/24/2022 7:02:21 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਕ੍ਰਿਕਟ ਟੀਮ ਤੇ ਇੰਗਲੈਂਡ ਦੀ ਮਹਿਲਾ ਟੀਮ ਦਰਮਿਆਨ ਤੀਜੇ ਤੇ ਆਖਰੀ ਵਨ-ਡੇ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 45 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਇੰਗਲੈਂਡ ਨੂੰ ਜਿੱਤ 170 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ ਦੀਪਤੀ ਸ਼ਰਮਾ ਨੇ 68 ਤੇ ਸਮ੍ਰਿਤੀ ਮੰਧਾਨਾ ਨੇ 50 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਕਪਤਾਨ ਹਰਮਨਪ੍ਰੀਤ ਕੌਰ 4, ਹਰਲੀਨ ਦਿਓਲ 3, ਹੇਮਲਤਾ 3, ਪੂਜਾ ਵਸਤਰਾਕਾਰ 22 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ੇਫਾਲੀ ਵਰਮਾ, ਯਸਤਿਕਾ ਭਾਟੀਆ, ਝੂਲਨ ਗੋਸਵਾਮੀ, ਰੇਣੁਕਾ ਸਿੰਘ ਤੇ ਰਾਜੇਸ਼ਵਰੀ ਗਾਇਕਵਾੜ ਆਪਣਾ ਖਾਤਾ ਵੀ ਨਾ ਖੋਲ ਸਕੀਆਂ ਤੇ ਸਿਫਰ ਦੇ ਨਿੱਜੀ ਸਕੋਰ 'ਤੇ ਪਵੇਲੀਅਨ ਪਰਤ ਗਈਆਂ।

ਇੰਗਲੈਂਡ ਵਲੋਂ ਫ੍ਰੇਆ ਡੇਵਿਸ ਨੇ 1, ਕੇਟ ਕਰਾਸ ਨੇ 4, ਫ੍ਰੇਆ ਕੈਂਪ ਨੇ 2, ਚਾਰਲੋਟ ਨੇ 1 ਤੇ ਸੋਫੀ ਐਕਲੇਸਟੋਨ ਨੇ 2 ਵਿਕਟਾਂ ਲਈਆਂ। ਭਾਰਤ 3 ਮੈਚਾਂ ਦੀ ਸੀਰੀਜ਼ 'ਚ ਪਹਿਲਾਂ ਹੀ 2-0 ਦੀ ਬੜ੍ਹਤ ਬਣਾ ਚੁੱਕਾ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦਾ ਇਹ ਆਖਰੀ ਅੰਤਰਰਾਸ਼ਟਰੀ ਮੈਚ ਹੈ ਅਤੇ ਭਾਰਤ ਇਸ ਨੂੰ ਜਿੱਤ ਕੇ ਅਤੇ ਇੰਗਲੈਂਡ ਦੀ ਧਰਤੀ 'ਤੇ ਪਹਿਲੀ ਵਾਰ ਕਲੀਨ ਸਵੀਪ ਕਰਕੇ ਇਸ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗਾ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੀ ਇਤਿਹਾਸਕ ਉਪਲੱਬਧੀ, T-20 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣੇ

ਝੂਲਨ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਬੀ. ਸੀ. ਸੀ. ਆਈ. ਅਤੇ ਬੰਗਾਲ ਕ੍ਰਿਕਟ ਸੰਘ, ਮੇਰਾ ਪਰਿਵਾਰ, ਕੋਚ, ਕਪਤਾਨ ਦਾ ਧੰਨਵਾਦ। ਇਸ ਮੌਕੇ ਲਈ ਤੁਹਾਡਾ ਧੰਨਵਾਦ, ਇਹ ਇੱਕ ਖਾਸ ਪਲ ਹੈ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ 2002 'ਚ ਇੰਗਲੈਂਡ ਦੇ ਖਿਲਾਫ ਕੀਤੀ ਸੀ ਅਤੇ ਇੰਗਲੈਂਡ ਖਿਲਾਫ ਸਮਾਪਤ ਕਰ ਰਹੀ ਹਾਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਸੀਰੀਜ਼ 'ਚ 2-0 ਨਾਲ ਅੱਗੇ ਹਾਂ। ਆਪਣੇ ਸ਼ਾਨਦਾਰ ਸਫਰ ਨੂੰ ਯਾਦ ਕਰਦੇ ਹੋਏ ਮਹਿਲਾ ਕ੍ਰਿਕਟ ਦੀ ਸਭ ਤੋਂ ਸਫਲ ਗੇਂਦਬਾਜ਼ ਝੂਲਨ ਨੇ ਕਿਹਾ ਕਿ ਹਰ ਪਲ ਭਾਵਨਾਵਾਂ ਨਾਲ ਭਰਿਆ ਹੁੰਦਾ ਹੈ। 

2017 ਵਰਲਡਜ਼ ਵਿੱਚ ਅਸੀਂ ਵਾਪਸੀ ਕੀਤੀ ਅਤੇ ਇੱਕ ਸਖ਼ਤ ਚੁਣੌਤੀ ਦਿੱਤੀ, ਕਿਸੇ ਨੇ ਸ਼ੁਰੂ ਵਿੱਚ ਨਹੀਂ ਸੋਚਿਆ ਸੀ ਕਿ ਅਸੀਂ ਫਾਈਨਲ ਵਿੱਚ ਜਗ੍ਹਾ ਬਣਾਵਾਂਗੇ, ਜਿਸ ਤਰ੍ਹਾਂ ਅਸੀਂ ਉਸ ਟੂਰਨਾਮੈਂਟ ਨੂੰ ਖੇਡਿਆ ਉਹ ਕੁਝ ਵੱਖਰਾ ਸੀ। ਉਨ੍ਹਾਂ ਕਿਹਾ ਕਿ ਉਥੋਂ ਭਾਰਤੀ ਮਹਿਲਾ ਕ੍ਰਿਕਟ ਨੇ ਹੌਲੀ-ਹੌਲੀ ਤਰੱਕੀ ਕੀਤੀ ਅਤੇ ਹੁਣ ਅਸੀਂ ਆਪਣੇ ਰਸਤੇ 'ਤੇ ਚੱਲ ਰਹੇ ਹਾਂ ਅਤੇ ਅਸੀਂ ਨੌਜਵਾਨ ਲੜਕੀਆਂ ਨੂੰ ਖੇਡ ਖੇਡਣ ਅਤੇ ਕ੍ਰਿਕਟ 'ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰ ਸਕਦੇ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News