6ਵਾਂ ਸੈਫ ਮਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ ਭਾਰਤ

Saturday, Jun 06, 2026 - 11:17 AM (IST)

6ਵਾਂ ਸੈਫ ਮਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ ਭਾਰਤ

ਮਡਗਾਂਵ– ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਟੀਮ ਸ਼ਨੀਵਾਰ ਨੂੰ ਇੱਥੇ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ’ਚ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ’ਚ ਸ਼ੁਰੂਆਤ ਕਰੇਗੀ।

ਭਾਰਤ ਖੇਤਰੀ ਟੂਰਨਾਮੈਂਟ ’ਚ ਆਪਣਾ ਰਿਕਾਰਡ 6ਵਾਂ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ। ਉਸ ਨੂੰ ਫਾਈਨਲ ’ਚ ਬੰਗਲਾਦੇਸ਼ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਪਰ ਉਹ ਆਪਣੇ ਇਸ ਵਿਰੋਧੀ ਵਿਰੁੱਧ ਗਰੁੱਪ ਪੜਾਅ ’ਚ 3-0 ਦੀ ਜਿੱਤ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰੇਗਾ। ਭਾਰਤੀ ਟੀਮ ਲਗਾਤਾਰ 5 ਖਿਤਾਬ ਜਿੱਤਣ ਤੋਂ ਬਾਅਦ ਪਿਛਲੇ ਦੋ ਮੌਕਿਆਂ ’ਤੇ ਫਾਈਨਲ ਤੱਕ ਵੀ ਨਹੀਂ ਪਹੁੰਚ ਸਕੀ ਸੀ। ਬੰਗਲਾਦੇਸ਼ ਨੇ 2022 ਤੇ 2024 ’ਚ ਦੋਵਾਂ ਮੌਕਿਆਂ ’ਤੇ ਨੇਪਾਲ ਨੂੰ ਹਰਾ ਕੇ ਟਰਾਫੀ ਜਿੱਤੀ ਸੀ।

ਕ੍ਰਿਸਪਿਨ ਛੇਤਰੀ ਦੀ ਕੋਚਿੰਗ ਵਾਲੀ ਭਾਰਤੀ ਟੀਮ ਹੁਣ ਪਿਛਲੇ ਦੋ ਮੌਕਿਆਂ ’ਤੇ ਮਿਲੀ ਹਾਰ ਦਾ ਬਦਲਾ ਲੈਣ ਤੇ 2019 ਤੋਂ ਬਾਅਦ ਪਹਿਲੀ ਵਾਰ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਅਜੇ ਤੱਕ 15 ਗੋਲ ਕੀਤੇ ਹਨ ਜਦਕਿ ਉਸ ਨੇ ਇਕ ਵੀ ਗੋਲ ਨਹੀਂ ਖਾਧਾ ਹੈ। ਗੋਲਕੀਪਰ ਪੈਂਥੋਈ ਚਾਨੂ ਨੇ ਅਜੇ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਟੀਮ ਉਸ ਤੋਂ ਇਸ ਨੂੰ ਜਾਰੀ ਰੱਖਣ ਦੀ ਉਮੀਦ ਕਰੇਗੀ।

ਸੈਮੀਫਾਈਨਲ ’ਚ ਸਟਾਰ ਸਟ੍ਰਾਈਕਰ ਮਨੀਸ਼ਾ ਕਲਿਆਣ ਦੀ ਵਾਪਸੀ ਨਾਲ ਟੀਮ ਦੇ ਹਮਲੇ ਨੂੰ ਵੀ ਮਜ਼ਬੂਤੀ ਮਿਲੀ ਹੈ। ਬੰਗਲਾਦੇਸ਼ ਵਿਰੁੱਧ ਗਰੁੱਪ ਮੈਚ ’ਚ ਉਸ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਇਹ 24 ਸਾਲਾ ਖਿਡਾਰਨ ਮੰਗਲਵਾਰ ਨੂੰ ਹੀ ਟੀਮ ’ਚ ਸ਼ਾਮਲ ਹੋਈ। ਉਹ ਇਸ ਤੋਂ ਪਹਿਲਾਂ ਪੇਰੂ ਕਲੱਬ ਅਲਿਆਂਜਾ ਲੀਮਾ ਵੱਲੋਂ ਖੇਡ ਰਹੀ ਸੀ।

ਭਾਰਤ ਨੇ ਮਾਲਦੀਵ ’ਤੇ 11-0 ਦੀ ਸ਼ਾਨਦਾਰ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਫਿਰ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਗਰੁੱਪ-ਬੀ ’ਚ ਚੋਟੀ ਦਾ ਸਥਾਨ ਹਾਸਲ ਕੀਤਾ। ਭਾਰਤ ਫੀਫਾ ਰੈਂਕਿੰਗ ’ਚ 69ਵੇਂ ਸਥਾਨ ’ਤੇ ਹੈ ਜਦਕਿ ਬੰਗਲਾਦੇਸ਼ 107ਵੇਂ ਸਥਾਨ ’ਤੇ ਹੈ। ਭਾਰਤ ਨੇ ਬੰਗਲਾਦੇਸ਼ ਵਿਰੁੱਧ ਅਜੇ ਤੱਕ ਖੇਡੇ ਗਏ 13 ਮੈਚਾਂ ’ਚੋਂ 10 ਜਿੱਤੇ ਹਨ, 1 ਮੈਚ ਡਰਾਅ ਖੇਡਿਆ ਤੇ 2 ’ਚ ਉਸ ਨੂੰ ਹਾਰ ਮਿਲੀ ਹੈ।


author

Tarsem Singh

Content Editor

Related News