ਟੀ-20 : ਵਿਸ਼ਵ ਕੱਪ ਤੋਂ ਪਹਿਲਾਂ ਅੱਜ ਆਸਟ੍ਰੇਲੀਆ ਖ਼ਿਲਾਫ਼ ਹੋਵੇਗੀ ਭਾਰਤੀ ਮਹਿਲਾ ਟੀਮ ਦੀ ਪ੍ਰੀਖਿਆ
Friday, Dec 09, 2022 - 10:56 AM (IST)
ਨਵੀਂ ਮੁੰਬਈ (ਭਾਸ਼ਾ)-ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਸੀਰੀਜ਼ ਦੀਆਂ ਤਿਆਰੀਆਂ ਇੰਨੀਆਂ ਵਧੀਆ ਨਹੀਂ ਰਹੀਆਂ ਹਨ ਪਰ ਖਿਡਾਰੀ ਸ਼ੁੱਕਰਵਾਰ ਤੋਂ ਇੱਥੇ ਮਜ਼ਬੂਤ ਆਸਟ੍ਰੇਲੀਆ ਖਿਲਾਫ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ’ਚ ਦ੍ਰਿੜ ਇਰਾਦੇ ਨਾਲ ਮੈਦਾਨ ’ਤੇ ਉਤਰਨ ਲਈ ਵਚਨਬੱਧ ਹੋਣਗੀਆਂ। ਦੱਖਣੀ ਅਫਰੀਕਾ ਵਿਚ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ’ਚ ਅਜੇ 2 ਮਹੀਨਿਆਂ ਦਾ ਸਮਾਂ ਬਾਕੀ ਹੈ, ਜਿਸ ਨਾਲ ਇਨ੍ਹਾਂ 5 ਮੈਚਾਂ ਤੋਂ ਬਾਅਦ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੂੰ ਆਪਣੀ ਸਥਿਤੀ ਦਾ ਚੰਗੀ ਤਰ੍ਹਾਂ ਅੰਦਾਜ਼ਾ ਲੱਗ ਜਾਵੇਗਾ।
ਸੀਰੀਜ਼ ਦੇ ਸ਼ੁਰੂਆਤੀ ਮੈਚ ਤੋਂ ਤਿੰਨ ਦਿਨ ਪਹਿਲਾਂ ਹੀ ਅਚਾਨਕ ਮੁੱਖ ਕੋਚ ਰਮੇਸ਼ ਪਵਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਸਾਬਕਾ ਭਾਰਤੀ ਬੱਲੇਬਾਜ਼ ਰਿਸ਼ੀਕੇਸ਼ ਕਾਨਿਤਕਰ ਨੂੰ ਬੱਲੇਬਾਜ਼ੀ ਕੋਚ ਵਜੋਂ ਸਹਾਇਕ ਸਟਾਫ ਦੀ ਜ਼ਿੰਮੇਵਾਰੀ ਦਿੱਤੀ ਗਈ। ਭਾਰਤ ਨੇ ਅਕਤੂਬਰ ਵਿਚ ਏਸ਼ੀਆ ਕੱਪ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ, ਹਾਲਾਂਕਿ ਟੀਮ ’ਚ ਜ਼ਿਆਦਾ ਹੀ ਤਜਰਬਾ ਕੀਤਾ ਗਿਆ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਪਾਕਿਸਤਾਨ ਖਿਲਾਫ ਲੀਗ ਮੈਚ ਵਿਚ ਮਿਲੀ ਹਾਰ ਨਾਲ ਚੁੱਕਣਾ ਪਿਆ। ਹਾਲ ਹੀ ਵਿਚ ਭਾਰਤ ਮਜ਼ਬੂਤ ਆਸਟਰੇਲੀਆ ਖਿਲਾਫ ਮੁਕਾਬਲਾ ਕਰਨ ’ਚ ਸਫਲ ਰਿਹਾ ਹੈ ਪਰ ਉਹ ਜਿੱਤ ਤੱਕ ਨਹੀਂ ਪਹੁੰਚ ਸਕਿਆ। ਅਜਿਹਾ ਹੀ ਇਕ ਮੁਕਾਬਲਾ ਅਗਸਤ ਵਿਚ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿਚ ਹੋਏ ਪਿਛਲਾ ਮੁਕਾਬਲਾ ਰਿਹਾ, ਜਿਸ ਵਿਚ ਉਨ੍ਹਾਂ ਨੂੰ ਟੀਚੇ ਦਾ ਪਿੱਛਾ ਕਰਦੇ ਹੋਏ ਹਾਰ ਮਿਲੀ।
ਬੱਲੇਬਾਜ਼ੀ ਕ੍ਰਮ ਸਥਿਰ ਦਿਸਦਾ ਹੈ, ਜਿਸ ’ਚ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਕਾਫੀ ਦੌੜਾਂ ਬਣਾਉਣ ਦੀ ਉਮੀਦ ਹੈ। ਉਨ੍ਹਾਂ ਦੀ ਸਲਾਮੀ ਜੋੜੀਦਾਰ ਸ਼ੈਫਾਲੀ ਵਰਮਾ ਦੀ ਸ਼ਾਰਟ ਗੇਂਦ ਖਿਲਾਫ ਕਮਜ਼ੋਰੀ ਨੂੰ ਦੇਖਦੇ ਹੋਏ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਉਨ੍ਹਾਂ ਦਬਾਅ ’ਚ ਲੈ ਸਕਦੀ ਹੈ। ਜੇਮੀਮਾ ਰੋਡ੍ਰਿਗਜ਼ ਨੇ ਰਾਸ਼ਟਰੀ ਟੀਮ ਵਿਚ ਵਾਪਸੀ ਤੋਂ ਬਾਅਦ ਚੰਗੀ ਫਾਰਮ ਦਿਖਾਈ ਹੈ, ਜਦੋਂਕਿ ਕਪਤਾਨ ਹਰਮਨਪ੍ਰੀਤ ਨੇ ਵੀ ਨਿਰੰਤਰਤਾ ਹਾਸਲ ਕੀਤੀ ਹੈ। ਹਰਲੀਨ ਦਿਓਲ ਅਤੇ ਯਸਤਿਕਾ ਭਾਟੀਆ ਨੇ ਚੈਲੇਂਜਰ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵਾਪਸੀ ਕੀਤੀ। ਲੈੱਗ ਸਪਿਨ ਗੇਂਦਬਾਜ਼ੀ ਆਲਰਾਊਂਡਰ ਦੇਵਿਕਾ ਵੈਦਿਆ ਨੇ 8 ਸਾਲਾਂ ਬਾਅਦ ਟੀ-20 ਟੀਮ ਵਿਚ ਵਾਪਸੀ ਕੀਤੀ ਹੈ ਅਤੇ ਉਸ ਦੀ ਮੌਜੂਦਗੀ ਨਾਲ ਸਪਿਨ ਹਮਲੇ ਵਿਚ ਵਿਭਿੰਨਤਾ ਆਵੇਗੀ। ਰੇਣੁਕਾ ਠਾਕੁਰ ਨੇ ਪਿਛਲੇ 6 ਮਹੀਨਿਆਂ ਤੋਂ ਟੀਮ ਲਈ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੀ ਤੇਜ਼ ਗੇਂਦਬਾਜ਼ ਰਹੀ ਹੈ ਅਤੇ ਉਹ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਅੰਜਲੀ ਸਰਵਨੀ ਤੋਂ ਸਮਰਥਨ ਮਿਲਣ ਦੀ ਉਮੀਦ ਲਾਈ ਬੈਠੀ ਹੋਵੇਗੀ।