ਸ਼੍ਰੀਲੰਕਾ 'ਚ ਭਾਰਤ ਦਾ ਬੁਰਾ ਹਾਲ, ਤੀਜੇ ਵਨਡੇ 'ਚ ਮਿਲੀ ਕਰਾਰੀ ਹਾਰ, 2-0 ਨਾਲ ਗੁਆਈ ਸੀਰੀਜ਼

Wednesday, Aug 07, 2024 - 09:17 PM (IST)

ਸ਼੍ਰੀਲੰਕਾ 'ਚ ਭਾਰਤ ਦਾ ਬੁਰਾ ਹਾਲ, ਤੀਜੇ ਵਨਡੇ 'ਚ ਮਿਲੀ ਕਰਾਰੀ ਹਾਰ, 2-0 ਨਾਲ ਗੁਆਈ ਸੀਰੀਜ਼

ਸਪੋਰਟਸ ਡੈਸਕ- ਸ਼੍ਰੀਲੰਕਾ ਦੌਰੇ 'ਤੇ ਵਨਡੇ ਸੀਰੀਜ਼ 'ਚ ਭਾਰਤੀ ਕ੍ਰਿਕਟ ਟੀਮ ਦੀ ਹਾਲਤ ਖਰਾਬ ਨਜ਼ਰ ਆਈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ 3 ਮੈਚਾਂ ਦੀ ਵਨਡੇ ਸੀਰੀਜ਼ 2-0 ਨਾਲ ਹਾਰ ਗਈ ਹੈ। ਸੀਰੀਜ਼ ਦਾ ਤੀਜਾ ਮੈਚ ਬੁੱਧਵਾਰ (7 ਅਗਸਤ) ਨੂੰ ਕੋਲੰਬੋ ਦੇ ਆਰ.ਕੇ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਗਿਆ, ਜਿਸ 'ਚ ਭਾਰਤੀ ਟੀਮ ਨੂੰ 110 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 249 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਜਵਾਬ 'ਚ ਮੇਜ਼ਬਾਨ ਟੀਮ ਦੇ ਸਪਿਨਰਾਂ ਨੇ ਅਜਿਹਾ ਜਾਲ ਵਿਛਾ ਦਿੱਤਾ ਕਿ ਪੂਰੀ ਭਾਰਤੀ ਟੀਮ 26.1 ਓਵਰਾਂ 'ਚ 138 ਦੌੜਾਂ 'ਤੇ ਢੇਰ ਹੋ ਗਈ ਅਤੇ ਮੈਚ ਦੇ ਨਾਲ ਹੀ ਸੀਰੀਜ਼ ਵੀ ਗੁਆ ਬੈਠੀ। 

ਟੀਮ ਲਈ ਸਿਰਫ਼ ਭਾਰਤੀ ਕਪਤਾਨ ਰੋਹਿਤ ਸ਼ਰਮਾ ਹੀ ਸਭ ਤੋਂ ਵੱਧ 35 ਦੌੜਾਂ ਬਣਾ ਸਕੇ। ਵਾਸ਼ਿੰਗਟਨ ਸੁੰਦਰ ਨੇ 30 ਦੌੜਾਂ, ਵਿਰਾਟ ਕੋਹਲੀ ਨੇ 20 ਦੌੜਾਂ ਅਤੇ ਰਿਆਨ ਪਰਾਗ ਨੇ 15 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕਿਆ। ਜਦਕਿ ਸ਼੍ਰੀਲੰਕਾ ਲਈ ਖੱਬੇ ਹੱਥ ਦੇ ਸਪਿਨਰ ਡੁਨਿਥ ਵੇਲਾਲੇਜ ਅਤੇ ਲੈੱਗ ਸਪਿਨਰ ਜੈਫਰੀ ਵੈਂਡਰਸੇ ਨੇ ਸਪਿਨ ਦਾ ਅਜਿਹਾ ਜਾਲ ਵਿਛਾ ਦਿੱਤਾ ਕਿ ਭਾਰਤੀ ਟੀਮ ਢਹਿ-ਢੇਰੀ ਹੋ ਗਈ। ਵੇਲਾਲਗੇ ਨੇ 5 ਵਿਕਟਾਂ ਲਈਆਂ। ਜਦੋਂ ਕਿ ਜੈਫਰੀ ਅਤੇ ਆਫ ਸਪਿਨਰ ਮਹਿਸ਼ ਤਿਕਸ਼ਿਨਾ ਨੂੰ 2-2 ਸਫਲਤਾ ਮਿਲੀ। ਤੇਜ਼ ਗੇਂਦਬਾਜ਼ ਅਸਿਥਾ ਫਰਨਾਂਡੋ ਨੂੰ 1 ਵਿਕਟ ਮਿਲੀ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇਸ ਵਨਡੇ ਸੀਰੀਜ਼ ਦਾ ਪਹਿਲਾ ਮੈਚ ਰੋਮਾਂਚਕ ਤਰੀਕੇ ਨਾਲ ਟਾਈ 'ਤੇ ਸਮਾਪਤ ਹੋਇਆ। ਇਸ ਤੋਂ ਬਾਅਦ ਦੂਜੇ ਮੈਚ 'ਚ ਸ਼੍ਰੀਲੰਕਾ ਨੇ ਜੈਫਰੀ ਵਾਂਡਰਸੇ ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ 32 ਦੌੜਾਂ ਨਾਲ ਜਿੱਤ ਦਰਜ ਕੀਤੀ। ਹੁਣ ਸ਼੍ਰੀਲੰਕਾ ਨੇ ਤੀਜਾ ਅਤੇ ਆਖਰੀ ਮੈਚ ਵੀ ਸਪਿਨਰਾਂ ਦੀ ਬਦੌਲਤ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ।

27 ਸਾਲਾਂ ਬਾਅਦ ਸ਼੍ਰੀਲੰਕਾ 'ਚ ਵਨਡੇ ਸੀਰੀਜ਼ ਹਾਰੇ

ਸ਼੍ਰੀਲੰਕਾ ਨੇ 27 ਸਾਲ ਬਾਅਦ ਘਰ 'ਚ ਇਤਿਹਾਸ ਰਚਿਆ ਹੈ। 1997 ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਨੂੰ ਘਰੇਲੂ ਮੈਦਾਨ 'ਤੇ ਦੁਵੱਲੀ ਵਨਡੇ ਸੀਰੀਜ਼ 'ਚ ਹਰਾਇਆ ਹੈ। ਇਸ ਤੋਂ ਪਹਿਲਾਂ ਅਗਸਤ 1997 ਵਿਚ ਅਰਜੁਨ ਰਣਤੁੰਗਾ ਦੀ ਕਪਤਾਨੀ ਵਿਚ ਸ਼੍ਰੀਲੰਕਾ ਦੀ ਟੀਮ ਨੇ ਉਸ ਸਮੇਂ ਸਚਿਨ ਤੇਂਦੁਲਕਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਹਰਾਇਆ ਸੀ। ਉਦੋਂ ਸ਼੍ਰੀਲੰਕਾ ਨੇ 4 ਮੈਚਾਂ ਦੀ ਵਨਡੇ ਸੀਰੀਜ਼ 3-0 ਨਾਲ ਜਿੱਤੀ ਸੀ। ਉਦੋਂ ਇਕ ਮੈਚ ਬੇਨਤੀਜਾ ਰਿਹਾ ਸੀ।

ਭਾਰਤੀ ਟੀਮ ਨੇ ਹੁਣ ਤੱਕ ਸ਼੍ਰੀਲੰਕਾ ਦੀ ਧਰਤੀ 'ਤੇ ਮੇਜ਼ਬਾਨ ਖਿਲਾਫ ਕੁੱਲ 10 ਦੁਵੱਲੀ ਵਨਡੇ ਸੀਰੀਜ਼ (ਮੌਜੂਦਾ ਸੀਰੀਜ਼ ਸਮੇਤ) ਖੇਡੀਆਂ ਹਨ। ਇਨ੍ਹਾਂ 'ਚੋਂ ਭਾਰਤੀ ਟੀਮ ਨੇ 5 ਅਤੇ ਸ਼੍ਰੀਲੰਕਾ ਨੇ 3 ਸੀਰੀਜ਼ ਜਿੱਤੀਆਂ ਹਨ। 2 ਸੀਰੀਜ਼ ਡਰਾਅ ਹੋ ਗਈਆਂ।


author

Rakesh

Content Editor

Related News