ਖਾਲੀ ਸਟੇਡੀਅਮ 'ਚ ਹੋਣਗੇ ਭਾਰਤ-ਦੱਖਣੀ ਅਫਰੀਕਾ ਸੀਰੀਜ਼ ਦੇ ਆਖਰੀ 2 ਮੈਚ

Thursday, Mar 12, 2020 - 09:12 PM (IST)

ਖਾਲੀ ਸਟੇਡੀਅਮ 'ਚ ਹੋਣਗੇ ਭਾਰਤ-ਦੱਖਣੀ ਅਫਰੀਕਾ ਸੀਰੀਜ਼ ਦੇ ਆਖਰੀ 2 ਮੈਚ

ਨਵੀਂ ਦਿੱਲੀ — ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਲਖਨਾਊ ਤੇ ਕੋਲਕਾਤਾ 'ਚ ਹੋਣ ਵਾਲੇ ਆਖਰੀ 2 ਵਨ ਡੇ ਅੰਤਰਰਾਸ਼ਟਰੀ ਮੈਚ ਕੋਰੋਨਾਵਾਇਰਸ ਕਾਰਨ ਖਾਲੀ ਸਟੇਡੀਅਮ 'ਚ ਖੇਡੇ ਜਾਣਗੇ। ਲਖਨਾਊ 'ਚ ਮੈਚ 15 ਮਾਰਚ ਨੂੰ ਜਦਕਿ ਕੋਲਕਾਤਾ 'ਚ 18 ਮਾਰਚ ਨੂੰ ਖੇਡਿਆ ਜਾਵੇਗਾ। ਪਹਿਲਾ ਮੁਕਾਬਲਾ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ 'ਚ ਅੱਜ (ਵੀਰਵਾਰ) ਹੋਣਾ ਸੀ, ਜੋ ਮੀਂਹ ਪੈਣ ਕਾਰਨ ਰੱਦ ਹੋ ਗਿਆ। ਖੇਡ ਮੰਤਰਾਲੇ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਖੇਡ ਮੁਕਾਬਲੇ ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਭਾਰੀ ਸੰਖਿਆਂ 'ਚ ਦਰਸ਼ਕਾਂ ਦੇ ਬਿਨ੍ਹਾ ਇਸ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਬੀ. ਸੀ. ਸੀ. ਆਈ.  ਸੂਤਰਾਂ ਨੇ ਗੋਪਨੀਅਤਾ ਦੀ ਸ਼ਰਤ 'ਤੇ ਕਿਹਾ ਕਿ ਬੀ. ਸੀ. ਸੀ. ਆਈ. ਨੂੰ ਖੇਡ ਮੰਤਰਾਲੇ ਦੀ ਸਲਾਹ ਮਿਲੀ ਹੈ। ਜੇਕਰ ਸਾਨੂੰ ਭੀੜ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਸਾਨੂੰ ਉਸਦੀ ਪਾਲਣਾ ਕਰਨੀ ਚਾਹੀਦੀ ਹੈ। ਬੰਗਾਲ ਕ੍ਰਿਕਟ ਸੰਘ (ਕੈਬ) ਦੇ ਪ੍ਰਧਾਨ ਅਭਿਸ਼ੇਕ ਡਾਲਮੀਆ ਨੇ ਕਿਹਾ ਕਿ ਕੈਬ ਨੇ ਟਿਕਟਾਂ ਦੀ ਵਿਕਰੀ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਕੈਬ ਪ੍ਰਧਾਨ ਨੇ ਇਨ੍ਹਾਂ ਹਾਲਾਤ 'ਤੇ ਚਰਚਾ ਦੇ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੋਲਕਾਤਾ 'ਚ ਮੁਲਾਕਾਤ ਕੀਤੀ।

PunjabKesari
ਡਾਲਮੀਆ ਨੇ ਕਿਹਾ ਕਿ ਅਸੀਂ ਸਰਕਾਰੀ ਹੁਕਮ ਦੀ ਪਾਲਣਾ ਕਰਾਂਗੇ ਜੋ ਅੱਜ ਜਾਰੀ ਕੀਤਾ ਗਿਆ ਹੈ ਤੇ ਅਸੀਂ ਤੁਰੰਤ ਪ੍ਰਭਾਵ ਨਾਲ ਸਾਰੀਆਂ ਟਿਕਟਾਂ ਦੀ ਵਿਕਰੀ ਰੋਕ ਰਹੇ ਹਾਂ ਕਿ ਅਸੀਂ ਅਗਲੇ ਹੁਕਮ ਤਕ ਟਿਕਟਾਂ ਦੀ ਵਿਕਰੀ ਰੋਕ ਦੇਵਾਂਗੇ। ਹੁਣ ਤਕ ਸਥਿਤੀ ਠੀਕ ਹੈ। ਜੇਕਰ ਮੈਚ ਖਾਲੀ ਸਟੇਡੀਅਮ 'ਚ ਖੇਡਿਆ ਜਾਂਦਾ ਹੈ ਤਾਂ ਖਿਡਾਰੀਆਂ ਤੇ ਸਹਿਯੋਗੀ ਸਟਾਫ ਤੋਂ ਇਲਾਵਾ ਕੇਵਲ ਟੀ. ਵੀ. ਕਮੈਂਟੇਟਰ ਤੇ ਪੱਤਰਕਾਰਾਂ ਨੂੰ ਹੀ ਸਟੇਡੀਅਮ 'ਚ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਹੁਣ ਤਕ ਭਾਰਤ ਵਿਚ 60 ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਪੂਰੀ ਦੁਨੀਆ ਵਿਚ ਇਸ ਵਾਇਰਸ ਕਾਰਨ 4000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।


author

Gurdeep Singh

Content Editor

Related News