ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 16 ਦੌੜਾਂ ਨਾਲ ਹਰਾਇਆ, ਸੀਰੀਜ਼ ’ਚ 2-0 ਨਾਲ ਬਣਾਈ ਅਜੇਤੂ ਬੜ੍ਹਤ

Monday, Oct 03, 2022 - 02:26 AM (IST)

ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 16 ਦੌੜਾਂ ਨਾਲ ਹਰਾਇਆ, ਸੀਰੀਜ਼ ’ਚ 2-0 ਨਾਲ ਬਣਾਈ ਅਜੇਤੂ ਬੜ੍ਹਤ

ਗੁਹਾਟੀ (ਯੂ. ਐੱਨ. ਆਈ.)–ਭਾਰਤ ਨੇ ਡੇਵਿਡ ਮਿਲਰ (ਅਜੇਤੂ 106) ਦੇ ਧਮਾਕੇਦਾਰ ਸੈਂਕੜੇ ਦੇ ਬਾਵਜੂਦ ਦੱਖਣੀ ਅਫਰੀਕਾ ਨੂੰ ਦੂਜੇ ਟੀ-20 ਮੈਚ ਵਿਚ ਐਤਵਾਰ 16 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਭਾਰਤ ਨੇ ਦੱਖਣੀ ਅਫਰੀਕਾ ਨੂੰ 20 ਓਵਰਾਂ ਵਿਚ 238 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿਚ ਅਫਰੀਕੀ ਟੀਮ 221 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਨੂੰ ਇਸ ਵੱਡੇ ਟੀਚੇ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋਏ ਮਿਲਰ ਨੇ 47 ਗੇਂਦਾਂ ’ਤੇ 8 ਚੌਕਿਆਂ ਤੇ 7 ਛੱਕਿਆਂ ਦੀ ਬਦੌਲਤ 106 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕਵਿੰਟਨ ਡੀ ਕੌਕ ਨੇ ਉਸ ਦਾ ਸਾਥ ਦਿੰਦੇ ਹੋਏ 48 ਗੇਂਦਾਂ ’ਤੇ 3 ਚੌਕਿਆਂ ਤੇ 4 ਛੱਕਿਆਂ ਦੇ ਨਾਲ ਅਜੇਤੂ 69 ਦੌੜਾਂ ਬਣਾਈਆਂ। ਦੋਵਾਂ ਨੇ ਚੌਥੀ ਵਿਕਟ ਲਈ 174 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਅਫਰੀਕਾ ਨੂੰ ਜਿੱਤ ਨਹੀਂ ਦਿਵਾ ਸਕੇ।

ਇਹ ਖ਼ਬਰ ਵੀ ਪੜ੍ਹੋ : IND vs SA : ਮੈਦਾਨ ’ਚ ਸੱਪ ਵੜਨ ’ਤੇ ਘਬਰਾ ਗਏ ਖਿਡਾਰੀ, ਕੋਚ ਦ੍ਰਾਵਿੜ ਨੇ ਰੋਹਿਤ-ਰਾਹੁਲ ਨੂੰ ਕੀਤਾ ਅਲਰਟ (ਵੀਡੀਓ)

ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਸਾਹਮਣੇ 237 ਦੌੜਾਂ ਦਾ ਸਕੋਰ ਖੜ੍ਹਾ ਕਰਦਿਆਂ ਭਾਰਤ ਵੱਲੋਂ ਸੂਰਯਕੁਮਾਰ ਯਾਦਵ ਨੇ ਟੀ-20 ਕੌਮਾਂਤਰੀ ਵਿਚ ਲਗਾਤਾਰ ਤੀਜਾ ਸੈਂਕੜਾ ਲਾਉਂਦੇ ਹੋਏ 22 ਗੇਂਦਾਂ ’ਤੇ 61 ਦੌੜਾਂ ਬਣਾਈਆਂ। ਲੋਕੇਸ਼ ਰਾਹੁਲ ਨੇ 28 ਗੇਂਦਾਂ ’ਚ 5 ਚੌਕਿਆਂ ਤੇ 4 ਛੱਕਿਆਂ ਦੇ ਨਾਲ 57 ਦੌੜਾਂ ਦੀ ਪਾਰੀ ਖੇਡੀ, ਜਦਕਿ ਵਿਰਾਟ ਕੋਹਲੀ 28 ਗੇਂਦਾਂ ਵਿਚ 7 ਚੌਕਿਆਂ ਤੇ 1 ਛੱਕੇ ਦੇ ਨਾਲ 49 ਦੌੜਾਂ ਬਣਾ ਕੇ ਅਜੇਤੂ ਰਿਹਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਰੋਹਿਤ ਸ਼ਰਮਾ ਤੇ ਰਾਹੁਲ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਪਹਿਲੀ ਵਿਕਟ ਲਈ 59 ਗੇਂਦਾਂ ਵਿਚ 96 ਦੌੜਾਂ ਦੀ ਸਾਂਝੇਦਾਰੀ ਕੀਤੀ। ਸਲਾਮੀ ਬੱਲੇਬਾਜ਼ ਪਹਿਲੇ ਦੋ ਓਵਰਾਂ ਵਿਚ ਸਮਾਂ ਲੈਣ ਤੋਂ ਬਾਅਦ ਤੀਜੇ ਓਵਰ ਵਿਚ ਹਮਲਾਵਰ ਹੋਏ ਤੇ ਭਾਰਤ ਨੇ ਪਾਵਰਪਲੇਅ ਵਿਚ 57 ਦੌੜਾਂ ਜੋੜੀਆਂ । ਰੋਹਿਤ ਤੇ ਰਾਹੁਲ ਦੀ ਜੋੜੀ ਨੇ ਟੀ-20 ਕੌਮਾਂਤਰੀ ਵਿਚ ਸਭ ਤੋਂ ਵੱਧ (15) ਅਰਧ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕੀਤੀਆਂ ਹਨ।  ਕਪਤਾਨ ਰੋਹਿਤ ਨੇ 37 ਗੇਂਦਾਂ ’ਤੇ 7 ਚੌਕੇ ਤੇ 1 ਛੱਕਾ ਲਗਾਉਂਦੇ ਹੋਏ 43 ਦੌੜਾਂ ਦੀ ਪਾਰੀ ਖੇਡੀ।

ਸਲਾਮੀ ਜੋੜੀ ਮੈਚ ਨੂੰ ਅਫਰੀਕਾ ਤੋਂ ਦੂਰ ਲੈ ਜਾ ਰਹੀ ਸੀ ਪਰ ਕੇਸ਼ਵ ਮਹਾਰਾਜ ਨੇ ਦੋਵਾਂ ਬੱਲੇਬਾਜ਼ਾਂ ਨੂੰ ਆਊਟ ਕੀਤਾ। ਦੱਖਣੀ ਅਫਰੀਕਾ ਨੇ ਪਹਿਲੇ ਦੋ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਸੁੱਖ ਸਾਹ ਵੀ ਨਹੀਂ ਲਿਆ ਸੀ ਕਿ ਸੂਰਯਕੁਮਾਰ ਤੇ ਵਿਰਾਟ ਦੀ ਜੋੜੀ ਨੇ ਤਾਬੜਤੋੜ ਅੰਦਾਜ਼ ਵਿਚ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਵਾਂ ਵਿਚਾਲੇ 42 ਗੇਂਦਾਂ ’ਤੇ 102 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਹੋਈ। ਸੂਰਯਕੁਮਾਰ ਨੇ 22 ਗੇਂਦਾਂ ’ਤੇ 5 ਚੌਕਿਆਂ ਤੇ 5 ਛੱਕਿਆਂ ਦੇ ਨਾਲ 61 ਦੌੜਾਂ ਦੀ ਅਵਿਸ਼ਵਾਸਯੋਗ ਪਾਰੀ ਖੇਡੀ ਤੇ ਟੀ-20 ਕੌਮਾਂਤਰੀ ਵਿਚ ਸਭ ਤੋਂ ਘੱਟ ਗੇਂਦਾਂ (573) ’ਤੇ 1000 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣਿਆ।  ਕੋਹਲੀ ਇਸ ਦੌਰਾਨ ਟੀ-20 ਕ੍ਰਿਕਟ ਵਿਚ 11,000 ਦੌੜਾਂ ਤਕ ਪਹੁੰਚਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ। ਸੂਰਯਕੁਮਾਰ 19ਵੇਂ ਓਵਰ ਦੀ ਪਹਿਲੀ ਗੇਂਦ ’ਤੇ ਰਨ ਆਊਟ ਹੋ ਗਿਆ, ਜਿਸ ਤੋਂ ਬਾਅਦ ਕ੍ਰੀਜ਼ ’ਤੇ ਆਏ ਦਿਨੇਸ਼ ਕਾਰਤਿਕ ਨੇ ਇਕ ਚੌਕੇ ਤੇ ਦੋ ਛੱਕਿਆਂ ਦੇ ਨਾਲ 17 (7) ਦੌੜਾਂ ਬਣਾ ਕੇ ਭਾਰਤ ਨੂੰ 20 ਓਵਰਾਂ ਵਿਚ 237 ਦੌੜਾਂ ਤਕ ਪਹੁੰਚਾਇਆ। ਇਹ ਦੱਖਣੀ ਅਫਰੀਕਾ ਵਿਰੁੱਧ ਟੀ-20 ਕੌਮਾਂਤਰੀ ਵਿਚ ਸਭ ਤੋਂ ਵੱਡਾ ਸਕੋਰ ਹੈ।


author

Manoj

Content Editor

Related News