ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦਾ ਆਖ਼ਰੀ T-20 ਅੱਜ, ਉਮਰਾਨ ਮਲਿਕ ਤੇ ਸੰਜੂ ਸੈਮਸਨ ਨੂੰ ਮਿਲ ਸਕਦੈ ਮੌਕਾ

Tuesday, Nov 22, 2022 - 10:44 AM (IST)

ਨੇਪੀਅਰ (ਭਾਸ਼ਾ)- ਭਾਰਤ ਨੂੰ ਆਪਣੇ ਰਵੱਈਏ ’ਚ ਮਾਮੂਲੀ ਬਦਲਾਅ ਕਰਨ ਦੀ ਜ਼ਰੂਰਤ ਹੈ ਪਰ ਇਕ ਵਾਰ ਫਿਰ ਸਵਾਲ ਇਹ ਉੱਠਦਾ ਹੈ ਕਿ ਕੀ ਟੀਮ ਮੰਗਲਵਾਰ ਨੂੰ ਇਥੇ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ’ਚ ਉਮਰਾਨ ਮਲਿਕ ਅਤੇ ਸੰਜੂ ਸੈਮਸਨ ਵਰਗੇ ਖਿਡਾਰੀਆਂ ਨੂੰ ਮੌਕਾ ਦੇਵੇਗੀ ਜਾਂ ਨਹੀਂ। ਟੀ-20 ਵਿਸ਼ਵ ਕੱਪ ’ਚ ਇਕ ਵਾਰ ਫਿਰ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਤੋਂ ਬਾਅਦ ਸੰਭਾਵਨਾ ਸੀ ਕਿ ਭਾਰਤ ਕੁਝ ਹੋਰ ਖਿਡਾਰੀਆਂ ਨੂੰ ਅਜਮਾਏਗਾ। ਜੇਕਰ ਦੂਜੇ ਟੀ-20 ਦੀ ਪਲੇਇੰਗ ਇਲੈਵਨ ਨੂੰ ਦੇਖੀਏ ਤਾਂ ਸੰਕੇਤ ਮਿਲਦੇ ਹਨ ਕਿ ਟੀਮ ਜ਼ੀਰੋ ਤੋਂ ਸ਼ੁਰੂਆਤ ਕਰਨ ਤੋਂ ਝਿਜਕ ਰਹੀ ਹੈ। ਸੂਰਿਆਕੁਮਾਰ ਯਾਦਵ ਦੇ ਸ਼ਾਨਦਾਰ ਨਿੱਜੀ ਪ੍ਰਦਰਸ਼ਨ ਨੂੰ ਛੱਡ ਦੇਈਏ ਤਾਂ ਭਾਰਤੀ ਟੀਮ ਨੂੰ ਐਤਵਾਰ ਨੂੰ ਇਕ ਵਾਰ ਫਿਰ 160 ਦੌੜਾਂ ਦਾ ਸਕੋਰ ਖੜਾ ਕਰਨ ਲਈ ਜੂੰਝਣਾ ਪੈਂਦਾ, ਜੋ ਆਸਟ੍ਰੇਲਾਈ ’ਚ ਹੋਏ ਵਿਸ਼ਵ ਕੱਪ ਦੀ ਯਾਦ ਦੁਆਉਂਦਾ ਹੈ, ਜਿਥੇ ਭਾਰਤੀ ਟੀਮ ਵੱਡਾ ਸਕੋਰ ਖੜ੍ਹਾ ਕਰਨ ’ਚ ਫੇਲ ਹੋ ਰਹੀ ਸੀ।

ਪਾਵਰ ਪਲੇਅ ’ਚ ਭਾਰਤ ਦਾ ਰਵੱਈਆ ਚਿੰਤਾ ਦਾ ਸਬਬ ਹੈ। ਦੂਜੇ ਟੀ-20 ’ਚ ਟਾਪ ਕ੍ਰਮ ’ਚ ਇਸ਼ਾਨ ਕਿਸ਼ਨ ਦੇ ਨਾਲ ਰਿਸ਼ਭ ਪੰਜ ਨੂੰ ਅਜਮਾਇਆ ਗਿਆ ਪਰ ਲੋੜੀਂਦੇ ਨਤੀਜੇ ਨਹੀਂ ਮਿਲੇ। ਪੰਤ ਦੇ ਲੈਵਲ ਨੂੰ ਦੇਖਦੇ ਹੋਏ ਲੜੀ ਦੇ ਆਖਰੀ ਮੈਚ ’ਚ ਉਸ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ। ਸੈਮਸਨ ਇਕ ਹੋਰ ਬੱਲੇਬਾਜ਼ੀ ਹੈ, ਜੋ ਤੁਰੰਤ ਪ੍ਰਭਾਵ ਛੱਡ ਸਕਦਾ ਹੈ ਪਰ ਟੀਮ ਉਸ ਨੂੰ ਅੰਤਿਮ ਇਲੈਵਨ ’ਚ ਸ਼ਾਮਿਲ ਨਹੀਂ ਕਰ ਰਹੀ। ਕਪਤਾਨ ਹਾਰਦਿਕ ਪੰਡਯਾ ਦੀ ਮੈਚ ਤੋਂ ਬਾਅਦ ਕੀਤੀ ਗਈ ਟਿੱਪਣੀ ’ਤੇ ਗੌਰ ਕਰੀਏ ਤਾਂ ਉਸ ਨੇ ਕਿਹਾ ਸੀ ਕਿ ਮੈਨੇਜਮੈਂਟ ਦੇ ਤੀਜੇ ਟੀ-20 ਲਈ ਕਾਫੀ ਬਦਲਾਅ ਦੀ ਸੰਭਾਵਨਾ ਨਹੀਂ ਹੈ। ਪਹਿਲਾ ਮੈਚ ਬਾਰਿਸ਼ ਦੀ ਭੇਟ ਚੜ੍ਹ ਗਿਆ ਸੀ, ਜਦਕਿ ਦੂਜਾ ਮੈਚ ਜਿੱਤ ਕੇ ਭਾਰਤ ਲੜੀ ’ਚ 1-0 ਨਾਲ ਅੱਗੇ ਹੈ। ਸੀਨੀਅਰ ਖਿਡਾਰੀਆਂ ਦੀ ਗੈਰ-ਮੌਜੂਦਗੀ ’ਚ ਸ਼ੁਭਮਨ ਗਿੱਲ ਵੀ ਪਾਰੀ ਦੀ ਸ਼ੁਰੂਆਤ ਕਰਨ ਦਾ ਦਾਅਵੇਦਾਰ ਹੈ ਪਰ ਟੀਮ ਨੇ ਖੱਬੇ ਹੱਥ ਦੇ 2 ਬੱਲੇਬਾਜ਼ਾਂ ਨੂੰ ਪਾਰੀ ਦਾ ਆਗਾਜ਼ ਕਰਨ ਲਈ ਚੁਣਿਆ। ਸੰਭਾਵਨਾ ਹੈ ਿਕ ਉਨ੍ਹਾਂ ਨੂੰ ਇਕ ਦਿਨਾ ਅੰਤਰਰਾਸ਼ਟਰੀ ਲੜੀ ’ਚ ਹੀ ਮੌਕਾ ਮਿਲੇਗਾ, ਜੋ ਟੀ-20 ਮੁਕਾਬਲਿਆਂ ਤੋਂ ਬਾਅਦ ਖੇਡੀ ਜਾਵੇਗੀ। ਪੰਡਯਾ ਟੀਮ ’ਚ ਇਸ ਤਰ੍ਹਾਂ ਦੇ ਹੋਰ ਬੱਲੇਬਾਜ਼ਾਂ ਨੂੰ ਸ਼ਾਮਿਲ ਕਰਨ ਦਾ ਚਾਹਵਾਨ ਹੈ, ਜੋ ਗੇਂਦਬਾਜ਼ੀ ਵੀ ਕਰ ਸਕਣ ਅਤੇ ਦੀਪਕ ਹੁੱਡਾ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਬਦਲ ਦਿੰਦਾ ਹੈ।

ਸਭ ਤੋਂ ਵੱਡੀ ਨਿਰਾਸ਼ਾ ਹਾਲਾਂਕਿ ਦੂਜੇ ਟੀ-20 ’ਚ ਉਮਰਾਨ ਮਲਿਕ ਨੂੰ ਸ਼ਾਮਿਲ ਨਾ ਕਰਨਾ ਰਹੀ। ਇਹ ਸਾਬਿਤ ਹੋ ਚੁੱਕਾ ਹੈ ਿਕ ਟੀ-20 ਕ੍ਰਿਕਟ ’ਚ ਭਾਰਤ ਨੂੰ ਇਕ ਤੂਫਾਨੀ ਗੇਂਦਬਾਜ਼ ਦੀ ਲੋੜ ਹੈ। ਨਿਊਜ਼ੀਲੈਂਡ ਖਿਲਾਫ ਲੜੀ ਜੰਮੂ-ਕਸ਼ਮੀਰ ਦੇ ਇਸ ਤੇਜ਼ ਗੇਂਦਬਾਜ਼ ਦੇ ਵਿਕਾਸ ਲਈ ਮਹੱਤਵਪੂਰਨ ਹੈ। ਇਸ ਸਾਲ 3 ਟੀ-20 ਖੇਡਣ ਵਾਲੇ ਉਮਰਾਨ ਨੂੰ ਜਸਪ੍ਰੀਤ ਬੁਮਰਾਹ ਦੀ ਗੈਰ-ਮੌਜੂਦਗੀ ’ਚ ਟਾਪ ਟੀਮ ਦੇ ਖਿਲਾਫ ਖੇਡਣ ਦੇ ਦਬਾਅ ਦਾ ਸਾਹਮਣਾ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ। ਕਾਫੀ ਸਮੇਂ ਬਾਅਦ ਅੰਤਿਮ ਇਲੈਵਨ ’ਚ ਜਗਾ ਬਣਾਉਣ ਵਾਲੇ ਯੁਜਵਿੰਦਰ ਚਹਿਲ ਨੇ ਦਿਖਾਇਆ ਕਿ ਆਖਿਰ ਕਿਉਂ ਉਸ ਨੂੰ ਟੀਮ ’ਚ ਨਿਯਮਿਤ ਤੌਰ ’ਤੇ ਸ਼ਾਮਿਲ ਹੋਣਾ ਚਾਹੀਦਾ ਹੈ। ਕਲਾਈ ਦੇ ਉਸ ਦੇ ਸਾਥੀ ਸਪਿਨਰ ਕੁਲਦੀਪ ਯਾਦਵ ਨੂੰ ਹਾਲਾਂਕਿ ਸ਼ਾਇਦ ਇਕ ਦਿਨਾ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਹੀ ਮੌਕਾ ਮਿਲਿਆ। ਲੜੀ ਗੁਆਉਣ ਤੋਂ ਬਚਨ ਲਈ ਨਿਊਜ਼ੀਲੈਂਡ ਨੂੰ ਇਹ ਮੈਚ ਹਰ ਹਾਲ ’ਚ ਜਿੱਤਣਾ ਹੋਵੇਗਾ ਪਰ ਟੀਮ ਕਪਤਾਨ ਕੇਨ ਵਿਲੀਅਮਸਨ ਦੇ ਬਿਨਾ ਉਤਰੇਗੀ, ਜੋ ਸਿਹਤ ਕਾਰਨਾਂ ਨਾਲ ਇਸ ਮੁਕਾਬਲੇ ’ਚ ਨਹੀਂ ਖੇਡੇਗਾ। ਉਸ ਦੀ ਗੈਰ-ਮੌਜੂਦਗੀ ’ਚ ਟੀਮ ਸਲਾਮੀ ਬੱਲੇਬਾਜ਼ ਫਿਨ ਏਲੇਨ ਅਤੇ ਗਲੇਨ ਫਿਲਿਪਸ ’ਤੇ ਜ਼ਿਆਦਾ ਨਿਰਭਰ ਹੋਵੇਗੀ। ਮੇਜਬਾਨ ਟੀਮ ਦੇ ਗੇਂਦਬਾਜ਼ਾਂ ਨੇ ਦੂਜੇ ਟੀ-20 ’ਚ ਡੈੱਥ ਓਵਰਾਂ ’ਚ ਕਾਫੀ ਦੌੜਾਂ ਦਿੱਤੀਆਂ ਅਤੇ ਉਹ ਇਸ ’ਚ ਸੁਧਾਰ ਦੀ ਕੋਸ਼ਿਸ਼ ਕਰਨਗੇ। ਨਿਊਜ਼ੀਲੈਂਡ ਨੂੰ ਨਾਲ ਹੀ ਸ਼ਾਨਦਾਰ ਫਾਰਮ ’ਚ ਚੱਲ ਰਹੇ ਸੂਰਿਆਕੁਮਾਰ ਨੂੰ ਰੋਕਣ ਦਾ ਤਰੀਕਾ ਵੀ ਲੱਭਣਾ ਹੋਵੇਗਾ।

ਟੀਮ ਇਸ ਤਰ੍ਹਾਂ ਹੈ: -

ਨਿਊਜ਼ੀਲੈਂਡ : ਫਿਰਨ ਏਲੇਨ, ਮਾਈਕਲ ਬ੍ਰੇਸਵੇਲ, ਡੇਵੋਨ ਕਾਨਵੇ, ਲਾਕੀ ਫਗਯੁਰਸਨ, ਡੇਰਿਲ ਮਿਸ਼ੇਲ, ਐਡਮ ਮਿਲਨੇ, ਜਿੰਮੀ ਨੀਸ਼ਾਮ, ਗਲੇਨ ਫਿਲਿਪਸ, ਮਿਸ਼ੇਲ ਸੇਂਟਨਰ, ਟਿਮ ਸਾਊਥੀ (ਕਪਤਾਨ), ਈਸ਼ ਸੋਢੀ, ਬਲੇਅਰ ਟਿਕਨਰ, ਮਾਰਕ ਚੈਪਮੈਨ।

ਭਾਰਤ : ਹਾਰਦਿਕ ਪੰਡਯਾ (ਕਪਤਾਨ), ਰਿਸ਼ਭ ਪੰਤ, ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਦੀਪਕ ਹੁੱਡਾ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਉਮਰਾਨ ਮਲਿਕ।


cherry

Content Editor

Related News