ਪੰਡਯਾ-ਦੁਬੇ ਦੀਆਂ ਤੂਫਾਨੀ ਪਾਰੀਆਂ ਦੀ ਬਦੌਲਤ ਭਾਰਤ ਦਾ ਵੱਡਾ ਸਕੋਰ, ਇੰਗਲੈਂਡ ਨੂੰ ਦਿੱਤਾ 182 ਦੌੜਾਂ ਦਾ ਟੀਚਾ

Friday, Jan 31, 2025 - 09:14 PM (IST)

ਪੰਡਯਾ-ਦੁਬੇ ਦੀਆਂ ਤੂਫਾਨੀ ਪਾਰੀਆਂ ਦੀ ਬਦੌਲਤ ਭਾਰਤ ਦਾ ਵੱਡਾ ਸਕੋਰ, ਇੰਗਲੈਂਡ ਨੂੰ ਦਿੱਤਾ 182 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ (31 ਜਨਵਰੀ) ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐੱਮ.ਸੀ.ਏ.) ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਜਿੱਤ ਲਈ 182 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਲਈ ਸ਼ਿਵਮ ਦੂਬੇ ਅਤੇ ਹਾਰਦਿਕ ਪੰਡਯਾ ਨੇ 53-53 ਦੌੜਾਂ ਬਣਾਈਆਂ।

ਹਾਦਿਕ-ਸ਼ਿਵਮ ਨੇ ਜੜੇ ਅਰਧ ਸੈਂਕੜੇ

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 9 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ। ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਮਾੜੀ ਰਹੀ ਅਤੇ ਦੂਜੇ ਓਵਰ ਵਿੱਚ ਹੀ 12 ਦੌੜਾਂ ਤਿੰਨ ਝਟਕੇ ਲੱਗੇ। ਤੇਜ਼ ਗੇਂਦਬਾਜ਼ ਸਾਕਿਬ ਮਹਿਮੂਦ ਨੇ ਉਸ ਓਵਰ ਦੀ ਪਹਿਲੀ ਗੇਂਦ 'ਤੇ ਸੰਜੂ ਸੈਮਸਨ (2) ਨੂੰ ਆਊਟ ਕਰ ਦਿੱਤਾ। ਇਸ ਲੜੀ ਵਿੱਚ ਚੌਥੀ ਵਾਰ ਸੰਜੂ ਸ਼ਾਰਟ ਗੇਂਦ 'ਤੇ ਆਊਟ ਹੋਇਆ। ਸੰਜੂ ਦਾ ਕੈਚ ਬ੍ਰਾਇਡਨ ਕਾਰਸੇ ਨੇ ਲਿਆ। ਸਾਕਿਬ ਨੇ ਅਗਲੀ ਹੀ ਗੇਂਦ 'ਤੇ ਫਾਰਮ ਵਿੱਚ ਚੱਲ ਰਹੇ ਬੱਲੇਬਾਜ਼ ਤਿਲਕ ਵਰਮਾ (0) ਨੂੰ ਆਊਟ ਕਰ ਦਿੱਤਾ। ਮਹਿਮੂਦ ਨੇ ਓਵਰ ਦੀ ਆਖਰੀ ਗੇਂਦ 'ਤੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ (0) ਨੂੰ ਵੀ ਆਊਟ ਕੀਤਾ।

ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਅਤੇ ਰਿੰਕੂ ਸਿੰਘ ਵਿਚਕਾਰ ਚੌਥੀ ਵਿਕਟ ਲਈ 45 ਦੌੜਾਂ ਦੀ ਸਾਂਝੇਦਾਰੀ ਹੋਈ। ਦੋਵੇਂ ਬੱਲੇਬਾਜ਼ ਕ੍ਰੀਜ਼ 'ਤੇ ਸੈੱਟ ਸਨ ਪਰ ਉਹ ਆਪਣਾ ਸਕੋਰ ਨਹੀਂ ਵਧਾ ਸਕੇ। ਪਹਿਲਾਂ ਅਭਿਸ਼ੇਕ 29 ਦੌੜਾਂ ਦੇ ਨਿੱਜੀ ਸਕੋਰ 'ਤੇ ਸਪਿਨਰ ਆਦਿਲ ਰਾਸ਼ਿਦ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਬ੍ਰਾਇਡਨ ਕਾਰਸੇ ਨੇ ਰਿੰਕੂ (30) ਨੂੰ ਆਊਟ ਕੀਤਾ। ਰਿੰਕੂ ਦੇ ਆਊਟ ਹੋਣ ਸਮੇਂ ਭਾਰਤ ਦਾ ਸਕੋਰ 5 ਵਿਕਟਾਂ 'ਤੇ 79 ਦੌੜਾਂ ਸੀ। 

ਇੱਥੋਂ, ਹਾਰਦਿਕ ਪੰਡਯਾ ਅਤੇ ਸ਼ਿਵਮ ਦੂਬੇ ਨੇ ਮਿਲ ਕੇ ਛੇਵੀਂ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਰਦਿਕ ਪੰਡਯਾ ਨੇ 30 ਗੇਂਦਾਂ ਵਿੱਚ 53 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਚੌਕੇ ਅਤੇ ਇੰਨੇ ਹੀ ਛੱਕੇ ਸ਼ਾਮਲ ਸਨ। ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਹਾਰਦਿਕ ਨੂੰ ਜੈਮੀ ਓਵਰਟਨ ਦੀ ਗੇਂਦ 'ਤੇ ਜੋਸ ਬਟਲਰ ਨੂੰ ਕੈਚ ਦੇ ਦਿੱਤਾ। ਹਾਰਦਿਕ ਦੇ ਆਊਟ ਹੋਣ ਤੋਂ ਥੋੜ੍ਹੀ ਦੇਰ ਬਾਅਦ ਸ਼ਿਵਮ ਦੂਬੇ ਨੇ ਲਗਾਤਾਰ ਦੋ ਚੌਕੇ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਫਿਰ ਭਾਰਤੀ ਪਾਰੀ ਦੇ ਆਖਰੀ ਓਵਰ ਵਿੱਚ ਤਿੰਨ ਵਿਕਟਾਂ ਡਿੱਗ ਪਈਆਂ। ਸਭ ਤੋਂ ਪਹਿਲਾਂ, ਅਕਸ਼ਰ ਪਟੇਲ ਨੂੰ ਓਵਰਟਨ ਨੇ ਕੈਚ ਆਊਟ ਕੀਤਾ। ਜਦੋਂ ਕਿ ਅਰਸ਼ਦੀਪ ਸਿੰਘ (0) ਅਤੇ ਸ਼ਿਵਮ ਦੂਬੇ ਰਨ ਆਊਟ ਹੋ ਗਏ। ਸ਼ਿਵਮ ਨੇ 34 ਗੇਂਦਾਂ ਵਿੱਚ 53 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਇੰਗਲੈਂਡ ਲਈ ਸਾਕਿਬ ਮਹਿਮੂਦ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਜਦੋਂ ਕਿ ਜੈਮੀ ਓਵਰਟਨ ਨੇ ਦੋ ਵਿਕਟਾਂ ਲਈਆਂ।


author

Rakesh

Content Editor

Related News