SA v IND 1st Test Day 4 : ਚੌਥੇ ਦਿਨ ਦੀ ਖੇਡ ਖਤਮ, ਦੱਖਣੀ ਅਫਰੀਕਾ ਦਾ ਸਕੋਰ 94/4
Wednesday, Dec 29, 2021 - 09:45 PM (IST)
ਸੈਂਚੂਰੀਅਨ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਮੈਚ ਸੈਂਚੂਰੀਅਨ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਭਾਰਤ ਤੋਂ ਜਿੱਤ ਲਈ ਮਿਲੇ 305 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਐਡਨ ਮਾਰਕਰਾਮ ਨੂੰ ਸ਼ੰਮੀ ਨੇ 1 ਦੌੜ ਦੇ ਨਿੱਜੀ ਸਕੋਰ 'ਤੇ ਬੋਲਡ ਕਰ ਦਿੱਤਾ। ਸ਼ੰਮੀ ਦੀ ਗੇਂਦ ਮਾਰਕਰਾਮ ਦੇ ਬੱਲੇ ਨਾਲ ਲੱਗਣ ਦੇ ਬਾਅਦ ਵਿਕਟਾਂ 'ਤੇ ਲੱਗੀ ਤੇ ਉਹ ਨਿਰਾਸ਼ ਹੋ ਕੇ ਪਵੇਲੀਅਨ ਪਰਤ ਗਏ। ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ 4 ਵਿਕਟਾਂ 'ਤੇ 94 ਦੌੜਾਂ ਬਣਾ ਲਈਆਂ ਹਨ ਤੇ ਹੁਣ 211 ਦੌੜਾਂ ਜਿੱਤ ਦੇ ਲਈ ਚਾਹੀਦੀਆਂ ਹਨ। ਕ੍ਰੀਜ਼ 'ਤੇ ਡੀਨ ਐਲਗਰ (ਕਪਤਾਨ) ਮੌਜੂਦ ਹੈ, ਜਿਸ ਨੇ 52 ਦੌੜਾਂ ਬਣਾਈਆਂ। ਭਾਰਤੀ ਟੀਮ ਵਲੋਂ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ, ਮੁਹੰਮਦ ਸ਼ੰਮੀ ਤੇ ਸਿਰਾਜ ਨੇ 1-1 ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਕੇ. ਐੱਲ. ਰਾਹੁਲ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਪਹਿਲੀ ਪਾਰੀ 'ਚ 327 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਦੇ ਲੁੰਗੀ ਐਨਗਿਡੀ ਨੇ ਭਾਰਤ ਖ਼ਿਲਾਫ਼ 6 ਵਿਕਟਾਂ ਲਈਆਂ। ਹਾਲਾਂਕਿ ਆਪਣੀ ਪਹਿਲੀ ਪਾਰੀ ਦੇ ਦੌਰਾਨ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਟਿੱਕ ਨਹੀਂ ਸਕੇ ਤੇ ਟੀਮ 197 ਦੌੜਾਂ 'ਤੇ ਹੀ ਸਿਮਟ ਗਈ ਜਿਸ 'ਚ ਮੁਹੰਮਦ ਸ਼ੰਮੀ ਨੇ ਭਾਰਤ ਲਈ ਸਭ ਤੋਂ ਵੱਧ 5 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤੋਂ ਬਾਅਦ ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ 'ਚ 174 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ 305 ਦੌੜਾਂ ਦਾ ਟੀਚਾ ਦਿੱਤਾ।
ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ਾਰਦੁਲ ਠਾਕੁਰ 10 ਦੌੜਾਂ ਦੇ ਨਿੱਜੀ ਸਕੋਰ 'ਤੇ ਰਬਾਡਾ ਦੀ ਗੇਂਦ 'ਤੇ ਮੁਲਡਰ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਭਾਰਤ ਦਾ ਤੀਜਾ ਵਿਕਟ ਕੇ. ਐੱਲ. ਰਾਹੁਲ ਦੇ ਤੌਰ 'ਤੇ ਡਿੱਗਾ। ਰਾਹੁਲ 23 ਦੌੜਾਂ ਦੇ ਨਿੱਜੀ ਸਕੋਰ 'ਤੇ ਐਨਗਿਡੀ ਦੀ ਗੇਂਦ ਐਲਗਰ ਦਾ ਸ਼ਿਕਾਰ ਬਣੇ। ਭਾਰਤ ਦਾ ਚੌਥਾ ਵਿਕਟ ਕਪਤਾਨ ਵਿਰਾਟ ਕੋਹਲੀ ਦੇ ਤੌਰ 'ਤੇ ਡਿੱਗਾ। ਕੋਹਲੀ 18 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਨਸਨ ਦੀ ਗੇਂਦ 'ਤੇ ਡੀਕਾਕ ਨੂੰ ਕੈਚ ਦੇ ਕੇ ਆਊਟ ਹੋ ਗਏ। ਭਾਰਤ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਚੇਤੇਸ਼ਵਰ ਪੁਜਾਰਾ 16 ਦੌੜਾਂ ਦੇ ਨਿੱਜੀ ਸਕੋਰ ਲੁੰਗੀ ਐਨਗਿਡੀ ਦੀ ਗੇਂਦ 'ਤੇ ਡੀਕਾਕ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਭਾਰਤ ਦੀ ਛੇਵੀਂ ਵਿਕਟ ਅਜਿਕੰਯ ਰਹਾਣੇ ਦੇ ਤੌਰ 'ਤੇ ਡਿੱਗੀ। ਰਹਾਣੇ 20 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਨਸਨ ਦੀ ਗੇਂਦ 'ਤੇ ਡੂਸਨ ਦਾ ਸ਼ਿਕਾਰ ਬਣੇ। ਭਾਰਤ ਦਾ ਸਤਵਾਂ ਵਿਕਟ ਰਵੀਚੰਦਰਨ 14 ਦੌੜਾਂ ਤੇ ਰਿਸ਼ਭ ਪੰਤ 34 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ । ਦੱਖਣੀ ਅਫਰੀਕਾ ਵਲੋਂ ਕਗੀਸੋ ਰਬਾਡਾ ਨੇ 4, ਲੁੰਗੀ ਐਨਗਿਡੀ ਨੇ 2 ਤੇ ਮਾਰਕੋ ਜੇਨਸਨ ਨੇ 4 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਅਸ਼ਵਿਨ ICC 'ਟੈਸਟ ਪਲੇਅਰ ਆਫ ਦਿ ਯੀਅਰ' ਲਈ ਨਾਮਜ਼ਦ
ਇਹ ਵੀ ਪੜ੍ਹੋ : SA vs IND : ਸ਼ੰਮੀ ਦੀਆਂ 200 ਵਿਕਟਾਂ ਪੂਰੀਆਂ, ਅਸ਼ਵਿਨ ਦਾ ਇਹ ਰਿਕਾਰਡ ਤੋੜਿਆ
ਪਲੇਇੰਗ ਇਲੈਵਨ-
ਦੱਖਣੀ ਅਫਰੀਕਾ : ਡੀਨ ਐਲਗਰ (ਕਪਤਾਨ), ਐਡੇਨ ਮਾਰਕਰਾਮ, ਕੀਗਨ ਪੀਟਰਸਨ, ਰੱਸੀ ਵੈਨ ਡੇਰ ਡੂਸਨ, ਟੇਮਬਾ ਬਾਵੁਮਾ, ਕਵਿੰਟਨ ਡੀ ਕਾਕ (ਵਿਕਟਕੀਪਰ), ਵੀਆਨ ਮੁਲਡਰ, ਮਾਰਕੋ ਜੇਨਸਨ, ਕੇਸ਼ਵ ਮਹਾਰਾਜ, ਕੈਗਿਸੋ ਰਬਾਡਾ, ਲੁੰਗੀ ਐਗਿਡੀ।
ਭਾਰਤ : ਕੇ. ਐੱਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।