ਭਾਰਤ-ਇੰਗਲੈਂਡ ਟੈਸਟ ਸੀਰੀਜ਼ ’ਚ ਕੋਰੋਨਾ ਦੀ ਦਸਤਕ ਤੋਂ ਫ਼ਿਕਰਮੰਦ ਮਾਈਕਲ ਵਾਨ, ਦਿੱਤਾ ਇਹ ਬਿਆਨ
Thursday, Jul 15, 2021 - 07:25 PM (IST)
ਲੰਡਨ— ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਵੀਰਵਾਰ ਨੂੰ ਭਾਰਤ ਤੇ ਇੰਗਲੈਂਡ ਵਿਚਾਲੇ ਆਗਾਮੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਸਮੇਂ ਕੋਵਿਡ-19 ਨਾਲ ਸਬੰਧਤ ਇਕਾਂਤਵਾਸ ਨਿਯਮਾਂ ’ਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਵਾਨ ਨੇ ਇਹ ਟਿੱਪਣੀ ਉਸ ਰਿਪੋਰਟ ਦੇ ਬਾਅਦ ਕੀਤੀ ਹੈ ਜਿਸ ’ਚ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੋਰੋਨਾ ਜਾਂਚ ’ਚ ਪਾਜ਼ੇਟਿਵ ਆਏ ਹਨ ਤੇ ਪਿਛਲੇ 8 ਦਿਨਾਂ ਤੋਂ ਇਕਾਂਤਵਾਸ ’ਚ ਹਨ।
ਵਾਨ ਨੇ ਕਿਹਾ ਕਿ ਮੈਨੂੰ 100 (ਦਿ ਹੰਡ੍ਰੇਡ) ਤੇ ਭਾਰਤ ਦੀ ਟੈਸਟ ਸੀਰੀਜ਼ ਦੀ ਚਿੰਤਾ ਹੈ। ਜਦੋਂ ਤਕ ਇਕਾਂਤਵਾਸ ਨਿਯਮ ਬਦਲ ਨਹੀਂ ਜਾਂਦੇ । ਸਾਨੂੰ ਮਾਮਲੇ (ਕੋਵਿਡ-19 ਪਾਜ਼ੇਟਿਵ) ਮਿਲਦੇ ਰਹਿਣਗੇ ਜਿਵੇਂ ਕਿ ਰਿਸ਼ਭ ਪੰਤ ਦਾ ਮਾਮਲਾ ਸਾਹਮਣੇ ਆਇਆ। ਜੇਕਰ ਬਾਇਓ-ਬਬਲ ਇਕਾਂਤਵਾਸ ਦੇ ਨਿਯਮਾਂ ’ਚ ਬਦਲਾਅ ਨਹੀਂ ਹੁੰਦਾ ਹੈ ਤਾਂ ਮੈਨੂੰ ਇਹ ਵੀ ਡਰ ਹੈ ਕਿ ਏਸ਼ੇਜ਼ ’ਚ ਵੀ ਖਿਡਾਰੀਆਂ ਦੇ ਹੱਟਣ ਨਾਲ ਇਸ ’ਤੇ ਵੱਡਾ ਅਸਰ ਪੈ ਸਕਦਾ ਹੈ।
ਵਾਨ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕ੍ਰਿਕਟ ਟੀਮਾਂ ਦੇ ਲਈ ਮੌਜੂਦਾ ਇਕਾਂਤਵਾਸ ਨਿਯਮਾਂ ’ਚ ਕਿਸ ਤਰ੍ਹਾਂ ਦਾ ਬਦਲਾਅ ਕਰਨਾ ਚਾਹੰੁਦੇ ਹਨ। ਪੰਤ ਭਾਰਤੀ ਟੀਮ ਦੇ ਨਾਲ ਡਰਹਮ ਰਵਾਨਾ ਨਹੀਂ ਹੋਣਗੇ ਜਿੱਥੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਇਕ ਅਭਿਆਸ ਮੈਚ ਖੇਡੇਗੀ। ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਬਾਅਦ ਬ੍ਰੇਕ ਦਿੱਤਾ ਗਿਆ ਸੀ। ਬਾਅਦ ’ਚ ਇਹ ਖ਼ਬਰ ਆਈ ਕਿ ਭਾਰਤ ਦੇ ਥੋ੍ਰਡਾਊਨ ਮਾਹਰ ਦਇਆਨੰਦ ਜਾਰਾਨੀ ਵੀ ਕੋਵਿਡ-19 ਪਾਏ ਗਏ ਹਨ।
ਭਾਰਤੀ ਟੀਮ ਨੂੰ ਇੰਗਲੈਂਡ ਖ਼ਿਲਾਫ਼ 4 ਅਗਸਤ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਦੂਜੇ ਚੱਕਰ ਦੀ ਸ਼ੁਰੂਆਤ ਵੀ ਹੋਵੇਗੀ। ਹਾਲ ਹੀ ’ਚ ਇੰਗਲੈਂਡ ਟੀਮ ਵੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਈ ਸੀ ਜਿਸ ਨਾਲ ਉਸ ਨੂੰ ਪਾਕਿਸਤਾਨ ਖ਼ਿਲਾਫ਼ ਸੀਮਿਤ ਓਵਰ ਦੀ ਸੀਰੀਜ਼ ’ਚ ਪੂਰੀ ਤਰ੍ਹਾਂ ਨਾਲ ਅਲਗ ਪਲੇਇੰਗ ਇਲੈਵਨ ਨਾਲ ਉਤਰਨਾ ਪਿਆ ਸੀ।