ਭਾਰਤ ਕਰੇਗਾ FIDE ਸ਼ਤਰੰਜ ਓਲੰਪੀਆਡ 2022 ਦੀ ਮੇਜ਼ਬਾਨੀ
Wednesday, Mar 16, 2022 - 03:55 PM (IST)
ਚੇਨਈ (ਵਾਰਤਾ)- ਭਾਰਤ ਨੇ FIDE ਸ਼ਤਰੰਜ ਓਲੰਪੀਆਡ 2022 ਦੀ ਮੇਜ਼ਬਾਨੀ ਕਰਨ ਦੀ ਬੋਲੀ ਜਿੱਤ ਲਈ ਹੈ। 26 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੇ ਇਸ ਪ੍ਰੋਗਰਾਮ ਦਾ ਆਯੋਜਨ ਚੇਨਈ 'ਚ ਕੀਤਾ ਜਾਵੇਗਾ। ਆਲ ਇੰਡੀਆ ਚੈੱਸ ਫੈਡਰੇਸ਼ਨ (AICF) ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇਹ ਸਮਾਗਮ ਚੇਨਈ ਤੋਂ ਲਗਭਗ 55 ਕਿਲੋਮੀਟਰ ਦੂਰ ਇਕ ਇਤਿਹਾਸਕ ਸੈਰ-ਸਪਾਟਾ ਸਥਾਨ ਮਮੱਲਾਪੁਰਮ ਵਿਖੇ ਆਯੋਜਿਤ ਕੀਤਾ ਜਾਵੇਗਾ, ਜਿੱਥੇ ਹਾਲ ਹੀ ਵਿਚ ਭਾਰਤ-ਚੀਨ ਸੰਮੇਲਨ ਹੋਇਆ ਸੀ।
FIDE ਵੱਲੋਂ ਯੂਕ੍ਰੇਨ-ਰੂਸ ਯੁੱਧ ਦੇ ਵਿਚਕਾਰ ਰੂਸ ਨੂੰ ਸ਼ਤਰੰਜ ਓਲੰਪੀਆਡ 2022 ਤੋਂ ਬਾਹਰ ਕੀਤੇ ਜਾਣ ਦੇ ਐਲਾਨ ਦੇ ਬਾਅਦ ਇਸ ਈਵੈਂਟ ਦੀ ਮੇਜ਼ਬਾਨੀ ਹਾਸਲ ਕਰਨ ਲਈ ਹੋਰ ਦੇਸ਼ਾਂ ਵੱਲੋੋਂ ਕਾਫੀ ਸਰਗਰਮੀ ਦਿਖਾਈ ਗਈ ਅਤੇ ਆਖ਼ਰਕਾਰ ਤਾਮਿਲਨਾਡੂ ਸਰਕਾਰੀ ਦੇ ਅਧਿਕਾਰੀਆਂ ਦੇ ਜ਼ਬਰਦਸਤ ਯਤਨਾਂ ਅਤੇ ਤਾਲਮੇਲ ਨਾਲ AICF ਅਤੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਭਾਰਤ ਲਈ ਬੋਲੀ ਜਿੱਤਣ ਵਿਚ ਕਾਮਯਾਬ ਰਹੇ।
ਇਕ ਅਧਿਕਾਰਤ ਰੀਲੀਜ਼ ਵਿਚ ਕਿਹਾ ਗਿਆ ਹੈ, 'ਨਵੇਂ ਮੇਜ਼ਬਾਨਾਂ ਦੀ ਖੋਜ ਦੀ FIDE ਦੀ ਘੋਸ਼ਣਾ ਤੋਂ 10 ਦਿਨਾਂ ਦੇ ਅੰਦਰ AICF ਨੇ ਤਾਮਿਲਨਾਡੂ ਸਰਕਾਰ ਨਾਲ ਤਾਲਮੇਲ ਕੀਤਾ ਤਾਂ ਕਿ ਮੇਜ਼ਬਾਨ ਵਜੋਂ ਬੋਲੀ ਲਗਾਉਣ ਦੀ ਬੇਨਤੀ ਦੇ ਨਾਲ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕਰਨ ਦੇ ਕੁੱਝ ਘੰਟਿਆਂ ਦੇ ਅੰਦਰ ਵੱਖ-ਵੱਖ ਮਨਜ਼ੂਰੀਆਂ ਪ੍ਰਾਪਤ ਕੀਤੀਆਂ ਜਾ ਸਕਣ।' ਵਰਨਣਯੋਗ ਹੈ ਕਿ 1927 ਤੋਂ ਲੈ ਕੇ ਹੁਣ ਤੱਕ 43 ਵਾਰ FIDE ਸ਼ਤਰੰਜ ਓਲੰਪੀਆਡ ਦਾ ਆਯੋਜਨ ਕੀਤਾ ਜਾ ਚੁੱਕਾ ਹੈ ਅਤੇ ਭਾਰਤ ਇਕ ਵਾਰ ਵੀ ਮੇਜ਼ਬਾਨੀ ਨਹੀਂ ਕਰ ਸਕਿਆ ਹੈ ਪਰ ਹੁਣ ਉਸ ਨੂੰ ਪਹਿਲੀ ਵਾਰ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਹੈ।