ਭਾਰਤ ਨੂੰ ਸ਼੍ਰੀਲੰਕਾ ਦੇ ਸਪਿਨਰਾਂ ਤੇ ਧੀਮੀ ਪਿੱਚ ਤੋਂ ਪਾਰ ਪਾਉਣ ਦਾ ਤਰੀਕਾ ਲੱਭਣਾ ਹੋਵੇਗਾ

Saturday, Aug 03, 2024 - 02:35 PM (IST)

ਭਾਰਤ ਨੂੰ ਸ਼੍ਰੀਲੰਕਾ ਦੇ ਸਪਿਨਰਾਂ ਤੇ ਧੀਮੀ ਪਿੱਚ ਤੋਂ ਪਾਰ ਪਾਉਣ ਦਾ ਤਰੀਕਾ ਲੱਭਣਾ ਹੋਵੇਗਾ

ਕੋਲੰਬੋ- ਭਾਰਤ ਨੂੰ ਜੇਕਰ ਸ਼੍ਰੀਲੰਕਾ ਖਿਲਾਫ ਆਪਣਾ ਦਬਦਬਾ ਕਾਇਮ ਰੱਖਣਾ ਹੈ ਤਾਂ ਉਸ ਨੂੰ ਐਤਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਵਨ ਡੇ ਕ੍ਰਿਕਟ ਮੁਕਾਬਲੇ ਵਿਚ ਸਪਿਨਰਾਂ ਤੇ ਹੌਲੀ ਪਿੱਚ ਨਾਲ ਨਜਿੱਠਣ ਦਾ ਰਸਤਾ ਲੱਭਣਾ ਹੋਵੇਗਾ। ਸ਼ੁੱਕਰਵਾਰ ਨੂੰ ਖੇਡੇ ਗਏ ਪਹਿਲੇ ਵਨ ਡੇ ’ਚ 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇਕ ਸਮੇਂ ਭਾਰਤ 3 ਵਿਕਟਾਂ ’ਤੇ 130 ਦੌੜਾਂ ਬਣਾ ਕੇ ਚੰਗੀ ਸਥਿਤੀ ’ਚ ਨਜ਼ਰ ਆ ਰਿਹਾ ਸੀ ਪਰ ਇਸ ਤੋਂ ਬਾਅਦ ਸ਼੍ਰੀਲੰਕਾ ਦੇ ਸਪਿਨਰ ਹਾਵੀ ਹੋ ਗਏ ਤੇ ਭਾਰਤੀ ਟੀਮ 230 ਦੌੜਾਂ ’ਤੇ ਆਊਟ ਹੋ ਗਈ, ਜਿਸ ਕਾਰਨ ਇਹ ਮੈਚ ਟਾਈ ਰਿਹਾ।
ਰੋਹਿਤ ਸ਼ਰਮਾ ਨੇ ਹਮਲਾਵਰ ਬੱਲੇਬਾਜ਼ੀ ਕੀਤੀ ਪਰ ਇਸ ਤੋਂ ਬਾਅਦ ਸ਼੍ਰੀਲੰਕਾ ਦੇ ਸਪਿਨਰਾਂ ਨੇ ਆਪਣੀ ਰਣਨੀਤੀ ’ਤੇ ਚੰਗੀ ਤਰ੍ਹਾਂ ਅਮਲ ਕੀਤਾ। ਭਾਰਤ ਨੇ ਉਨ੍ਹਾਂ ਦਾ ਸਾਹਮਣਾ ਕਰਨ ਲਈ ਵਿਰਾਟ ਕੋਹਲੀ, ਕੇ.ਐੱਲ. ਰਾਹੁਲ ਅਤੇ ਸ਼੍ਰੇਅਸ ਅਈਅਰ ਨੂੰ ਮੈਦਾਨ ’ਚ ਉਤਾਰਿਆ, ਜਿਨ੍ਹਾਂ ਨੂੰ ਸਪਿਨ ਗੇਂਦਬਾਜ਼ਾਂ ਦੇ ਖਿਲਾਫ ਕਾਫੀ ਸਫਲਤਾ ਮਿਲੀ ਹੈ।
ਇਨ੍ਹਾਂ ਤਿੰਨਾਂ ਨੂੰ ਕੋਈ ਦਿੱਕਤ ਨਹੀਂ ਆਈ ਪਰ ਉਹ ਖੁੱਲ੍ਹ ਕੇ ਬੱਲੇਬਾਜ਼ੀ ਨਹੀਂ ਕਰ ਸਕੇ। ਕੋਹਲੀ ’ਤੇ ਖੱਬੇ ਹੱਥ ਦੇ ਸਪਿਨਰ ਦੁਨਿਥ ਵੇਲਾਲਾਗੇ ਅਤੇ ਲੈੱਗ ਸਪਿਨਰ ਵਾਨਿੰਦੂ ਹਸਰੰਗਾ ਨੇ ਲਗਾਮ ਕੱਸੀ ਰੱਖੀ।
ਪਿੱਚ ਕਾਫੀ ਹੌਲਾ ਖੇਡ ਰਹੀ ਸੀ ਅਤੇ ਸਪਿਨਰ ਦਾ ਸਾਹਮਣਾ ਕਰਨਾ ਸੌਖਾਲਾ ਨਹੀਂ ਸੀ। ਇਸ ਤੋਂ ਬਾਅਦ ਵੀ ਸ਼੍ਰੀਲੰਕਾ ਦੇ ਕਪਤਾਨ ਚਰਿਥ ਅਸਾਲੰਕਾ, ਜਿਹੜਾ ਮੁੱਖ ਤੌਰ ’ਤੇ ਬੱਲੇਬਾਜ਼ ਹੈ, ਨੇ ਵੀ ਗੇਂਦਬਾਜ਼ੀ ਕੀਤੀ ਅਤੇ 3 ਮਹੱਤਵਪੂਰਨ ਵਿਕਟਾਂ ਲੈ ਕੇ ਮੈਚ ਨੂੰ ਬਰਾਬਰ ਕਰ ਦਿੱਤਾ। ਭਾਰਤੀ ਬੱਲੇਬਾਜ਼ਾਂ ਨੂੰ ਸਾਂਝੇਦਾਰੀਆਂ ਬਣਾਉਣ ਦੀ ਲੋੜ ਸੀ ਪਰ ਉਹ ਇਸ ’ਚ ਅਸਫਲ ਰਹੇ।
ਦੂਜੇ ਪਾਸੇ ਸ਼੍ਰੀਲੰਕਾ ਦੇ ਪਾਥੁਮ ਨਿਸਾਂਕਾ ਅਤੇ ਵੇਲਾਲਾਗੇ ਨੇ ਦੂਜੇ ਪਾਸੇ ’ਤੇ ਵਿਕਟਾਂ ਦੀ ਝੜੀ ਦੇ ਬਾਵਜੂਦ ਅਰਧ ਸੈਂਕੜਾ ਲਾ ਕੇ ਦਿਖਾਇਅਾ ਕਿ  ਇਸ ਤਰ੍ਹਾਂ ਦੀ ਵਿਕਟ ’ਤੇ ਕਿਵੇਂ ਬੱਲੇਬਾਜ਼ੀ ਕਰਨੀ ਹੈ। ਉਸ ਨੇ ਕੁਲਦੀਪ ਯਾਦਵ, ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕੀਤਾ।
ਭਾਰਤ ਦੇ ਸ਼ੁਭਮਨ ਗਿੱਲ ਸਮੇਤ 4 ਸਪਿਨਰਾਂ ਨੇ 30 ਓਵਰਾਂ ’ਚ 126 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦਕਿ ਸ਼੍ਰੀਲੰਕਾ ਦੇ ਸਪਿਨ ਗੇਂਦਬਾਜ਼ਾਂ ਨੇ 37.5 ਓਵਰਾਂ ’ਚ 167 ਦੌੜਾਂ ਦੇ ਕੇ 9 ਵਿਕਟਾਂ ਲਈਆਂ। ਭਾਰਤੀ ਸਪਿਨਰਾਂ ਨੂੰ ਦੌੜਾਂ ਰੋਕਣ ਦੇ ਨਾਲ-ਨਾਲ ਵਿਕਟਾਂ ਲੈਣ ’ਤੇ ਵੀ ਧਿਆਨ ਦੇਣਾ ਪਵੇਗਾ।
ਭਾਰਤ ਬੱਲੇਬਾਜ਼ੀ ’ਚ ਬਦਲਾਅ ਕਰ ਸਕਦਾ ਹੈ ਅਤੇ ਰਿਸ਼ਭ ਪੰਤ ਜਾਂ ਰਿਆਨ ਪ੍ਰਾਗ ਨੂੰ ਮੌਕਾ ਦੇ ਸਕਦਾ ਹੈ, ਜਿਨ੍ਹਾਂ ਦਾ ਸਪਿਨਰਾਂ ਖਿਲਾਫ ਚੰਗਾ ਰਿਕਾਰਡ ਹੈ। ਇਹ ਦੋਵੇਂ ਬੱਲੇਬਾਜ਼ ਗੈਰ-ਰਵਾਇਤੀ ਸ਼ਾਟਾਂ ਖੇਡ ਕੇ ਉਨ੍ਹਾਂ ਦੀ ਲੈਅ ਵਿਗਾੜ ਸਕਦੇ ਹਨ। ਵੇਲਾਲਾਗੇ ਨੇ ਵਾਸ਼ਿੰਗਟਨ ਸੁੰਦਰ ਤੇ ਅਕਸ਼ਰ ਪਟੇਲ ਦੇ ਖਿਲਾਫ ਸਕੂਪ ਅਤੇ ਰਿਵਰਸ ਸਵੀਪ ਦਾ ਚੰਗਾ ਇਸਤੇਮਾਲ ਕੀਤਾ।
ਪ੍ਰਾਗ ਸਪਿਨਰ ਦੀ ਭੂਮਿਕਾ ਵੀ ਨਿਭਾਅ ਸਕਦਾ ਹੈ ਪਰ ਇਹ ਦੇਖਣਾ ਹੋਵੇਗਾ ਕਿ ਭਾਰਤੀ ਟੀਮ ਮੈਨੇਜਮੈਂਟ ਸਿਰਫ ਇਕ ਮੈਚ ਤੋਂ ਬਾਅਦ ਟੀਮ ’ਚ ਬਦਲਾਅ ਕਰਦਾ ਹੈ ਜਾਂ ਨਹੀਂ ਕਿਉਂਕਿ ਹਾਲ ਦੇ ਸਮੇਂ ’ਚ ਉਸ ਦੀ ਰਣਨੀਤੀ ਇਹ ਨਹੀਂ ਰਹੀ ਹੈ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ :
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇ.ਐੱਲ. ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਰਿਆਨ ਪ੍ਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ, ਹਰਸ਼ਿਤ ਰਾਣਾ।
ਸ਼੍ਰੀਲੰਕਾ : ਚਰਿਥ ਅਸਾਲੰਕਾ (ਕਪਤਾਨ), ਪਾਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ, ਸਦੀਰਾ ਸਮਰਾਵਿਕਰਮਾ, ਕਾਮਿੰਦੂ ਮੈਂਡਿਸ, ਜੇਨਿਥ ਲਿਆਨਗੇ, ਨਿਸ਼ਾਨ ਮਧੂਸ਼ਨਾਕਾ, ਵਾਨਿੰਦੁ ਹਸਰੰਗਾ, ਦੁਨਿਥ ਵੇਲਾਲਾਗੇ, ਚਮਿਕਾ ਕਰੁਣਾਰਤਨੇ, ਮਹੀਸ਼ ਤੀਕਸ਼ਣਾ, ਅਕਿਲਾ ਧਨੰਜਯ, ਦਿਲਸ਼ਾਨ ਮਧੂਸ਼ੰਕਾ, ਮਥੀਸ਼ਾ ਪਾਥਿਰਾਨਾ, ਅਸਿਥਾ ਫਰਨਾਂਡੋ।


author

Aarti dhillon

Content Editor

Related News