ਨਿਊਜ਼ੀਲੈਂਡ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
Saturday, Oct 12, 2024 - 05:42 AM (IST)
ਨਵੀਂ ਦਿੱਲੀ, (ਭਾਸ਼ਾ)– ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਆਗਾਮੀ 3 ਮੈਚਾਂ ਦੀ ਟੈਸਟ ਲੜੀ ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ ਜਿਹੜੀ ਬੁੱਧਵਾਰ ਤੋਂ ਬੈਂਗਲੁਰੂ ਵਿਚ ਸ਼ੁਰੂ ਹੋ ਰਹੀ ਹੈ। ਇਸ ਕਦਮ ਤੋਂ ਸੰਕੇਤ ਮਿਲਦਾ ਹੈ ਕਿ ਬੁਮਰਾਹ ਨੂੰ ਰੋਹਿਤ ਸ਼ਰਮਾ ਦੀ ਗੈਰ-ਹਾਜ਼ਰੀ ਵਿਚ ਟੀਮ ਦੀ ਅਗਵਾਈ ਕਰਨ ਲਈ ਤਿਆਾਰ ਕੀਤਾ ਜਾ ਰਿਹਾ ਹੈ ਕਿਉਂਕਿ ਹਾਲ ਹੀ ਵਿਚ ਬੰਗਲਾਦੇਸ਼ ਵਿਰੁੱਧ ਦੋ ਮੈਚਾਂ ਦੀ ਟੈਸਟ ਲੜੀ ਦੌਰਾਨ ਕੋਈ ਉਪ ਕਪਤਾਨ ਨਹੀਂ ਸੀ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਿਊਜ਼ੀਲੈਂਡ ਖਿਲਾਫ ਸੀਰੀਜ਼ ਲਗਭਗ ਉਹੀ ਟੀਮ ਹੈ ਜੋ ਹਾਲ ਹੀ 'ਚ ਬੰਗਲਾਦੇਸ਼ ਖਿਲਾਫ ਖੇਡੀ ਸੀ ਪਰ ਯਸ਼ ਦਿਆਲ ਨੂੰ ਮੌਕਾ ਨਹੀਂ ਮਿਲਿਆ। ਹਰਸ਼ਿਤ ਰਾਣਾ, ਨਿਤੀਸ਼ ਕੁਮਾਰ ਰੈੱਡੀ, ਮਯੰਕ ਯਾਦਵ ਅਤੇ ਪ੍ਰਸੀਦ ਕ੍ਰਿਸ਼ਨਾ ਨੂੰ ਵੀ ਇਸ ਟੀਮ ਵਿੱਚ ਰਿਜ਼ਰਵ ਖਿਡਾਰੀਆਂ ਵਜੋਂ ਮੌਕਾ ਮਿਲਿਆ ਹੈ।
ਭਾਰਤੀ ਟੀਮ ਇਸ ਤਰ੍ਹਾਂ ਹੈ- ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ. ਐੱਲ. ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਤੇ ਆਕਾਸ਼ ਦੀਪ।