ਭਾਰਤ ਦੀ ਜੂਨੀਅਰ ਬੀਬੀਆਂ ਦੀ ਹਾਕੀ ਟੀਮ ਨੇ ਚਿਲੀ ਨੂੰ 2-0 ਨਾਲ ਹਰਾਇਆ
Sunday, Jan 24, 2021 - 07:56 PM (IST)
ਸੈਂਟਿਆਗੋ– ਭਾਰਤੀ ਬੀਬੀਆਂ ਦੀ ਹਾਕੀ ਜੂਨੀਅਰ ਟੀਮ ਨੇ ਆਪਣੀ ਜੇਤੂ ਲੈਅ ਬਰਕਰਾਰ ਰੱਖਦੇ ਹੋਏ ਚਿਲੀ ਦੀ ਸੀਨੀਅਰ ਟੀਮ ਨੂੰ ਇਕ ਬੇਹੱਦ ਸਖਤ ਮੁਕਾਬਲੇ ਵਿਚ 2-0 ਨਾਲ ਹਰਾ ਦਿੱਤਾ। ਚਿਲੀ ਦੇ ਦੌਰੇ ’ਤੇ ਗਈ ਜੂਨੀਅਰ ਟੀਮ ਨੇ ਇੱਥੇ ਪ੍ਰਿੰਸ ਆਫ ਵੇਲਸ ਕੰਟਰੀ ਕਲੱਬ ਦੇ ਮੈਦਾਨ ’ਤੇ 5ਵੇਂ ਮੈਚ ਵਿਚ ਮੇਜ਼ਬਾਨ ਟੀਮ ਨੂੰ ਗੋਲ ਕਰਨ ਦਾ ਕੋਈ ਮੌਕਾ ਨਾ ਦਿੰਦੇ ਹੋਏ ਮੈਚ ਆਪਣੇ ਨਾਂ ਕਰ ਲਿਆ। ਚਿਲੀ ਦੀ ਰਾਜਧਾਨੀ ਸੈਂਟਿਆਗੋ ਵਿਚ ਖੇਡੇ ਗਏ ਇਸ ਮੈਚ ਵਿਚ ਭਾਰਤ ਵਲੋਂ ਪਹਿਲਾ ਗੋਲ ਸੰਗੀਤਾ ਕੁਮਾਰੀ ਨੇ 48ਵੇਂ ਮਿੰਟ ਵਿਚ ਕੀਤਾ ਜਦਕਿ ਸੁਸ਼ਮਾ ਕੁਮਾਰੀ ਨੇ 56ਵੇਂ ਮਿੰਟ ਵਿਚ ਗੋਲ ਕੀਤਾ। ਦੋਵੇਂ ਹੀ ਗੋਲ ਮੈਚ ਦੇ ਆਖਰੀ ਕੁਆਰਟਰ ਵਿਚ ਕੀਤੇ ਗਏ।
ਮੈਚ ਦੀ ਸ਼ੁਰੂਆਤ ਤੋਂ ਹੀ ਦੋਵੇਂ ਟੀਮਾਂ ਵਿਚਾਲੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ ਤੇ ਪਹਿਲੇ ਤਿੰਨ ਕੁਆਰਟਰਾਂ ਵਿਚ ਦੋਵੇਂ ਟੀਮਾਂ ਵਿਚੋਂ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਹਾਲਾਂਕਿ ਦੋਵੇਂ ਹੀ ਟੀਮਾਂ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ।
ਦੂਜੇ ਕੁਆਰਟਰ ਵਿਚ ਭਾਰਤ ਨੂੰ ਦੋ ਪੈਨਲਟੀ ਕਾਰਨਰ ਮਿਲੇ ਪਰ ਟੀਮ ਉਨ੍ਹਾਂ ਨੂੰ ਵੀ ਗੋਲ ਵਿਚ ਬਦਲ ਨਹੀਂ ਸਕੀ। ਮੈਚ ਦੇ ਤੀਜੇ ਕੁਆਰਟਰ ਵਿਚ ਵੀ ਕੋਈ ਟੀਮ ਗੋਲ ਨਹੀਂ ਕਰ ਸਕੀ। ਇਸ ਤੋਂ ਬਾਅਦ ਚੌਥੇ ਤੇ ਆਖਰੀ ਕੁਆਰਟਰ ਵਿਚ ਭਾਰਤ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਗੋਲ ਕੀਤੇ ਤੇ 2-0 ਨਾਲ ਮੈਚ ਆਪਣੇ ਨਾਂ ਕਰ ਲਿਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।