ਭਾਰਤ ਦਾ ਪ੍ਰੋ ਲੀਗ ''ਚ ਪਹਿਲਾ ਮੁਕਾਬਲਾ ਹਾਲੈਂਡ ਨਾਲ

01/15/2020 11:58:39 AM

ਸਪੋਰਟਸ ਡੈਸਕ— ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕਾ ਭਾਰਤ ਐੱਫ. ਆਈ. ਐੱਚ. ਹਾਕੀ ਪ੍ਰੋੋ ਲੀਗ 'ਚ ਪਹਿਲੀ ਵਾਰ ਹਿੱਸਾ ਲੈਣ ਜਾ ਰਿਹਾ ਹੈ ਤੇ ਉਸ ਦਾ ਪਹਿਲਾ ਮੁਕਾਬਲਾ 18 ਤੇ 19 ਜਨਵਰੀ ਨੂੰ ਇਥੋਂ ਦੇ ਕਲਿੰਗਾ ਸਟੇਡੀਅਮ 'ਚ ਹੋਵੇਗਾ। ਹਾਲੈਂਡ ਵਿਸ਼ਵ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਹੈ, ਜਦਕਿ ਭਾਰਤ ਪੰਜਵੇਂ  ਸਥਾਨ 'ਤੇ ਹੈ। ਹਾਲੈਂਡ ਨੇ ਪਿਛਲੇ ਸਾਲ ਪ੍ਰੋ ਲੀਗ ਦੇ ਪਹਿਲੇ ਸੈਸ਼ਨ 'ਚ ਤੀਜਾ ਸਥਾਨ ਹਾਸਲ ਕੀਤਾ ਸੀ, ਜਦਕਿ ਭਾਰਤੀ ਟੀਮ ਇਸ ਲੀਗ ਵਿਚ ਡੈਬਿਊ ਕਰਨ ਜਾ ਰਹੀ ਹੈ। ਭਾਰਤ ਆਪਣਾ ਘਰੇਲੂ ਮੈਚ 15,000 ਦਰਸ਼ਕਾਂ ਦੀ ਸਮਰੱਥਾ ਵਾਲੇ ਕਲਿੰਗਾ ਸਟੇਡੀਅਮ ਵਿਚ ਖੇਡੇਗਾ। 

ਵਿਸ਼ਵ ਦੀ 5ਵੇਂ ਨੰਬਰ ਦੀ ਟੀਮ ਭਾਰਤ ਨੇ ਪਿਛਲੇ ਸਾਲ ਨਵੰਬਰ 'ਚ ਓਡਿਸ਼ਾ ਦੇ ਭੁਵਨੇਸ਼ਵਰ ਸਥਿਤ ਕਲਿੰਗਾ ਸਟੇਡੀਅਮ 'ਚ ਰੂਸ ਨੂੰ ਆਸਾਨੀ ਨਾਲ ਹਰਾ ਕੇ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕੀਤੀ ਸੀ। ਭਾਰਤ 8 ਵਾਰ ਦਾ ਓਲੰਪਿਕ ਚੈਂਪੀਅਨ ਹੈ ਤੇ ਉਸ ਨੇ ਓਲੰਪਿਕ 'ਚ ਆਖਰੀ ਵਾਰ ਸੋਨ ਤਮਗਾ 1980 ਦੀਆਂ ਮਾਸਕੋ ਓਲੰਪਿਕ ਖੇਡਾਂ 'ਚ ਜਿੱਤਿਆ ਸੀ ਪਰ ਉਸ ਤੋਂ ਬਾਅਦ ਤੋਂ ਹੀ ਭਾਰਤ ਹਾਕੀ ਨੂੰ ਆਪਣੇ ਪਹਿਲੇ ਓਲੰਪਿਕ ਤਮਗੇ ਦਾ ਇੰਤਜ਼ਾਰ ਹੈ। 

ਪ੍ਰੋ ਲੀਗ ਦੀ ਸ਼ੁਰੂਆਤ 11 ਜਨਵਰੀ ਤੋਂ ਹੋ ਗਈ ਹੈ ਤੇ ਚੈਂਪੀਅਨ ਹਾਲੈਂਡ ਦੀ ਮਹਿਲਾ ਟੀਮ ਨੇ ਚੀਨ ਦੇ ਜਾਂਗ ਝੋਓ ਸਥਿਤ ਵੁਜਿਨ ਹਾਕੀ ਸਟੇਡੀਅਮ 'ਚ ਉਦਘਾਟਨੀ ਮੁਕਾਬਲੇ 'ਚ ਚੀਨ ਨੂੰ 11 ਤੇ 12 ਜਨਵਰੀ ਨੂੰ ਕ੍ਰਮਵਾਰ 3-0 ਤੇ 4-2 ਨਾਲ ਹਰਾਇਆ ਸੀ। ਭਾਰਤ ਤੇ ਹਾਲੈਂਡ ਦਾ ਆਖਰੀ ਮੁਕਾਬਲਾ 2018 ਦੇ ਵਿਸ਼ਵ ਕੱਪ 'ਚ ਕਲਿੰਗਾ ਸਟੇਡੀਅਮ 'ਚ ਹੀ ਹੋਇਆ ਸੀ ਤੇ ਹਾਲੈਂਡ ਨੇ ਮੇਜ਼ਬਾਨ ਭਾਰਤ  ਨੂੰ ਕੁਆਰਟਰ ਫਾਈਨਲ 'ਚ 2-1 ਨਾਲ ਹਰਾ ਕੇ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ ਸੀ। ਦੋਵਾਂ ਟੀਮਾਂ ਵਿਚਾਲੇ 2013 ਤੋਂ ਪਿਛਲੇ 10 ਮੁਕਾਬਲਿਆਂ 'ਚ ਹਾਲੈਂਡ ਨੇ 5 ਤੇ ਭਾਰਤ ਨੇ 4 ਜਿੱਤੇ ਹਨ।

ਜਨਵਰੀ ਤੋਂ ਜੂਨ 2020 ਵਿਚਾਲੇ ਚੱਲਣ ਵਾਲੀ ਇਸ ਪ੍ਰੋ ਲੀਗ 'ਚ 144 ਮੈਚ ਖੇਡੇ ਜਾਣਗੇ ਤੇ ਦੁਨੀਆ ਦੀਆਂ ਸ੍ਰੇਸ਼ਠ ਪੁਰਸ਼ ਤੇ ਮਹਿਲਾ ਟੀਮਾਂ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰਨਗੀਆਂ। ਇਸ ਟੂਰਨਾਮੈਂਟ ਦਾ ਪਹਿਲਾ ਸੈਸ਼ਨ 2019 'ਚ ਹੋਇਆ ਸੀ । ਸਾਲ 2020 ਦਾ ਸੈਸ਼ਨ ਟੋਕੀਓ ਓਲੰਪਿਕ ਨੂੰ ਦੇਖਦੇ ਹੋਏ ਕਾਫੀ ਮਹੱਤਵਪੂਰਨ ਹੋ ਗਿਆ ਹੈ। 11 ਦੇਸ਼ਾਂ 'ਚ 20 ਸਥਾਨ ਪ੍ਰੋ ਲੀਗ ਦੇ ਮੈਚਾਂ ਦੀ ਮੇਜ਼ਬਾਨੀ ਕਰਨਗੇ। ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਪ੍ਰੋ ਲੀਗ 'ਚ ਹਿੱਸਾ ਲੈ ਰਹੀਆਂ 18 ਟੀਮਾਂ 'ਚੋਂ 16 ਟੀਮਾਂ ਇਸ ਸਾਲ ਦੀਆਂ ਟੋਕੀਓ ਓਲੰਪਿਕ 'ਚ ਹਿੱਸਾ ਲੈਣ ਜਾ ਰਹੀਆਂ ਹਨ ਤੇ ਇਨ੍ਹਾਂ ਸਾਰੀਆਂ ਟੀਮਾਂ ਨੂੰ ਆਪਣੀਆਂ ਓਲੰਪਿਕ ਤਿਆਰੀਆਂ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ।

ਇਸ ਵਾਰ ਪਹਿਲੇ ਸੈਸ਼ਨ ਦੇ ਮੁਕਾਬਲੇ ਕੁਝ ਬਦਲਾਅ ਕੀਤਾ ਗਿਆ ਹੈ। ਪਹਿਲੇ ਸੈਸ਼ਨ ਦੀ ਸਮਾਪਤੀ 'ਤੇ ਗ੍ਰੈਂਡ ਫਾਈਨਲ ਹੋਇਆ ਸੀ, ਜਿਸ ਨੂੰ ਇਸ ਵਾਰ ਖਤਮ ਕਰ ਦਿੱਤਾ ਗਿਆ ਹੈ। ਇਸ ਵਾਰ ਪੁਰਸ਼ ਤੇ ਮਹਿਲਾ ਚੈਂਪੀਅਨ ਟੀਮ ਉਹ ਹੋਵੇਗੀ, ਜਿਹੜੀ ਪ੍ਰਤੀਯੋਗਿਤਾ ਦੀ ਸਮਾਪਤੀ 'ਤੇ ਸਭ ਤੋਂ ਵੱਧ ਅੰਕ ਹਾਸਲ ਕਰੇਗੀ।

ਭਾਰਤੀ ਟੀਮ ਨੂੰ ਪ੍ਰੋ ਲੀਗ ਦੇ ਪਹਿਲੇ ਜੇਤੂ ਤੇ ਓਸਨੀਆ ਚੈਂਪੀਅਨ ਆਸਟਰੇਲੀਆ (ਰੈਂਕਿੰਗ-1), ਵਿਸ਼ਵ ਤੇ ਯੂਰਪੀਅਨ ਚੈਂਪੀਅਨ ਬੈਲਜੀਅਮ (2), ਓਲੰਪਿਕ ਚੈਂਪੀਅਨ ਅਰਜਨਟੀਨਾ (4), ਹਾਲੈਂਡ (3), ਜਰਮਨੀ (6), ਬ੍ਰਿਟੇਨ (7), ਸਪੇਨ (8) ਤੇ ਨਿਊਜ਼ੀਲੈਂਡ (9) ਨਾਲ ਹੋਮ ਐਂਡ ਅਵੇ ਆਧਾਰ 'ਤੇ ਭਿੜਨਾ ਹੈ। 


Related News