ਭਾਰਤ ਦਾ ਸਾਹਮਣਾ ਅੱਜ ਇੰਗਲੈਂਡ ਨਾਲ, ਸੂਰਯਕੁਮਾਰ ਤੇ ਸੈਮਸਨ ਦੀ ਫਾਰਮ ’ਤੇ ਰਹਿਣਗੀਆਂ ਨਜ਼ਰਾਂ
Sunday, Feb 02, 2025 - 01:42 PM (IST)
ਮੁੰਬਈ– ਭਾਰਤ ਤੇ ਇੰਗਲੈਂਡ ਦਰਮਿਆਨ ਖੇਡੀ ਜਾਣ ਵਾਲੀ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਪੰਜਵਾਂ ਤੇ ਆਖ਼ਰੀ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੀ ਭਾਰਤੀ ਟੀਮ ‘ਕਨਕਸ਼ਨ ਸਬ’ (ਕਿਸੇ ਖਿਡਾਰੀ ਦੇ ਸਿਰ ’ਚ ਗੇਂਦ ਲੱਗਣ ’ਤੇ ਉਸਦੀ ਜਗ੍ਹਾ ਲੈਣ ਵਾਲਾ ਬਦਲਵਾਂ ਖਿਡਾਰੀ) ਨੂੰ ਲੈ ਕੇ ਉੱਠੇ ਵਿਵਾਦ ਵਿਚਾਲੇ ਭਾਰਤੀ ਟੀਮ ਜਦੋਂ ਇੰਗਲੈਂਡ ਦਾ ਸਾਹਮਣਾ ਕਰਨ ਉਤਰੇਗੀ ਤਾਂ ਉਸਦੀਆਂ ਨਜ਼ਰਾਂ ਚੋਟੀਕ੍ਰਮ ਦੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ’ਤੇ ਟਿਕੀਆਂ ਰਹਿਣਗੀਆਂ। ਚੋਟੀਕ੍ਰਮ ਦੇ 3 ਬੱਲੇਬਾਜ਼ਾਂ ਵਿਚ ਸ਼ਾਮਲ ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਤੇ ਕਪਤਾਨ ਸੂਰਯਕੁਮਾਰ ਯਾਦਵ ਦੌੜਾਂ ਬਣਾਉਣ ਲਈ ਜੂਝ ਰਹੇ ਹਨ ਤੇ ਟੀਮ ਉਨ੍ਹਾਂ ਨੂੰ ਇੱਥੇ ਫਾਰਮ ਵਿਚ ਪਰਤਦੇ ਹੋਏ ਦੇਖਣਾ ਚਾਹੇਗੀ।
ਭਾਰਤ ਨੇ ਪੁਣੇ ਵਿਚ ਖੇਡੇ ਗਏ ਚੌਥੇ ਮੈਚ ਵਿਚ 15 ਦੌੜਾਂ ਨਾਲ ਜਿੱਤ ਦਰਜ ਕਰਕੇ 5 ਮੈਚਾਂ ਦੀ ਸੀਰੀਜ਼ ਵਿਚ 3-1 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ ਸੀ। ਇਸ ਮੈਚ ਵਿਚ ਹਾਲਾਂਕਿ ਇੰਗਲੈਂਡ ਨੇ ਭਾਰਤ ਦੇ ‘ਕਨਕਸ਼ਨ ਸਬ’ ਨੂੰ ਲੈ ਕੇ ਲਏ ਗਏ ਫੈਸਲੇ ’ਤੇ ਨਾਰਾਜ਼ਗੀ ਜਤਾਈ। ਭਾਰਤੀ ਪਾਰੀ ਦੌਰਾਨ ਆਲਰਾਊਂਡਰ ਸ਼ਿਵਮ ਦੂਬੇ ਦੇ ਸਿਰ ’ਚ ਗੇਂਦ ਲੱਗ ਗਈ ਸੀ ਤੇ ਭਾਰਤ ਨੇ ਉਸਦੇ ‘ਕਨਕਸ਼ਨ ਸਬ’ ਦੇ ਰੂਪ ਵਿਚ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਉਤਾਰਿਆ, ਜਿਸ ਨੇ 33 ਦੌੜਾਂ ਦੇ ਕੇ 3 ਵਿਕਟਾਂ ਲਈਆਂ ਤੇ ਇੰਗਲੈਂਡ ਦੀ ਵਾਪਸੀ ਕਰਨ ਦੀ ਉਮੀਦ ’ਤੇ ਪਾਣੀ ਫੇਰਿਆ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੀ ਵਾਪਸੀ! ਫਿਰ ਵਰ੍ਹਾਉਣਗੇ ਚੌਕੇ-ਛੱਕੇ
ਭਾਰਤ ਦੇ ਫੈਸਲੇ ਨੂੰ ਆਈ. ਸੀ. ਸੀ. ਮੈਚ ਰੈਫਰੀ ਜਵਾਗਲ ਸ਼੍ਰੀਨਾਥ ਦੀ ਮਨਜ਼ੂਰੀ ਹਾਸਲ ਸੀ ਪਰ ਇੰਗਲੈਂਡ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸ ਨੇ ਆਮ ਯੋਗਤਾ ਵਾਲੇ ਖਿਡਾਰੀ ਨੂੰ ਕਿਉਂ ਨਹੀਂ ਉਤਾਰਿਆ ਜਦਕਿ ਰਮਨਦੀਪ ਸਿੰਘ ਟੀਮ ਵਿਚ ਮੌਜੂਦ ਸੀ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਇਸ ’ਤੇ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜਤਾਈ ਪਰ ਹਾਰ ਲਈ ਉਸ ਦੇ ਬੱਲੇਬਾਜ਼ ਵੀ ਜ਼ਿੰਮੇਵਾਰ ਰਹੇ ਜਿਹੜੇ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੇ।
ਭਾਰਤ ਭਾਵੇਂ ਹੀ ਲੜੀ ਆਪਣੇ ਨਾਂ ਕਰ ਚੁੱਕਾ ਹੈ ਪਰ ਸੈਮਸਨ ਤੇ ਸੂਰਯਕੁਮਾਰ ਦੀ ਖਰਾਬ ਫਾਰਮ ਉਸਦੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸੈਮਸਨ ਇਸ ਲੜੀ ਤੋਂ ਪਹਿਲਾਂ ਕੇਰਲ ਵੱਲੋਂ ਵਿਜੇ ਹਜ਼ਾਰੇ ਟਰਾਫੀ ਵਿਚ ਨਹੀਂ ਖੇਡਿਆ ਸੀ ਤੇ ਉਸਦੀ ਖੇਡ ਵਿਚ ਮੈਚ ਅਭਿਆਸ ਦੀ ਕਮੀ ਸਪੱਸ਼ਟ ਨਜ਼ਰ ਆ ਰਹੀ ਹੈ। ਉਹ ਮਾਰਕ ਵੁਡ ਤੇ ਜੋਫ੍ਰਾ ਆਰਚਰ ਦੀਆਂ ਤੇਜ਼ ਤੇ ਉੱਠਦੀਆਂ ਹੋਈਆਂ ਗੇਂਦਾਂ ਦੇ ਸਾਹਮਣੇ ਸੰਘਰਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸੈਮਸਨ ਨੇ ਅਜੇ ਤੱਕ 4 ਮੈਚਾਂ ਵਿਚ ਸਿਰਫ 35 ਦੌੜਾਂ ਬਣਾਈਾਂ ਹਨ ਪਰ ਲੱਗਦਾ ਨਹੀਂ ਹੈ ਕਿ ਭਾਰਤ ਸਲਾਮੀ ਜੋੜੀ ਦੇ ਆਪਣੇ ਸੁਮੇਲ ਵਿਚ ਕਿਸੇ ਤਰ੍ਹਾਂ ਨਾਲ ਬਦਲਾਅ ਕਰੇਗਾ।
ਵਿਸ਼ਵ ਰੈਂਕਿੰਗ ਵਿਚ ਚੌਥੇ ਨੰਬਰ ਦਾ ਬੱਲੇਬਾਜ਼ ਸੂਰਯਕੁਮਾਰ 8 ਮਹੀਨੇ ਪਹਿਲਾਂ ਬੰਗਲਾਦੇਸ਼ ਵਿਰੁੱਧ 75 ਦੌੜਾਂ ਬਣਾਉਣ ਤੋਂ ਬਾਅਦ ਕੋਈ ਚੰਗੀ ਪਾਰੀ ਨਹੀਂ ਖੇਡ ਸਕਿਆ ਹੈ। ਭਾਰਤੀ ਕਪਤਾਨ ਇੰਗਲੈਂਡ ਵਿਰੁੱਧ ਹੁਣ ਤੱਕ 2 ਮੈਚਾਂ ਵਿਚ ਖਾਤਾ ਵੀ ਨਹੀਂ ਖੋਲ੍ਹ ਸਕਿਆ ਹੈ ਜਦਕਿ ਹੋਰਨਾਂ ਦੋ ਮੈਚਾਂ ਵਿਚ ਉਸ ਨੇ 12 ਤੇ 14 ਦੌੜਾਂ ਬਣਾਈਆਂ ਹਨ। ਉਹ ਹੁਣ ਆਪਣੇ ਘਰੇਲੂ ਮੈਦਾਨ ’ਤੇ ਵੱਡੀ ਪਾਰੀ ਖੇਡ ਕੇ ਫਾਰਮ ਵਿਚ ਵਾਪਸੀ ਕਰਨਾ ਚਾਹੇਗਾ।
ਇਹ ਵੀ ਪੜ੍ਹੋ : Cricket ਦਾ ਨਵਾਂ ਨਿਯਮ- 6 ਗੇਂਦਾਂ ਖਾਲੀ ਗਈਆਂ ਤਾਂ ਬੱਲੇਬਾਜ਼ OUT!
ਰਿੰਕੂ ਸਿੰਘ ਨੇ ਹਾਲਾਂਕਿ ਚੌਥੇ ਮੈਚ ਵਿਚ 30 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਫਾਰਮ ਤੇ ਫਿਟਨੈੱਸ ਨੂੰ ਲੈ ਕੇ ਜਤਾਈ ਜਾ ਰਹੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ। ਇਸ ਮੈਚ ਵਿਚ ਆਲਰਾਊਂਡਰ ਹਾਰਦਿਕ ਪੰਡਯਾ ਤੇ ਸ਼ਿਵਮ ਦੂਬੇ ਨੇ ਹਮਲਾਵਰ ਅਰਧ ਸੈਂਕੜੇ ਲਾਏ ਤੇ ਉਹ ਵਾਨਖੇੜੇ ਸਟੇਡੀਅਮ ਦੀ ਬੱਲੇਬਾਜ਼ਾਂ ਲਈ ਮਦਦਗਾਰ ਪਿੱਚ ’ਤੇ ਫਿਰ ਤੋਂ ਆਪਣਾ ਜਲਵਾ ਦਿਖਾਉਣਾ ਚਾਹੇਗਾ। ਸੱਟ ਤੋਂ ਉੱਭਰ ਕੇ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਤੀਜੇ ਮੈਚ ਵਿਚ ਖਿਡਾਇਆ ਗਿਆ ਸੀ ਪਰ ਉਸ ਨੂੰ ਚੌਥੇ ਮੈਚ ਵਿਚੋਂ ਆਰਾਮ ਦਿੱਤਾ ਗਿਆ। ਟੀਮ ਮੈਨੇਜਮੈਂਟ ਉਸ ਨੂੰ ਪੰਜਵੇਂ ਮੈਚ ਵਿਚ ਆਖਰੀ-11 ਵਿਚ ਸ਼ਾਮਲ ਕਰਕੇ ਉਸਦੀ ਫਿਟਨੈੱਸ ਦਾ ਇਕ ਵਾਰ ਫਿਰ ਤੋਂ ਮੁਲਾਂਕਣ ਕਰਨਾ ਚਾਹੇਗੀ।
ਜਿੱਥੋਂ ਤੱਕ ਇੰਗਲੈਂਡ ਦੀ ਗੱਲ ਹੈ ਤਾਂ ਉਸ ਨੇ ਅਜੇ ਤੱਕ ਕਿਸੇ ਵੀ ਵਿਭਾਗ ਵਿਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ ਹੈ। ਹੈਰੀ ਬਰੂਕ ਦਾ ਫਾਰਮ ਵਿਚ ਪਰਤਣਾ ਉਸਦੇ ਲਈ ਹਾਂ-ਪੱਖੀ ਪਹਿਲੂ ਹੈ।
ਟੀਮ ਇਸ ਤਰ੍ਹਾਂ ਹੈ-
ਭਾਰਤ -ਸੂਰਯਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਅਕਸ਼ਰ ਪਟੇਲ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਹੰਮਦ ਸ਼ੰਮੀ, ਧਰੁਵ ਜੁਰੇਲ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੂਬੇ, ਰਮਨਦੀਪ ਸਿੰਘ, ਹਰਸ਼ਿਤ ਰਾਣਾ।
ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ਜੈਮੀ ਸਮਿਥ (ਵਿਕਟਕੀਪਰ), ਆਦਿਲ ਰਾਸ਼ਿਦ, ਬ੍ਰਾਇਡਨ ਕਾਰਸੇ, ਜੈਮੀ ਓਵਰਟਨ, ਗਸ ਐਟਕਿੰਸਨ, ਰੇਹਾਨ ਅਹਿਮਦ, ਜੋਫ੍ਰਾ ਆਰਚਰ, ਮਾਰਕ ਵੁਡ, ਜੈਕਬ ਬੈਥੇਲ, ਸਾਕਿਬ ਮਹਿਮੂਦ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8