ਭਾਰਤ ਨੂੰ ਨਹੀਂ ਮਿਲਿਆ 10ਵਾਂ ਓਲੰਪਿਕ ਕੋਟਾ, ਅਪੂਰਵੀ-ਦੀਪਕ ਨੂੰ ਮਿਕਸਡ ਸੋਨਾ

Tuesday, Sep 03, 2019 - 03:51 AM (IST)

ਭਾਰਤ ਨੂੰ ਨਹੀਂ ਮਿਲਿਆ 10ਵਾਂ ਓਲੰਪਿਕ ਕੋਟਾ, ਅਪੂਰਵੀ-ਦੀਪਕ ਨੂੰ ਮਿਕਸਡ ਸੋਨਾ

ਨਵੀਂ ਦਿੱਲੀ— ਭਾਰਤ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜੇਨੇਰੀਓ ਵਿਚ ਚੱਲ ਰਹੇ ਸਾਲ ਦੇ ਚੌਥੇ ਤੇ ਆਖਰੀ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਰਾਈਫਲ/ਪਿਸਟਲ ਟੂਰਨਾਮੈਂਟ ਵਿਚ ਐਤਵਾਰ 10ਵਾਂ ਓਲੰਪਿਕ ਕੋਟਾ ਨਹੀਂ ਮਿਲ ਸਕਿਆ ਜਦਕਿ ਅਪੂਰਵੀ ਚੰਦੇਲਾ ਤੇ ਦੀਪਕ ਕੁਮਾਰ ਨੇ ਸੋਮਵਾਰ ਨੂੰ ਆਖਰੀ ਦਿਨ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਲਿਆ। 
ਮਹਿਲਾ 10 ਮੀਟਰ ਏਅਰ ਰਾਈਫਲ ਵਿਚ ਵਿਸ਼ਵ ਦੀ ਨੰਬਰ ਇਕ ਨਿਸ਼ਾਨੇਬਾਜ਼ ਅਪੂਰਵੀ ਨੇ ਦੀਪਕ ਦੇ ਨਾਲ ਭਾਰਤ ਨੂੰ ਇਸ ਵਿਸ਼ਵ ਕੱਪ ਦਾ ਚੌਥਾ ਸੋਨ ਤਮਗਾ ਦਿਵਾਇਆ। ਅੰਜੁਮ ਮੌਦਗਿਲ ਤੇ ਦਿਵਿਆਂਸ਼ ਸਿੰਘ ਪੰਵਾਰ ਨੇ ਇਸ ਪ੍ਰਤੀਯੋਗਿਤਾ ਦਾ ਕਾਂਸੀ ਤਮਗਾ ਜਿੱਤਿਆ। ਭਾਰਤ ਇਸ ਤਰ੍ਹਾਂ ਇਸ ਸਾਲ ਚਾਰੇ ਵਿਸ਼ਵ ਕੱਪ ਵਿਚ ਚੋਟੀ ਦੇ ਸਥਾਨ ’ਤੇ ਰਿਹਾ। 
ਅਪੂਰਵੀ ਤੇ ਦੀਪਕ ਨੇ ਇਕਪਾਸੜ ਫਾਈਨਲ ਵਿਚ ਚੀਨੀ ਜੋੜੀ ਯਾਂਗ ਕਿਆਨ ਤੇ ਯੂ ਹਾਓਨਾਨ ਨੂੰ 16-6 ਨਾਲ ਹਰਾਇਆ। ਇਸ ਪ੍ਰਤੀਯੋਗਿਤਾ ਵਿਚ 16 ਅੰਕ ਤਕ ਪਹਿਲਾਂ ਪਹੁੰਚਣ ਵਾਲੀ ਟੀਮ ਜਿੱਤਦੀ ਹੈ ਤੇ ਟੋਕੀਓ ਓਲੰਪਿਕ ਵਿਚ ਇਹੀ ਫਾਰਮੈੱਟ ਇਸਤੇਮਾਲ ਹੋਵੇਗਾ। ਅੰਜੁਮ ਤੇ ਦਿਵਿਆਂਸ਼ ਨੇ ਕਾਂਸੀ  ਤਮਗਾ ਮੁਕਾਬਲੇ ਵਿਚ ਹੰਗਰੀ ਦੀ ਜੋੜੀ ਨੂੰ 16-10 ਨਾਲ ਹਰਾਇਆ। 
ਅਨੀਸ਼ ਭਨਵਾਲਾ, ਆਦਰਸ਼ ਸਿੰਘ ਤੇ ਅਨਹਦ ਦੀ ਯੂਥ ਤਿਕੜੀ ਨੇ ਪੁਰਸ਼ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਉਹ ਚੋਟੀ ਦੇ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੇ। ਅਨੀਸ਼ ਨੇ ਰੈਪਿਡ ਫਾਇਰ ਰਾਊਂਡ ਵਿਚ 286 ਤੇ ਪਿ੍ਰਸਜਿਨ ਰਾਊਂਡ ਵਿਚ 291 ਦਾ ਸਕੋਰ ਕੀਤਾ ਤੇ ਉਹ ਕੁਲ 577 ਦੇ ਸਕੋਰ ਨਾਲ 18ਵੇਂ ਸਥਾਨ ’ਤੇ ਰਿਹਾ। ਆਦਰਸ਼ 576 ਦੇ ਸਕੋਰ ਨਾਲ 25ਵੇਂ ਸਥਾਨ ’ਤੇ ਰਿਹਾ, ਜਦਕਿ ਅਨਹਦ ਨੂੰ 573 ਦੇ ਸਕੋਰ ਨਾਲ 30ਵਾਂ ਸਥਾਨ ਮਿਲਿਆ। ਅਨਹਦ ਨੇ ਰੈਪਿਡ ਵਿਚ 292 ਦਾ ਸਰਵਸ੍ਰੇਸ਼ਠ ਸਕੋਰ ਕੀਤਾ। 
 


author

Gurdeep Singh

Content Editor

Related News