ਭਾਰਤ ਨੇ ਲਗਾਤਾਰ 11ਵੀਂ T20 ਸੀਰੀਜ਼ ਜਿੱਤੀ, ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

Sunday, Jan 25, 2026 - 09:45 PM (IST)

ਭਾਰਤ ਨੇ ਲਗਾਤਾਰ 11ਵੀਂ T20 ਸੀਰੀਜ਼ ਜਿੱਤੀ, ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਐਤਵਾਰ ਨੂੰ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜਾ ਟੀ-20 ਮੈਚ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਸੀਰੀਜ਼ ਵਿੱਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ ਅਤੇ ਇਹ ਭਾਰਤ ਦੀ ਲਗਾਤਾਰ 11ਵੀਂ ਟੀ-20 ਸੀਰੀਜ਼ ਜਿੱਤ ਹੈ।

ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 153 ਦੌੜਾਂ ਬਣਾਈਆਂ ਸਨ। ਭਾਰਤੀ ਬੱਲੇਬਾਜ਼ਾਂ ਨੇ ਇੰਨਾ ਹਮਲਾਵਰ ਰੁਖ਼ ਅਖਤਿਆਰ ਕੀਤਾ ਕਿ ਇਹ ਟੀਚਾ ਮਹਿਜ਼ 10 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਭਾਰਤ ਨੇ ਸਿਰਫ਼ 3.1 ਓਵਰਾਂ ਵਿੱਚ ਹੀ ਟੀਮ ਦੀ ਫਿਫਟੀ (50 ਦੌੜਾਂ) ਪੂਰੀ ਕਰ ਲਈ, ਜੋ ਕਿ ਭਾਰਤੀ ਕ੍ਰਿਕਟ ਇਤਿਹਾਸ ਦੀ ਸਭ ਤੋਂ ਤੇਜ਼ ਟੀਮ ਫਿਫਟੀ ਹੈ। ਇਸ ਤੋਂ ਪਹਿਲਾਂ 2023 ਵਿੱਚ ਬੰਗਲਾਦੇਸ਼ ਖਿਲਾਫ 3.4 ਓਵਰਾਂ ਵਿੱਚ 50 ਦੌੜਾਂ ਬਣਾਈਆਂ ਗਈਆਂ ਸਨ।

ਟੀਮ ਇੰਡੀਆ ਦੀ ਜਿੱਤ ਦੇ ਹੀਰੋ ਓਪਨਰ ਅਭਿਸ਼ੇਕ ਸ਼ਰਮਾ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਰਹੇ। ਅਭਿਸ਼ੇਕ ਸ਼ਰਮਾ ਨੇ 68 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਅਭਿਸ਼ੇਕ ਨੇ ਭਾਰਤ ਲਈ ਦੂਜੀ ਸਭ ਤੋਂ ਤੇਜ਼ ਫਿਫਟੀ ਲਗਾਉਣ ਦਾ ਰਿਕਾਰਡ ਬਣਾਇਆ ਅਤੇ ਨਿਊਜ਼ੀਲੈਂਡ ਵਿਰੁੱਧ ਸਭ ਤੋਂ ਤੇਜ਼ ਫਿਫਟੀ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਸੂਰਿਆਕੁਮਾਰ ਯਾਦਵ ਨੇ 25 ਗੇਂਦਾਂ 'ਤੇ ਫਿਫਟੀ ਜੜਦਿਆਂ ਕੁੱਲ 57 ਦੌੜਾਂ ਬਣਾਈਆਂ। ਹਾਲਾਂਕਿ, ਈਸ਼ਾਨ ਕਿਸ਼ਨ 28 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਸੰਜੂ ਸੈਮਸਨ ਖਾਤਾ ਵੀ ਨਹੀਂ ਖੋਲ੍ਹ ਸਕੇ।

ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਵਿਕਟਾਂ ਝਟਕਾਈਆਂ। ਉਨ੍ਹਾਂ ਦੇ ਨਾਲ ਹੀ ਹਾਰਦਿਕ ਪੰਡਿਆ ਅਤੇ ਰਵੀ ਬਿਸ਼ਨੋਈ ਨੇ 2-2 ਵਿਕਟਾਂ ਲੈ ਕੇ ਕੀਵੀ ਟੀਮ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ। ਭਾਰਤ ਨੇ ਨਿਊਜ਼ੀਲੈਂਡ ਨੂੰ ਲਗਾਤਾਰ ਪੰਜਵੀਂ ਵਾਰ ਟੀ-20 ਸੀਰੀਜ਼ ਵਿੱਚ ਮਾਤ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਨਿਊਜ਼ੀਲੈਂਡ ਦੀ ਟੀਮ ਭਾਰਤ ਵਿੱਚ ਅਜੇ ਤੱਕ ਇੱਕ ਵੀ ਟੀ-20 ਸੀਰੀਜ਼ ਨਹੀਂ ਜਿੱਤ ਸਕੀ। ਜੁਲਾਈ 2023 ਵਿੱਚ ਵੈਸਟਇੰਡੀਜ਼ ਤੋਂ ਹਾਰਨ ਤੋਂ ਬਾਅਦ, ਭਾਰਤ ਪਿਛਲੀਆਂ 15 ਟੀ-20 ਸੀਰੀਜ਼ਾਂ ਤੋਂ ਅਜੇਤੂ ਰਿਹਾ ਹੈ। ਹੁਣ ਸੀਰੀਜ਼ ਦਾ ਚੌਥਾ ਮੁਕਾਬਲਾ 28 ਜਨਵਰੀ ਨੂੰ ਵਿਸ਼ਾਖਾਪੱਟਨਮ ਵਿੱਚ ਖੇਡਿਆ ਜਾਵੇਗਾ।
 


author

Inder Prajapati

Content Editor

Related News