ਮੁਸਕਾਨ ਦੇ ਸੋਨ ਤਮਗੇ ਨਾਲ ਭਾਰਤ ਨੇ ਤਮਗਾ ਸੂਚੀ 'ਚ ਚੀਨ ਨੂੰ ਪਛਾੜਿਆ

03/28/2018 4:47:11 PM

ਸਿਡਨੀ (ਭਾਸ਼ਾ)— ਮੁਸਕਾਨ ਨੇ ਮਹਿਲਾਵਾਂ ਦੀ 25 ਮੀਟਰ ਏਅਰ ਪਿਸਟਲ 'ਚ ਸੋਨ ਤਮਗਾ ਜਿੱਤ ਲਿਆ ਹੈ ਜਿਸ ਨਾਲ ਭਾਰਤ ਨੇ ਆਈ.ਐੱਸ.ਐੱਸ.ਐੱਫ. ਜੂਨੀਅਰ ਵਿਸ਼ਵ ਕੱਪ 'ਚ ਤਮਗਾ ਸੂਚੀ 'ਚ ਚੀਨ ਨੂੰ ਦੂਜੇ ਨੰਬਰ 'ਤੇ ਧੱਕ ਦਿੱਤਾ ਹੈ। ਭਾਰਤ ਦੀ 16 ਸਾਲਾ ਦੀ ਮੁਸਕਾਨ ਨੇ ਚੀਨ ਦੀ ਕਿਨ ਸਿਹਾਂਗ ਅਤੇ ਥਾਈਲੈਂਡ ਦੀ ਕਨਯਾਕੋਰਨ ਨੂੰ ਹਰਾ ਕੇ ਸੋਨ ਤਮਗਾ ਹਾਸਲ ਕੀਤਾ। ਟੀਮ ਵਰਗ 'ਚ ਵੀ ਮੁਸਕਾਨ, ਮਨੂੰ ਭਾਕਰ ਅਤੇ ਦੇਵਯਾਂਸੀ ਰਾਣਾ ਨੂੰ ਸੋਨ ਤਮਗਾ ਮਿਲਿਆ।
 


ਭਾਰਤ ਨੇ 9 ਸੋਨ ਸਮੇਤ 22 ਤਮਗੇ ਜਿੱਤ ਕੇ ਤਮਗਾ ਸੂਚੀ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਭਾਰਤ ਨੂੰ ਪੰਜ ਚਾਂਦੀ ਅਤੇ ਅੱਠ ਕਾਂਸੀ ਤਮਗੇ ਮਿਲੇ ਹਨ। ਜਦਕਿ ਚੀਨ ਨੇ ਅੱਠ ਸੋਨ ਤਮਗੇ ਜਿੱਤੇ। ਮੁਸਕਾਨ ਦਾ ਤਮਗਾ ਭਾਰਤ ਦਾ ਚੌਥਾ ਨਿੱਜੀ ਤਮਗਾ ਹੈ। ਪਿਛਲੇ ਸਾਲ ਉਹ ਇਸ ਚੈਂਪੀਅਨਸ਼ਿਪ 'ਚ ਚੌਥੇ ਸਥਾਨ 'ਤੇ ਰਹੀ ਸੀ। ਉਸ ਨੇ ਛੇਵੇਂ ਦੌਰ 'ਚ ਬੜ੍ਹਤ ਬਣਾ ਕੇ ਪਰਫੈਕਟ ਪੰਜ ਦਾ ਸਕੋਰ ਬਣਾਇਆ। ਮਨੂੰ ਭਾਕਰ ਇਸ ਵਰਗ 'ਚ ਚੌਥੇ ਸਥਾਨ 'ਤੇ ਰਹੀ। ਅਰੁਣਿਮਾ ਗੌਰ ਸਤਵੇਂ ਸਥਾਨ 'ਤੇ ਰਹੀ। ਟੀਮ ਵਰਗ 'ਚ ਭਾਰਤ ਦੀ ਮੁਸਕਾਨ, ਮਨੂੰ ਅਤੇ ਰਾਣਾ ਨੇ ਸੋਨ ਤਮਗਾ ਜਿੱਤਿਆ, ਚਾਂਦੀ ਦਾ ਤਮਗਾ ਵੀ ਗੌਰ, ਮਹਿਮਾ ਅਗਰਵਾਲ ਅਤੇ ਤਨੂੰ ਰਾਵਲ ਨੂੰ ਮਿਲਿਆ। ਥਾਈਲੈਂਡ ਦੀ ਟੀਮ ਨੂੰ ਕਾਂਸੀ ਤਮਗਾ ਮਿਲਿਆ। ਪੁਰਸ਼ਾਂ ਦੇ ਜੂਨੀਅਰ ਸਕੀਟ ਮੁਕਾਬਲੇ 'ਚ ਅਨੰਤਜੀਤ ਸਿੰਘ ਨਰੂਲਾ, ਆਯੁਸ਼ ਰੂਦਰਰਾਜ ਅਤੇ ਗੁਰਨਿਲਾਲ ਸਿੰਘ ਨੇ ਚਾਂਦੀ ਦਾ ਤਮਗਾ ਜਿੱਤਿਆ।


Related News