ਭਾਰਤ ਨੇ ਪਹਿਲੇ ਵਨਡੇ 'ਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ, ਪਟੇਲ ਤੇ ਗਿੱਲ ਰਹੇ ਜਿੱਤ ਦੇ ਹੀਰੋ

Tuesday, Jul 14, 2026 - 11:21 PM (IST)

ਭਾਰਤ ਨੇ ਪਹਿਲੇ ਵਨਡੇ 'ਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ, ਪਟੇਲ ਤੇ ਗਿੱਲ ਰਹੇ ਜਿੱਤ ਦੇ ਹੀਰੋ

ਬਰਮਿੰਘਮ : ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਸ਼ਾਨਦਾਰ ਆਗਾਜ਼ ਕਰਦਿਆਂ ਪਹਿਲੇ ਮੁਕਾਬਲੇ ਵਿੱਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਬਰਮਿੰਘਮ ਦੇ ਐਜਬੈਸਟਨ ਮੈਦਾਨ 'ਤੇ ਖੇਡੇ ਗਏ ਇਸ ਮੈਚ ਵਿੱਚ ਆਲਰਾਊਂਡਰ ਅਕਸ਼ਰ ਪਟੇਲ ਅਤੇ ਕਪਤਾਨ ਸ਼ੁਭਮਨ ਗਿੱਲ ਭਾਰਤ ਦੀ ਜਿੱਤ ਦੇ ਮੁੱਖ ਹੀਰੋ ਰਹੇ।

ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਦੇ ਇਸ ਫੈਸਲੇ ਨੂੰ ਗਲਤ ਸਾਬਤ ਕਰ ਦਿੱਤਾ। ਇੰਗਲੈਂਡ ਦੀ ਪੂਰੀ ਟੀਮ 47.5 ਓਵਰਾਂ ਵਿੱਚ 258 ਦੌੜਾਂ ਬਣਾ ਕੇ ਆਲ-ਆਊਟ ਹੋ ਗਈ। ਇੰਗਲੈਂਡ ਵੱਲੋਂ ਜੋ ਰੂਟ ਨੇ ਸਭ ਤੋਂ ਵੱਧ ਨਾਬਾਦ 76 ਦੌੜਾਂ ਅਤੇ ਲਿਆਮ ਡਾਸਨ ਨੇ 68 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਅਕਸ਼ਰ ਪਟੇਲ ਸਭ ਤੋਂ ਸਫਲ ਰਹੇ, ਜਿਨ੍ਹਾਂ ਨੇ 4 ਅਹਿਮ ਵਿਕਟਾਂ ਝਟਕਾਈਆਂ। ਇਸ ਤੋਂ ਇਲਾਵਾ ਪ੍ਰਸਿੱਧ ਕ੍ਰਿਸ਼ਨਾ ਅਤੇ ਗੁਰਨੂਰ ਬਰਾੜ ਨੇ 2-2 ਵਿਕਟਾਂ, ਜਦਕਿ ਜਸਪ੍ਰੀਤ ਬੁਮਰਾਹ ਅਤੇ ਸ਼ਿਵਮ ਦੁਬੇ ਨੇ 1-1 ਵਿਕਟ ਹਾਸਲ ਕੀਤੀ।

259 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 11 ਦੌੜਾਂ ਅਤੇ ਵਿਰਾਟ ਕੋਹਲੀ ਸਿਰਫ਼ 5 ਦੌੜਾਂ ਬਣਾ ਕੇ ਜਲਦੀ ਪਵੇਲੀਅਨ ਪਰਤ ਗਏ। ਇਸ ਮੁਸ਼ਕਲ ਸਮੇਂ ਵਿੱਚ ਕਪਤਾਨ ਸ਼ੁਭਮਨ ਗਿੱਲ ਨੇ ਮੋਰਚਾ ਸੰਭਾਲਿਆ ਅਤੇ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਹਾਲਾਂਕਿ ਉਹ 'ਰਿਟਾਇਰਡ ਹਰਟ' ਹੋ ਕੇ ਮੈਦਾਨ ਤੋਂ ਬਾਹਰ ਚਲੇ ਗਏ।

ਗਿੱਲ ਦੇ ਜਾਣ ਤੋਂ ਬਾਅਦ ਸ਼੍ਰੇਅਸ ਅਈਅਰ (35) ਵੀ ਰਨ ਆਊਟ ਹੋ ਗਏ ਅਤੇ ਕੇ ਐਲ ਰਾਹੁਲ ਵੀ ਸਿਰਫ਼ 1 ਦੌੜ ਬਣਾ ਸਕੇ, ਜਿਸ ਨਾਲ ਭਾਰਤ ਦਾ ਸਕੋਰ 160/4 ਹੋ ਗਿਆ ਸੀ। ਅਜਿਹੇ ਵਿੱਚ ਅਕਸ਼ਰ ਪਟੇਲ ਅਤੇ ਵਾਸ਼ਿੰਗਟਨ ਸੁੰਦਰ ਨੇ ਸੂਝ-ਬੂਝ ਨਾਲ ਬੱਲੇਬਾਜ਼ੀ ਕੀਤੀ ਅਤੇ ਨਾਬਾਦ ਸਾਂਝੇਦਾਰੀ ਕਰਕੇ ਭਾਰਤ ਨੂੰ ਜਿੱਤ ਦਿਵਾਈ।

ਆਇਰਲੈਂਡ ਅਤੇ ਇੰਗਲੈਂਡ ਦੇ ਖਿਲਾਫ ਟੀ-20 ਸੀਰੀਜ਼ ਵਿੱਚ ਮਿਲੀ ਹਾਰ ਤੋਂ ਬਾਅਦ ਭਾਰਤ ਲਈ ਇਹ ਜਿੱਤ ਬਹੁਤ ਮਹੱਤਵਪੂਰਨ ਹੈ। ਹੁਣ ਸੀਰੀਜ਼ ਦਾ ਦੂਜਾ ਵਨਡੇ ਮੈਚ 16 ਜੁਲਾਈ ਨੂੰ ਕਾਰਡਿਫ ਵਿੱਚ ਖੇਡਿਆ ਜਾਵੇਗਾ।


author

Inder Prajapati

Content Editor

Related News