ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਵਨਡੇ ''ਚ ਆਸਟਰੇਲੀਆ ਨੂੰ 2 ਵਿਕਟਾਂ ਨਾਲ ਹਰਾਇਆ
Sunday, Sep 26, 2021 - 03:07 PM (IST)
ਮੈਕਕੋਏ/ਆਸਟਰੇਲੀਆ (ਭਾਸ਼ਾ)- ਨੌਜਵਾਨ ਯਸਤਿਕਾ ਭਾਟੀਆ ਦੇ ਕਰੀਅਰ ਦੇ ਪਹਿਲੇ ਅਰਧ ਸੈਂਕੜੇ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨਾਲ ਉਸ ਦੀ ਸੈਂਕੜੇ ਦੀ ਭਾਈਵਾਲੀ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਅਤੇ ਆਖਰੀ ਵਨਡੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਆਸਟਰੇਲੀਆ ਨੂੰ 2 ਵਿਕਟਾਂ ਨਾਲ ਹਰਾ ਕੇ ਉਸ ਦੇ ਲਗਾਤਾਰ 26 ਮੈਚਾਂ ਵਿਚ ਜਿੱਤ ਦੇ ਕਰਮ ਨੂੰ ਰੋਕ ਦਿੱਤਾ। ਭਾਰਤੀ ਮਹਿਲਾ ਟੀਮ ਨੇ ਹਾਲਾਂਕਿ ਸੀਰੀਜ਼ 1-2 ਨਾਲ ਗੁਆ ਦਿੱਤੀ ਪਰ ਕਲੀਨਸਵੀਪ ਤੋਂ ਬਚਣ ਵਿਚ ਕਾਮਯਾਬ ਰਹੀ। ਆਸਟਰੇਲੀਆ ਦੇ 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਯਸਤਿਕਾ ਨੇ 69 ਗੇਂਦਾਂ ਵਿਚ 64 ਦੌੜਾਂ ਬਣਾਈਆਂ, ਜਦੋਂ ਕਿ ਸ਼ੇਫਾਲੀ ਨੇ 91 ਗੇਂਦਾਂ ਵਿਚ 56 ਦੌੜਾਂ ਬਣਾਈਆਂ। ਦੋਵਾਂ ਨੇ ਦੂਜੀ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ, ਜਿਸ ਨਾਲ ਭਾਰਤ ਨੇ ਤਿੰਨ ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ 'ਤੇ 266 ਦੌੜਾਂ ਬਣਾ ਕੇ ਜਿੱਤ ਪ੍ਰਾਪਤ ਕੀਤੀ।
ਯਸਤਿਕਾ ਨੇ ਆਪਣੀ ਪਾਰੀ ਵਿਚ 9 ਚੌਕੇ ਮਾਰੇ ਜਦੋਂਕਿ ਸ਼ੇਫਾਲੀ ਨੇ ਗੇਂਦ ਨੂੰ 7 ਵਾਰ ਬਾਊਂਡਰੀ ਦੇ ਦਰਸ਼ਨ ਕਰਾਏ। ਅਖੀਰ ਵਿਚ ਦੀਪਤੀ ਸ਼ਰਮਾ 30 ਗੇਂਦਾਂ ਵਿਚ 31 ਅਤੇ ਸਨੇਹ ਰਾਣਾ 27 ਗੇਂਦਾਂ ਵਿੱਚ 30 ਦੌੜਾਂ ਦੀ ਪਾਰੀ ਖੇਡਣ ਦੇ ਇਲਾਵਾ 7ਵੀਂ ਵਿਕਟ ਲਈ 33 ਦੌੜਾਂ ਜੋੜ ਕੇ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਭਾਰਤ ਨੇ 47ਵੇਂ ਓਵਰ ਵਿਚ ਦੀਪਤੀ ਦੀ ਵਿਕਟ ਗੁਆ ਦਿੱਤੀ ਪਰ ਸਨੇਹ ਨੇ ਇਸੇ ਓਵਰ ਵਿਚ ਤਾਹਲਿਆ ਮੈਕਗ੍ਰਾ 'ਤੇ ਲਗਾਤਾਰ ਤਿੰਨ ਚੌਕੇ ਲਗਾ ਕੇ ਭਾਰਤ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ। ਨਿਕੋਲਾ ਕੈਰੀ ਨੇ 49ਵੇਂ ਓਵਰ ਵਿਚ ਸਨੇਹਾ ਨੂੰ ਆਊਟ ਕੀਤਾ ਪਰ ਤਜ਼ਰਬੇਕਾਰ ਝੂਲਨ ਗੋਸਵਾਮੀ (ਨਾਬਾਦ 08) ਨੇ ਆਖ਼ਰੀ ਓਵਰ ਦੀ ਤੀਜੀ ਗੇਂਦ 'ਤੇ ਸੋਫੀ ਮੋਲੀਨੌ ਖਿਲਾਫ਼ ਚੌਕੇ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ। ਆਸਟਰੇਲੀਆ ਵੱਲੋਂ ਐਨਾਬੇਲ ਸਦਰਲੈਂਡ ਨੇ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਇਕ ਵਾਰ ਫਿਰ ਆਸਟਰੇਲੀਆ ਨੂੰ ਵਾਪਸੀ ਕਰਨ ਦਾ ਮੌਕਾ ਦਿੱਤਾ, ਜਿਸ ਨਾਲ ਮੇਜ਼ਬਾਨ ਟੀਮ ਨੇ 9 ਵਿਕਟਾਂ 'ਤੇ 264 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਆਸਟਰੇਲੀਆ ਦੀ ਟੀਮ ਇਕ ਸਮੇਂ 25ਵੇਂ ਓਵਰ ਵਿਚ 4 ਵਿਕਟਾਂ 'ਤੇ 87 ਦੌੜਾਂ ਦੇ ਸਕੋਰ 'ਤੇ ਸੀ ਪਰ ਐਸ਼ਲੇਹ ਗਾਰਡਨਰ (67) ਅਤੇ ਪਿਛਲੇ ਮੈਚ ਵਿਚ ਸੈਂਕੜਾ ਬਣਾਉਣ ਵਾਲੇ ਬੈਥ ਮੂਨੀ (52) ਵਿਚਾਲੇ 98 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਵਾਪਸੀ ਕਰਨ ਵਿਚ ਸਫ਼ਲ ਰਿਹਾ। ਤਾਹਲਿਆ ਮੈਕਗ੍ਰਾ ਨੇ ਵੀ 32 ਗੇਂਦਾਂ ਵਿਚ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਲਈ ਝੂਲਨ ਨੇ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦੋਂ ਕਿ ਪੂਜਾ ਵਸਤਰਕਾਰ ਨੇ 46 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟੀਮ ਵਿਚ ਵਾਪਸੀ ਕਰਦੇ ਹੋਏ ਰਾਸ਼ੇਲ ਹੇਨਸ (13) ਅਤੇ ਐਲਿਸਾ ਹੀਲੀ (35) ਨੇ ਪਹਿਲੀ ਵਿਕਟ ਲਈ 8.1 ਓਵਰਾਂ ਵਿਚ 41 ਦੌੜਾਂ ਜੋੜ ਕੇ ਟੀਮ ਨੂੰ ਵਧੀਆ ਸ਼ੁਰੂਆਤ ਦਿਵਾਈ। ਦੂਜੇ ਵਨਡੇ ਵਿਚ ਦਿਲ ਤੋੜਨ ਵਾਲੀ ਹਾਰ ਤੋਂ ਬਾਅਦ ਝੂਲਨ ਨੇ ਹੇਨਸ ਨੂੰ ਮਿਡ ਆਫ 'ਤੇ ਕੈਚ ਕਰਵਾਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਚਾਰ ਗੇਂਦਾਂ ਬਾਅਦ ਝੂਲਨ ਨੇ ਕਪਤਾਨ ਮੇਗ ਲੈਨਿੰਗ (00) ਨੂੰ ਵੀ ਵਿਕਟਕੀਪਰ ਰਿਚਾ ਘੋਸ਼ ਦੇ ਹੱਥੋਂ ਕੈਚ ਕਰਵਾਇਆ। ਐਲਿਸਾ ਇਸ ਦੇ ਬਾਅਦ ਰਨ ਆਊਟ ਹੋਈ, ਜਦੋਂਕਿ ਪੂਜਾ ਨੇ ਐਲਿਸ ਪੇਰੀ (26) ਨੂੰ ਆਊਟ ਕਰਕੇ ਆਸਟਰੇਲੀਆ ਨੂੰ ਚੌਥਾ ਝਟਕਾ ਦਿੱਤਾ। ਆਸਟਰੇਲੀਆਈ ਟੀਮ ਹਾਲਾਂਕਿ ਇਸ ਤੋਂ ਬਾਅਦ ਗਾਰਡਨਰ ਅਤੇ ਮੂਨੀ ਦੇ ਬਾਅਦ ਸਾਂਝੇਦਾਰੀ ਦੀ ਬਦੌਲਤ ਵਾਪਸੀ ਕਾਰਨ ਸਫ਼ਲ ਰਹੀ।