ਆਸਟ੍ਰੇਲੀਆ ਤੋਂ 5ਵਾਂ ਟੈਸਟ ਵੀ ਹਾਰਿਆ ਭਾਰਤ, ਲੜੀ ’ਚ ਸੂਪੜਾ ਸਾਫ

Saturday, Apr 13, 2024 - 06:40 PM (IST)

ਆਸਟ੍ਰੇਲੀਆ ਤੋਂ 5ਵਾਂ ਟੈਸਟ ਵੀ ਹਾਰਿਆ ਭਾਰਤ, ਲੜੀ ’ਚ ਸੂਪੜਾ ਸਾਫ

ਪਰਥ, (ਭਾਸ਼ਾ)– ਭਾਰਤੀ ਪੁਰਸ਼ ਹਾਕੀ ਟੀਮ ਨੂੰ 5ਵੇਂ ਤੇ ਆਖਰੀ ਟੈਸਟ ਵਿਚ ਆਸਟ੍ਰੇਲੀਆ ਨੇ 3-2 ਨਾਲ ਹਰਾ ਕੇ 5 ਮੈਚਾਂ ਦੀ ਲੜੀ 5-0 ਨਾਲ ਜਿੱਤ ਲਈ। ਪਿਛਲੇ 4 ਮੈਚਾਂ ਵਿਚ ਭਾਰਤ ਨੂੰ 1-5, 2-4, 1-2, 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੈਰਿਸ ਓਲੰਪਿਕ ਦੀ ਤਿਆਰੀ ਲਈ ਇਹ ਦੌਰਾ ਕਾਫੀ ਮਹੱਤਵਪੂਰਨ ਸੀ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (ਚੌਥੇ ਮਿੰਟ) ਤੇ ਬੌਬੀ ਸਿੰਘ ਧਾਮੀ (53ਵਾਂ ਮਿੰਟ) ਨੇ ਗੋਲ ਕੀਤੇ। ਆਸਟ੍ਰੇਲੀਆ ਲਈ ਜੇਰੇਮੀ ਹੈਵਰਡ (20ਵਾਂ), ਕੇ. ਵਿਲੋਟ (38ਵਾਂ) ਤੇ ਟਿਮ ਬ੍ਰਾਂਡ (39ਵਾਂ ਮਿੰਟ) ਨੇ ਗੋਲ ਕੀਤੇ।

ਭਾਰਤ ਨੇ ਮੈਚ ਵਿਚ ਹਮਲਾਵਰ ਸ਼ੁਰੂਆਤ ਕੀਤੀ। ਜੁਗਰਾਜ ਸਿੰਘ ਨੇ ਆਸਟ੍ਰੇਲੀਆਈ ਹਾਫ ਵਿਚ ਜਰਮਨਪ੍ਰੀਤ ਸਿੰਘ ਨੂੰ ਗੇਂਦ ਸੌਂਪੀ ਪਰ ਉਹ ਉਸ ਨੂੰ ਫੜ ਨਹੀਂ ਸਕਿਆ। ਭਾਰਤ ਨੂੰ ਚੌਥੇ ਮਿੰਟ ਵਿਚ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਕਾਮਯਾਬੀ ਦਿਵਾਈ। ਹਰਮਨਪ੍ਰੀਤ ਦਾ ਇਹ ਲੜੀ ਵਿਚ ਤੀਜਾ ਗੋਲ ਸੀ। ਆਸਟ੍ਰੇਲੀਆ ਨੇ 20ਵੇਂ ਮਿੰਟ ਵਿਚ ਹੈਵਰਡ ਦੇ ਗੋਲ ਦੇ ਦਮ ’ਤੇ ਬਰਾਬਰੀ ਕੀਤੀ। ਭਾਰਤ ਦੇ ਰਿਜ਼ਰਵ ਗੋਲਕੀਪਰ ਸੂਰਜ ਕਰਕੇਰਾ ਨੇ ਨਾਥਨ ਈ ਦੀ ਸ਼ਾਟ ’ਤੇ ਮੁਸਤੈਦੀ ਨਾਲ ਗੋਲ ਬਚਾਇਆ। ਹਾਫ ਟਾਈਮ ਤੋਂ ਬਾਅਦ ਆਸਟ੍ਰੇਲੀਆ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਸੂਰਜ ਕਰਕੇਰਾ ਨੇ ਗੋਲ ਬਚਾਇਆ।

ਭਾਰਤ ਨੂੰ 37ਵੇਂ ਮਿੰਟ ਵਿਚ ਮਿਲੇ ਪੈਨਲਟੀ ਕਾਰਨਰ ’ਤੇ ਹਰਮਨਪ੍ਰੀਤ ਦਾ ਨਿਸ਼ਾਨਾ ਖੁੰਝ ਗਿਆ। ਆਸਟ੍ਰੇਲੀਆ ਨੇ ਇਕ ਮਿੰਟ ਬਾਅਦ ਵਿਲੋਟ ਦੇ ਗੋਲ ਦੇ ਦਮ ’ਤੇ ਬੜ੍ਹਤ ਬਣਾ ਲਈ। ਇਸ ਤੋਂ ਇਕ ਮਿੰਟ ਬਾਅਦ ਬ੍ਰਾਂਡ ਨੇ ਐਡੀ ਓਕੇਂਡੇਨ ਦੇ ਪਾਸ ’ਤੇ ਤੀਜਾ ਗੋਲ ਵੀ ਕਰ ਦਿੱਤਾ। ਭਾਰਤ ਨੂੰ 42ਵੇਂ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ ਪਰ ਅਮਿਤ ਰੋਹਿਦਾਸ ਗੋਲ ਨਹੀਂ ਕਰ ਸਕਿਆ।

ਮੇਜ਼ਬਾਨ ਟੀਮ ਨੂੰ ਮਿਲੇ ਦੋ ਪੈਨਲਟੀ ਕਾਰਨਰ ਨੂੰ ਭਾਰਤੀ ਡਿਫੈਂਸ ਨੇ ਬਚਾਇਆ। ਭਾਰਤ ਲਈ ਦੂਜਾ ਗੋਲ ਧਾਮੀ ਨੇ ਆਖਰੀ ਸੀਟੀ ਵੱਜਣ ਤੋਂ 7 ਮਿੰਟ ਪਹਿਲਾਂ ਰਿਵਰਸ ਹਿੱਟ ’ਤੇ ਗੋਲ ਕੀਤਾ। ਇਹ ਉਸਦਾ ਪਹਿਲਾ ਕੌਮਾਂਤਰੀ ਗੋਲ ਸੀ। ਇਸ ਤੋਂ ਬਾਅਦ ਹਾਲਾਂਕਿ ਆਸਟ੍ਰੇਲੀਅਨ ਡਿਫੈਂਡਰਾਂ ਨੇ ਕੋਈ ਗਲਤੀ ਨਹੀਂ ਕੀਤੀ ਤੇ ਭਾਰਤ ਬਰਾਬਰੀ ਦਾ ਗੋਲ ਨਹੀਂ ਕਰ ਸਕਿਆ।


author

Tarsem Singh

Content Editor

Related News