ਭਾਰਤ-ਏ ਅੰਡਰ-19 ਦੀ ਦੱਖਣੀ ਅਫਰੀਕਾ 'ਤੇ ਵੱਡੀ ਜਿੱਤ
Tuesday, Mar 05, 2019 - 06:54 PM (IST)

ਤਿਰੂਅਨੰਤਪੁਰਮ- ਭਾਰਤ-ਏ ਅੰਡਰ-19 ਨੇ ਚੋਟੀ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਤੇ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚਾਰ ਟੀਮਾਂ ਦੀ ਅੰਡਰ-19 ਲੜੀ ਵਿਚ ਮੰਗਲਵਾਰ ਨੂੰ ਇੱਥੇ ਦੱਖਣੀ ਅਫਰੀਕਾ ਅੰਡਰ-19 ਨੂੰ 157 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਏ ਅੰਡਰ-19 ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਸ਼ਵਤ ਰਾਵਤ (64) ਤੇ ਕਾਮਰਾਨ ਇਕਬਾਲ (60) ਦੇ ਅਰਧ ਸੈਂਕੜਿਆਂ ਅਤੇ ਧਰੁਵ ਜੁਰੇਲ (38) ਦੇ ਉਪਯੋਗੀ ਯੋਗਦਾਨ ਨਾਲ 50 ਓਵਰਾਂ ਵਿਚ 250 ਦੌੜਾਂ ਬਣਾਈਆਂ। ਮਾਰਕ ਜੇਨਸਨ (30 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤੀ ਟੀਮ ਨੇ ਆਖਰੀ 6 ਵਿਕਟਾਂ 47 ਦੌੜਾਂ ਦੇ ਅੰਦਰ ਗੁਆਈਆਂ।
ਦੱਖਣੀ ਅਫਰੀਕਾ ਲਈ ਇਹ ਸਕੋਰ ਵੀ ਪਹਾੜ ਵਰਗਾ ਬਣ ਗਿਆ। ਉਸਦੀ ਟੀਮ 35.4 ਓਵਰਾਂ ਵਿਚ 94 ਦੌੜਾਂ 'ਤੇ ਢੇਰ ਹੋ ਗਈ। ਉਸਦੇ ਸਿਰਫ ਦੋ ਬੱਲੇਬਾਜ਼ ਦੋਹਰੇ ਅੰਕ ਵਿਚ ਪਹੁੰਚੇ, ਜਿਨ੍ਹਾਂ ਵਿਚੋਂ 8ਵੇਂ ਨੰਬਰ ਦੇ ਬੱਲੇਬਾਜ਼ ਜੇਨਸਨ ਨੇ ਸਭ ਤੋਂ ਵੱਧ ਅਜੇਤੂ 33 ਦੌੜਾਂ ਬਣਾਈਆਂ। ਭਾਰਤ ਵਲੋਂ ਆਫ ਸਪਿਨਰ ਰਵੀ ਬਿਸ਼ਨੋਈ ਨੇ 27 ਦੌੜਾਂ ਦੇ ਕੇ 3 ਤੇ ਹਰਸ਼ ਦੂਬੇ ਨੇ 7 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਆਕਾਸ਼ ਸਿੰਘ ਨੇ 12 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਇਸ ਲੜੀ ਵਿਚ ਭਾਰਤ ਬੀ-ਅੰਡਰ ਤੇ ਅਫਗਾਨਿਸਤਾਨ ਅੰਡਰ-19 ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।