ਭਾਰਤ-ਏ ਨੇ ਇੰਗਲੈਂਡ ਲਾਇਨਜ਼ ਨੂੰ ਦਿੱਤੀ ਫਾਲੋਆਨ ਦੀ ਸ਼ਰਮਿੰਦਗੀ

Friday, Feb 15, 2019 - 03:18 AM (IST)

ਭਾਰਤ-ਏ ਨੇ ਇੰਗਲੈਂਡ ਲਾਇਨਜ਼ ਨੂੰ ਦਿੱਤੀ ਫਾਲੋਆਨ ਦੀ ਸ਼ਰਮਿੰਦਗੀ

ਮੈਸੂਰ- ਤੇਜ਼ ਗੇਂਦਬਾਜ਼ ਨਵਦੀਪ ਸੈਣੀ (30 ਦੌੜਾਂ 'ਤੇ 3 ਵਿਕਟਾਂ) ਤੇ ਲੈਫਟ ਆਰਮ ਸਪਿਨਰ ਸ਼ਾਹਬਾਜ਼ ਨਦੀਮ (32 ਦੌੜਾਂ 'ਤੇ 3 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਭਾਰਤ-ਏ ਨੇ ਇੰਗਲੈਂਡ ਲਾਇਨਜ਼  ਨੂੰ ਦੂਜੇ ਗੈਰ-ਅਧਿਕਾਰਤ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਫਾਲੋਆਨ ਦੀ ਸ਼ਰਮਿੰਦਗੀ ਝੱਲਣ ਲਈ ਮਜਬੂਰ ਕਰ ਦਿੱਤਾ। ਇੰਗਲੈਂਡ ਲਾਇਨਜ਼ ਦੀ ਟੀਮ ਆਪਣੀ ਪਹਿਲੀ ਪਾਰੀ ਵਿਚ ਸਿਰਫ 140 ਦੌੜਾਂ 'ਤੇ ਢੇਰ ਹੋ ਗਈ। ਭਾਰਤ-ਏ ਨੇ ਪਹਿਲੀ ਪਾਰੀ ਵਿਚ 392 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਭਾਰਤ-ਏ ਨੂੰ ਪਹਿਲੀ ਪਾਰੀ ਵਿਚ 252 ਦੌੜਾਂ ਦੀ ਬੜ੍ਹਤ ਮਿਲੀ ਤੇ ਉਸ ਨੇ ਮਹਿਮਾਨ ਟੀਮ ਨੂੰ ਫਾਲੋਆਨ ਕਰਵਾ ਦਿੱਤਾ। ਇੰਗਲੈਂਡ ਲਾਇਨਜ਼ ਨੇ ਦਿਨ ਦੀ ਖੇਡ ਖਤਮ ਹੋਣ ਤਕ ਬਿਨਾਂ ਕੋਈ ਵਿਕਟ ਗੁਆਏ 24 ਦੌੜਾਂ ਬਣਾ ਲਈਆਂ ਹਨ ਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਅਜੇ 228 ਦੌੜਾਂ ਦੀ ਲੋੜ ਹੈ।
ਭਾਰਤ-ਏ ਨੇ ਸਵੇਰੇ ਤਿੰਨ ਵਿਕਟਾਂ 'ਤੇ 282 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਪਹਿਲੀ ਪਾਰੀ 392 ਦੌੜਾਂ 'ਤੇ ਖਤਮ ਹੋਈ। ਕਰੁਣ ਨਾਇਰ ਆਪਣੇ ਕੱਲ ਦੇ ਸਕੋਰ (14) ਦੌੜਾਂ 'ਤੇ ਹੀ ਆਊਟ ਹੋ ਗਿਆ। ਸ਼੍ਰੀਕਰ ਭਰਤ ਨੇ 53 ਗੇਂਦਾਂ 'ਤੇ 46 ਦੌੜਾਂ, ਸ਼ਾਹਬਾਜ਼ ਨਦੀਮ ਨੇ 11, ਮਯੰਕ ਮਾਰਕੰਡੇ ਨੇ 11 ਤੇ ਵਰੁਣ ਅਰੁਣ ਨੇ 16 ਦੌੜਾਂ ਬਣਾਈਆਂ। ਇੰਗਲੈਂਡ ਲਾਇਨਜ਼ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ ਤੇ ਪੂਰੀ ਟੀਮ 48.4 ਓਵਰਾਂ ਵਿਚ 140 ਦੌੜਾਂ 'ਤੇ ਢੇਰ ਹੋ ਗਈ।


author

Gurdeep Singh

Content Editor

Related News