ਵਿਸ਼ਵ ਕੱਪ ਲਈ ਤਾਲਮੇਲ ''ਤੇ ਨਹੀਂ ਸਗੋਂ ਸੀਰੀਜ਼ ਜਿੱਤਣ ''ਤੇ ਭਾਰਤ ਦੀਆਂ ਨਜ਼ਰਾਂ
Tuesday, Mar 12, 2019 - 02:21 PM (IST)

ਨਵੀਂ ਦਿੱਲੀ— ਪਿਛਲੇ ਚਾਰ ਮੈਚਾਂ 'ਚ ਵਿਸ਼ਵ ਕੱਪ ਲਈ ਟੀਮ ਦੇ ਤਾਲਮੇਲ ਦੇ ਸਮੀਕਰਨ ਬਣਨ ਦੀ ਬਜਾਏ ਵਿਗੜਨ ਦੇ ਬਾਅਦ ਹੁਣ ਭਾਰਤੀ ਟੀਮ ਆਸਟਰੇਲੀਆ ਖਿਲਾਫ ਬੁੱਧਵਾਰ ਨੂੰ ਹੋਣ ਵਾਲੇ ਪੰਜਵੇਂ ਅਤੇ ਆਖਰੀ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ 'ਚ ਸੀਰੀਜ਼ ਜਿੱਤਣ ਦੇ ਟੀਚੇ ਦੇ ਨਾਲ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਉਤਰੇਗੀ।
ਸੀਰੀਜ਼ ਜਿੱਤਣ ਲਈ ਪੰਜਵਾਂ ਮੈਚ ਫੈਸਲਾਕੁੰਨ
ਭਾਰਤ ਨੇ ਜਦੋਂ ਇਸ ਸੀਰੀਜ਼ 'ਚ ਕਦਮ ਰਖਿਆ ਸੀ ਉਦੋਂ ਮੰਨਿਆ ਜਾ ਰਿਹਾ ਸੀ ਕਿ ਇੰਗਲੈਂਡ ਅਤੇ ਵੇਲਸ 'ਚ 30 ਮਈ ਤੋਂ ਵਿਸ਼ਵ ਕੱਪ ਦੇ ਲਈ ਉਸ ਨੂੰ ਸਿਰਫ ਦੋ ਸਥਾਨ ਤੈਅ ਕਰਨੇ ਹਨ ਪਰ ਪਿਛਲੇ ਚਾਰ ਮੈਚਾਂ 'ਚ ਟੀਮ ਦੇ ਕੁਝ ਕਮਜ਼ੋਰ ਪੱਖ ਉਭਰ ਕੇ ਸਾਹਮਣੇ ਆਏ ਜਿਸ ਨਾਲ ਵਿਸ਼ਵ ਕੱਪ ਲਈ ਟੀਮ ਦੇ ਤਾਲਮੇਲ ਨੂੰ ਲੈ ਕੇ ਥੋੜ੍ਹੀ ਅਸਪੱਸ਼ਟਤਾ ਬਣ ਗਈ ਹੈ ਪਰ ਇਹ ਚੰਗਾ ਹੈ ਕਿ ਸਹੀ ਸਮੇਂ 'ਤੇ ਟੀਮ ਮੈਨੇਜਮੈਂਟ ਨੂੰ ਤਮਾਮ ਪਹਿਲੂਆਂ 'ਤੇ ਮੰਥਨ ਕਰਨ ਦਾ ਮੌਕਾ ਮਿਲੇਗਾ। ਭਾਰਤ ਕੋਲ ਪਹਿਲੇ ਦੋ ਮੈਚ ਜਿੱਤਣ ਦੇ ਬਾਅਦ ਪ੍ਰਯੋਗ ਕਰਨ ਦਾ ਮੌਕਾ ਸੀ ਪਰ ਇਸ ਤੋਂ ਬਾਅਦ ਉਸ ਨੇ ਅਗਲੇ ਦੋਵੇਂ ਮੈਚ ਗੁਆ ਦਿੱਤੇ ਜਿਸ ਨਾਲ ਪੰਜਵਾਂ ਮੈਚ ਫੈਸਲਾਕੁੰਨ ਬਣ ਗਿਆ ਹੈ।
ਭਾਰਤ ਵੱਲੋਂ ਵਨ ਡੇ 'ਚ ਆਪਣੀ ਜਿੱਤ ਦੀ ਲੈਅ ਬਰਕਰਾਰ ਰਖਣ ਦੀ ਚੁਣੌਤੀ
ਵਿਰਾਟ ਕੋਹਲੀ ਅਤੇ ਟੀਮ ਦਾ ਮੁੱਖ ਟੀਚਾ ਸੀਰੀਜ਼ ਜਿੱਤਣਾ ਬਣ ਗਿਆ ਹੈ ਕਿਉਂਕਿ ਟੀਮ ਇੰਡੀਆ ਆਪਣੇ ਪਿਛਲੇ ਤਿੰਨ ਸਾਲਾਂ ਦੇ ਆਪਣੇ ਸ਼ਾਨਦਾਰ ਰਿਕਾਰਡ ਨੂੰ ਬਰਕਰਾਰ ਰਖਣ ਦੀ ਕੋਸ਼ਿਸ ਕਰੇਗੀ। ਭਾਰਤ ਨੇ ਪਿਛਲੇ ਤਿੰਨ ਸਾਲ 'ਚ 13 ਦੋ ਪੱਖੀ ਸੀਰੀਜ਼ ਖੇਡੀਆਂ ਹਨ ਉਨ੍ਹਾਂ 'ਚੋਂ 12 'ਚ ਜਿੱਤ ਦਰਜ ਕੀਤੀ ਹੈ। ਮੋਹਾਲੀ 'ਚ 359 ਦੌੜਾਂ ਦਾ ਵੱਡਾ ਟੀਚਾ ਹਾਸਲ ਕਰਕੇ ਰਿਕਾਰਡ ਬਣਾਉਣ ਵਾਲਾ ਆਸਟਰੇਲੀਆ ਹੁਣ ਪਹਿਲੇ ਦੋ ਮੈਚ ਗੁਆਉਣ ਦੇ ਬਾਅਦ ਪੰਜ ਮੈਚਾਂ ਦੀ ਸੀਰੀਜ਼ ਜਿੱਤਣ ਵਾਲੀ ਸ਼੍ਰੇਣੀ 'ਚ ਸ਼ਾਮਲ ਹੋਣਾ ਚਾਹੇਗਾ। ਰਾਂਚੀ ਅਤੇ ਖਾਸ ਕਰਕੇ ਮੋਹਾਲੀ ਦੀ ਜਿੱਤ ਨਾਲ ਉਸ ਦਾ ਮਨੋਬਲ ਵਧ ਗਿਆ ਹੋਵੇਗਾ ਪਰ ਕੋਟਲਾ ਦੇ ਸਪਿਨਰਾਂ ਦੇ ਲਈ ਢੁਕਵੀਂ ਮੰਨੇ ਜਾਣ ਵਾਲੀ ਪਿੱਚ 'ਤੇ ਉਸ ਦੇ ਬੱਲੇਬਾਜ਼ਾਂ ਦੀ ਸਖਤ ਪ੍ਰੀਖਿਆ ਹੋਵੇਗਾ।
ਰਾਹੁਲ ਨੂੰ ਇਕ ਮੌਕਾ ਹੋਰ ਮਿਲਣ ਦੀ ਸੰਭਾਵਨਾ
ਸੀਰੀਜ਼ ਤੋਂ ਪਹਿਲਾਂ ਲੱਗ ਰਿਹਾ ਸੀ ਕਿ ਭਾਰਤ ਦੀ ਵਿਸ਼ਵ ਕੱਪ ਟੀਮ ਦੇ 13 ਸਥਾਨ ਪੱਕੇ ਹਨ ਪਰ ਅੰਬਾਤੀ ਰਾਇਡੂ ਦੀ ਅਸਫਲਤਾ, ਰਿਸ਼ਭ ਪੰਤ ਦੇ ਵਿਕਟਾਂ ਦੇ ਪਿੱਛੇ ਦੇ ਖਰਾਬ ਪ੍ਰਦਰਸ਼ਨ, ਕੇ.ਐੱਲ. ਰਾਹੁਲ 'ਚ ਨਿਰੰਤਰਤਾ ਦੀ ਕਮੀ ਅਤੇ ਯੁਜਵੇਂਦਰ ਚਾਹਲ ਦੀ ਘੱਟ ਹੁੰਦੀ ਹਮਲਵਾਰ ਸਮਰਥਾ ਨੇ ਟੀਮ ਪ੍ਰਬੰਧਨ ਲਈ ਚਿੰਤਾ ਵਧਾ ਦਿੱਤੀ ਹੈ। ਕੋਹਲੀ ਪਿਛਲੇ ਮੈਚ 'ਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਉਤਰੇ ਸਨ ਪਰ ਫੈਸਲਾਕੁੰਨ ਮੈਚ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਹ ਆਪਣੇ ਘਰੇਲੂ ਮੈਦਾਨ 'ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਉਤਰ ਸਕਦੇ ਹਨ। ਰਾਹੁਲ ਨੂੰ ਇਕ ਹੋਰ ਮੌਕਾ ਮਿਲਣ ਦੀ ਸੰਭਾਵਨਾ ਹੈ ਅਤੇ ਮੈਚ ਦੇ ਹਾਲਾਤ ਦੇ ਹਿਸਾਬ ਨਾਲ ਉਨ੍ਹਾਂ ਦਾ ਬੱਲੇਬਾਜ਼ੀ ਕ੍ਰਮ ਤੈਅ ਕੀਤਾ ਜਾ ਸਕਦਾ ਹੈ।
ਮੌਕੇ ਦਾ ਲਾਹਾ ਲੈਣ ਉਤਰਨਗੇ ਪੰਤ
ਪੰਤ ਪਹਿਲੀ ਵਾਰ ਆਪਣੇ ਘਰੇਲੂ ਮੈਦਾਨ 'ਤੇ ਕੌਮਾਂਤਰੀ ਮੈਚ ਖੇਡਣ ਲਈ ਉਤਰਨਗੇ ਅਤੇ ਇਸ ਨੂੰ ਯਾਦਗਾਰ ਬਣਾ ਕੇ ਪਿਛਲੇ ਮੈਚ 'ਚ ਵਿਕਟਕੀਪਰ ਦੇ ਤੌਰ 'ਤੇ ਕੀਤੀਆਂ ਗ਼ਲਤੀਆਂ ਨੂੰ ਸੁਧਾਰਨਾ ਚਾਹੁਣਗੇ। ਭੁਵਨੇਸ਼ਵਰ ਕੁਮਾਰ ਨੇ ਪਿਛਲੇ ਮੈਚ 'ਚ ਡੈੱਥ ਓਵਰਾਂ 'ਚ ਨਿਰਾਸ਼ ਕੀਤਾ। ਮੁਹੰਮਦ ਸ਼ੰਮੀ ਜੇਕਰ ਫਿੱਟ ਹੁੰਦੇ ਹਨ ਤਾਂ ਟੀਮ ਮੈਨੇਜਮੈਂਟ ਉਨ੍ਹਾਂ ਨੂੰ ਇਸ ਮਹਤੱਵਪੂਰਨ ਮੁਕਾਬਲੇ ਲਈ ਆਖਰੀ ਗਿਆਰਾਂ 'ਚ ਰੱਖ ਸਕਦਾ ਹੈ।
ਸ਼ਿਖਰ ਧਵਨ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ
ਟੀਮ ਪ੍ਰਬੰਧਨ ਹਾਲਾਂਕਿ ਵਿਸ਼ਵ ਕੱਪ ਤੋਂ ਪਹਿਲਾਂ ਇਸ ਆਖਰੀ ਸੀਰੀਜ਼ 'ਚ ਲਗਾਤਾਰ ਨਿਖਰ ਰਹੇ ਵਿਜੇ ਸ਼ੰਕਰ ਨੂੰ ਚੌਥੇ ਨੰਬਰ 'ਤੇ ਆਜ਼ਮਾ ਸਕਦਾ ਹੈ। ਸ਼ਿਖਰ ਧਵਨ ਦਾ ਫਾਰਮ 'ਚ ਪਰਤਨਾ ਭਾਰਤ ਲਈ ਚੰਗੀ ਖਬਰ ਹੈ। ਵੈਸੇ ਧਵਨ ਨੂੰ ਲੈ ਕੇ ਟੀਮ ਪ੍ਰਬੰਧਨ ਪਹਿਲਾਂ ਵੀ ਫਿਕਰਮੰਦ ਨਹੀਂ ਸੀ। ਆਪਣੇ ਘਰੇਲੂ ਮੈਦਾਨ 'ਤੇ ਅਜੇ ਤਕ ਸਿਰਫ ਇਕ ਵਾਰ (ਟੀ-20, ਬਨਾਮ ਨਿਊਜ਼ੀਲੈਂਡ 2017) 'ਚ ਆਪਣੇ ਬੱਲੇ ਦਾ ਕਮਾਲ ਦਿਖਾਉਣ ਵਾਲੇ ਖੱਬੇ ਹੱਥ ਦਾ ਇਹ ਬੱਲੇਬਾਜ਼ ਮੋਹਾਲੀ ਦੀ ਫਾਰਮ ਨੂੰ ਇੱਥੇ ਬਰਕਰਾਰ ਰਖਣਾ ਚਾਹੇਗਾ।
ਸੀਰੀਜ਼ ਦੇ ਫੈਸਲਾਕੁੰਨ ਮੈਚ 'ਚ ਆਸਟਰੇਲੀਆ ਦਾ ਉੱਚਾ ਮਨੋਬਲ
ਆਸਟਰੇਲੀਆਈ ਟੀਮ ਦਾ ਪ੍ਰਦਰਸ਼ਨ ਉਤਰਾਅ-ਚੜ੍ਹਾਅ ਵਾਲਾ ਰਿਹਾ, ਪਰ ਵਿਸ਼ਵ ਕੱਪ ਤੋਂ ਪਹਿਲਾਂ ਉਹ ਬਿਹਤਰ ਟੀਮ ਨਜ਼ਰ ਆਉਣ ਲੱਗੀ ਹੈ। ਚੋਟੀ ਦੇ ਕ੍ਰਮ 'ਚ ਕਪਤਾਨ ਆਰੋਨ ਫਿੰਚ ਅਤੇ ਸ਼ਾਨ ਮਾਰਸ਼ ਦੀ ਅਨਿਯਮਿਤ ਫਾਰਮ ਚਿੰਤਾ ਦਾ ਵਿਸ਼ਾ ਹੋਵੇਗਾ ਪਰ ਮੱਧ ਕ੍ਰਮ 'ਚ ਪੀਟਰ ਹੈਂਡਸਕਾਂਬ, ਗਲੇਨ ਮੈਕਸਵੇਲ ਅਤੇ ਐਸ਼ਟਨ ਟਰਨਰ ਦੀ ਹਾਂ ਪੱਖੀ ਬੱਲੇਬਾਜ਼ੀ ਨਾਲ ਉਨ੍ਹਾਂ ਦਾ ਮਨੋਬਲ ਵਧਿਆ ਹੈ। ਕੋਟਲਾ ਦੇ ਵਿਕਟ 'ਤੇ ਜੇਕਰ ਸਪਿਨਰਾਂ ਨੂੰ ਮਦਦ ਮਿਲਦੀ ਹੈ ਤਾਂ ਲੈਗ ਸਪਿਨਰ ਐਡਮ ਜ਼ਾਂਪਾ ਅਤੇ ਆਫ ਸਪਿਨਰ ਨਾਥਨ ਲਿਓਨ ਦੋਹਾਂ ਨੂੰ ਟੀਮ 'ਚ ਜਗ੍ਹਾ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਹਲਕੀ ਵਰਖਾ ਦੀ ਭਵਿੱਖਬਾਣੀ ਕੀਤੀ ਹੈ। ਜੇਕਰ ਆਸਮਾਨ ਸਾਫ ਰਹਿੰਦਾ ਹੈ ਤਾਂ ਤਰੇਲ ਆਪਣੀ ਭੂਮਿਕਾ ਨਿਭਾ ਸਕਦੀ ਹੈ। ਇਹ ਦੋਵੇਂ ਕਾਰਕ ਟੀਮ ਦੇ ਤਾਲਮੇਲ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਟੀਮਾਂ ਇਸ ਤਰ੍ਹਾਂ ਹਨ :-
ਭਾਰਤ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਅੰਬਾਤੀ ਰਾਇਡੂ, ਕੇਦਾਰ ਜਾਧਵ, ਵਿਜੇ ਸ਼ੰਕਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਰਿਸ਼ਭ ਪੰਤ 'ਚੋਂ।
ਆਸਟਰੇਲੀਆ : ਆਰੋਨ ਫਿੰਚ (ਕਪਤਾਨ), ਉਸਮਾਨ ਖਵਾਜਾ, ਪੀਟਰ ਹੈਂਡਸਕਾਂਬ, ਸ਼ਾਨ ਮਾਰਸ਼, ਗਲੇਨ ਮੈਕਸਵੇਲ, ਮਾਰਕਸ ਸਟੋਇੰਸ, ਐਸ਼ਟਨ ਟਰਨਰ, ਝਾਯ ਰਿਚਰਡਸਨ, ਐਡਮ ਜ਼ਾਂਪਾ, ਐਂਡ੍ਰਿਊ ਟਾਏ, ਪੈਟ ਕਮਿੰਸ, ਨਾਥਨ ਕੂਲਟਰ ਨਾਈਲ, ਐਲੇਕਸ ਕੈਰੀ, ਨਾਥਨ ਲਿਓਨ, ਜੈਸਨ ਬੇਹਰੇਨਡੋਰਫ 'ਚੋਂ।
ਮੈਚ ਦਾ ਸਮਾਂ : ਦੁਪਹਿਰ 1.30 ਵਜੇ ਤੋਂ।